ਨੇਪਾਲ ‘ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਕੋਰੋਨਾ; ਨੇਪਾਲੀ ਪ੍ਰਧਾਨ ਮੰਤਰੀ ਦੇ ਤਿੰਨ ਖਾਸ ਸਲਾਹਕਾਰ ਨਿਕਲੇ ਕੋਰੋਨਾ ਪਾਜ਼ੀਟਿਵ

640
Share

ਕਾਠਮੰਡੂ, 3 ਅਕਤੂਬਰ (ਪੰਜਾਬ ਮੇਲ)- ਨੇਪਾਲੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਕੋਰੋਨਾਵਾਇਰਸ ਦਾ ਡਰ ਸਤਾਉਣ ਲੱਗਿਆ ਹੈ। ਕਿਉਂਕਿ ਉਸ ਦੇ ਤਿੰਨ ਖਾਸ ਸਲਾਹਕਾਰਾਂ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪੀ.ਐੱਮ. ਓਲੀ ਵੀ ਜਲਦ ਹੀ ਆਪਣਾ ਕੋਰੋਨਾ ਟੈਸਟ ਕਰਵਾ ਸਕਦੇ ਹਨ। ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਹਾਲ ਦੇ ਦਿਨਾਂ ‘ਚ ਇਨ੍ਹਾਂ ‘ਚੋਂ ਕਿਸੇ ਦੀ ਵੀ ਪੀ.ਐੱਮ. ਓਲੀ ਨਾਲ ਮੁਲਾਕਾਤ ਹੋਈ ਹੈ ਕਿ ਨਹੀਂ। ਨੇਪਾਲ ‘ਚ ਕੋਰੋਨਾਵਾਇਰਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਹੁਣ ਤੱਕ ਇਸ ਦੇਸ਼ ‘ਚ 84,570 ਲੋਕ ਕੋਰੋਨਾ ਪਾਜ਼ੀਟਿਵ ਆ ਚੁੱਕੇ ਹਨ, ਜਦਕਿ 528 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੇਪਾਲੀ ਮੀਡੀਆ ਮਾਇਰਿਪਬਲਿਕਾ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਆਯੋਜਿਤ ਆਰ.ਟੀ.-ਪੀ.ਸੀ.ਆਰ. ਟੈਸਟ ‘ਚ ਪੀ.ਐੱਮ. ਓਲੀ ਦੇ ਮੁੱਖ ਸਲਾਹਕਾਰ ਬਿਸ਼ਣੁ ਰਿਮਲ, ਪ੍ਰੈੱਸ ਸਲਾਹਕਾਰ ਸੂਰਯ ਥਾਪਾ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਰਾਜਨ ਭੱਟਰਾਈ ਦਾ ਕੋਰੋਨਾ ਵਾਇਰਸ ਟੈਸਟ ਰਿਪੋਰਟ ਪਾਜ਼ੀਟਿਵ ਆਇਆ ਹੈ। ਤਿੰਨ ਸਲਾਹਕਾਰਾਂ ਨੇ ਸੋਸ਼ਲ ਮੀਡੀਆ ‘ਚ ਪੋਸਟ ਲਿਖ ਕੇ ਖੁਦ ਨੂੰ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ।
ਪੀ.ਐੱਮ. ਓਲੀ ਦੇ ਮੁੱਖ ਸਲਾਹਕਾਰ ਬਿਸ਼ਣੁ ਰਿਮਲ ਨੇ ਟਵੀਟ ਕਰ ਕਿਹਾ ਕਿ ਮੇਰਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਉਨ੍ਹਾਂ ਨੇ ਆਪਣੇ ਸੰਪਰਕ ‘ਚ ਆਏ ਲੋਕਾਂ ਨੂੰ ਸਾਵਧਾਨ ਅਤੇ ਜਾਂਚ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਉੱਥੇ ਪ੍ਰੈੱਸ ਸਲਾਹਕਾਰ ਸੂਰਯ ਥਾਪਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਕੱਲ੍ਹ ਆਯੋਜਿਤ ਆਰ.ਟੀ.-ਪੀ.ਸੀ.ਆਰ. ਟੈਸਟ ‘ਚ ਮੇਰੇ ਕੋਰੋਨਾ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਰਾਜਨ ਭੱਟਰਾਈ ਨੇ ਵੀ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ।
ਨੇਪਾਲ ‘ਚ ਰੋਜ਼ਾਨਾ ਲਗਭਗ 2500 ਦੇ ਕਰੀਬ ਕੋਰੋਨਾਵਾਇਰਸ ਦੇ ਮਰੀਜ਼ ਮਿਲ ਰਹੇ ਹਨ। ਸਰਕਾਰੀ ਹਸਪਤਾਲਾਂ ‘ਚ ਖਰਾਬ ਸੁਵਿਧਾਵਾਂ ਅਤੇ ਟੈਸਟ ਦੀ ਹੌਲੀ ਰਫਤਾਰ ਨੇ ਵੀ ਨੇਪਾਲ ‘ਚ ਕੋਰੋਨਾ ਇਨਫੈਕਸ਼ਨ ਦੀ ਸਮੱਸਿਆ ਨੂੰ ਹੋਰ ਖਤਰਨਾਕ ਬਣਾ ਦਿੱਤਾ ਹੈ। ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਫੈਲਣ ਦੇ ਬਾਵਜੂਦ ਨੇਪਾਲ ਨੇ ਆਪਣੇ ਸੈਰ-ਸਪਾਟਾ ਉਦਯੋਗ ਨੂੰ ਬਚਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੈਰ-ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਸੈਰ-ਸਪਾਟਾ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਕਰ ਸਾਰਾ ਕੁਝ ਯੋਜਨਾ ਮੁਤਾਬਕ ਰਿਹਾ ਤਾਂ ਨੇਪਾਲ 17 ਅਕਤੂਬਰ ਨੂੰ ਸੈਰ-ਸਪਾਟੇ ਲਈ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ ਜਦ ਵਪਾਰਕ ਉਡਾਣਾਂ ਅੰਤਰਰਾਸ਼ਟਰੀ ਖੇਤਰ ‘ਚ ਬਹਾਲ ਹੋ ਜਾਵੇਗੀ।


Share