ਨੇਵਾਡਾ ਵਿੱਚ ਜੰਗਲੀ ਅੱਗਾਂ ਨੇ ਕੀਤੀ ਹਵਾ ਦੀ ਗੁਣਵੱਤਾ  ਖਰਾਬ

262
Share

ਫਰਿਜ਼ਨੋ, 26 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਪੱਛਮੀ ਇਲਾਕਿਆਂ ਵਿੱਚ ਜੰਗਲੀ ਅੱਗਾਂ ਵੱਡੇ ਪੱਧਰ ‘ਤੇ ਤਬਾਹੀ ਮਚਾ ਰਹੀਆਂ ਹਨ। ਇਹਨਾਂ ਅੱਗਾਂ ਕਾਰਨ ਹਵਾ ਦੀ ਕੁਆਲਟੀ ਵੀ ਖਰਾਬ ਹੋ ਰਹੀ ਹੈ। ਇਸ ਸੰਕਟ ਦੇ ਚਲਦਿਆਂ ਨੇਵਾਡਾ ਵਿੱਚ ਹਵਾ ਦੀ ਖਰਾਬ ਕੁਆਲਟੀ ਨੂੰ ਦਰਜ ਕੀਤਾ ਜਾ ਰਿਹਾ ਹੈ। ਨੇਵਾਡਾ ਦੀਆਂ ਕਾਉਂਟੀਆਂ ਜਿਹਨਾਂ ਵਿੱਚ ਰੇਨੋ ਵੀ ਸ਼ਾਮਲ ਹੈ ਦੇ ਲਈ
ਮੰਗਲਵਾਰ ਨੂੰ  ਹਵਾ ਦੀ ਖਰਾਬ ਗੁਣਵੱਤਾ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਨੇਵਾਡਾ ਦੀਆਂ ਕਈ ਕਾਉਂਟੀਆਂ ਨੇ ਦੋ ਦਹਾਕਿਆਂ ਵਿੱਚ ਸਭ ਤੋਂ ਮਾੜੇ ਹਵਾ ਗੁਣਵੱਤਾ ਪੱਧਰ ਦੀ ਰਿਪੋਰਟ ਕੀਤੀ ਹੈ। ਨੇਵਾਡਾ ਵਿੱਚ ਵਾਸ਼ੋ ਕਾਉਂਟੀ ਏਅਰ ਕੁਆਲਿਟੀ ਮੈਨੇਜਮੈਂਟ ਡਿਵੀਜ਼ਨ ਦੇ ਅਨੁਸਾਰ, ਵਾਸ਼ੋ ਕਾਉਂਟੀ, ਜਿਸ ਵਿੱਚ ਰੇਨੋ ਸ਼ਾਮਲ ਹੈ, ਨੇ ਮੰਗਲਵਾਰ ਨੂੰ 291 ਏਅਰ ਕੁਆਲਟੀ ਇਨਡੈਕਸ (ਏ ਕਿਯੂ ਆਈ) ਨੂੰ ਦਰਜ ਕੀਤਾ ਅਤੇ ਇਹ ਪੱਧਰ ਖਰਾਬ ਹਵਾ ਪੱਧਰ ਨੂੰ ਦਰਸਾਉਂਦਾ ਹੈ। ਖਰਾਬ ਹਵਾ ਗੁਣਵੱਤਾ ਦੇ ਨਤੀਜੇ ਵਜੋਂ ਮੰਗਲਵਾਰ ਨੂੰ ਕਈ ਨੇਵਾਡਾ ਕਾਉਂਟੀਆਂ ਦੇ ਸਕੂਲ ਅਤੇ ਲੇਕ ਟਾਹੋ ਕਮਿਊਨਿਟੀ ਕਾਲਜ ਬੰਦ ਕੀਤੇ ਗਏ। ਇਸਦੇ ਇਲਾਵਾ ਕਲਾਰਕ ਕਾਉਂਟੀ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਆਪਣੀਆਂ ਖਿੜਕੀਆਂ ਬੰਦ ਕਰਨ ਦੀ ਅਪੀਲ ਕੀਤੀ।  ਪੱਛਮੀ ਕੋਸਟ ਲਈ ਧੂੰਆਂ ਇੱਕ ਲਗਾਤਾਰ ਸਮੱਸਿਆ ਬਣੀ ਹੋਈ ਹੈ ਕਿਉਂਕਿ ਕੈਲੀਫੋਰਨੀਆ ਵਿੱਚ ਕਈ ਜੰਗਲੀ ਅੱਗਾਂ  ਬਲ ਰਹੀਆਂ ਹਨ।  ਕੈਲੀਫੋਰਨੀਆ  ਫੋਰੈਸਟ ਐਂਡ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਕੈਲਡੋਰ ਫਾਇਰ, ਜੋ ਕਿ ਇਸ ਖੇਤਰ ਦੀ ਮਾੜੀ ਹਵਾ ਦੀ ਗੁਣਵੱਤਾ ਦਾ ਕਾਰਨ ਮੰਨੀ ਜਾ ਰਹੀ ਹੈ , ਨੇ 117,704 ਏਕੜ ਨੂੰ ਸਾੜ ਦਿੱਤਾ ਹੈ ਅਤੇ ਇਸ ਅੱਗ ‘ਤੇ ਮੰਗਲਵਾਰ ਤੱਕ ਸਿਰਫ 9% ਹੀ ਕਾਬੂ ਪਾਇਆ ਗਿਆ ਸੀ।

Share