ਨੇਪਾਲੀ ਪ੍ਰਧਾਨ ਮੰਤਰੀ ਵੱਲੋਂ ਵੀ ਨੇਪਾਲ ‘ਚ ਅਯੁੱਧਿਆ ਧਾਮ ਬਣਾਉਣ ਦਾ ਫੈਸਲਾ

544
Share

ਕਾਠਮੰਡੂ, 10 ਅਗਸਤ (ਪੰਜਾਬ ਮੇਲ)- ਭਾਰਤ ਦੇ ਨਾਲ ਰਿਸ਼ਤਿਆਂ ਨੂੰ ਹੱਲ ਕਰਨ ਦੀ ਜਗ੍ਹਾ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਯੁੱਧਿਆ ਮੁੱਦੇ ਨੂੰ ਭੜਕਾਉਣ ਵਿਚ ਲੱਗੇ ਹੋਏ ਹਨ। ਪਿਛਲੇ ਦਿਨੀਂ ਭਾਰਤ ਵਿਚ ਰਾਮ ਮੰਦਰ ਦੀ ਨੀਂਹ ਰੱਖੀ ਗਈ। ਹੁਣ ਨੇਪਾਲ ਦੇ ਪੀ.ਐੱਮ. ਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਵੀ ਇਕ ਰਾਮ ਮੰਦਰ ਹੋਵੇਗਾ। ਓਲੀ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਅਸਲੀ ਅਯੁੱਧਿਆ, ਨੇਪਾਲ ਵਿਚ ਹੈ ਅਤੇ ਭਾਰਤ ਨਕਲੀ ਅਯੁੱਧਿਆ ਦਾ ਨਿਰਮਾਣ ਕਰ ਰਿਹਾ ਹੈ। ਹੁਣ ਓਲੀ ਨੇ ਨੇਪਾਲ ਵਿਚ ‘ਰਾਮ ਜਨਮਭੂਮੀ ਅਯੁੱਧਿਆ ਧਾਮ’ ਦਾ ਨਿਰਮਾਣ ਕਰਨ ਦਾ ਫੈਸਲਾ ਲਿਆ ਹੈ।
ਨੇਪਾਲ ਦੀ ਅਧਿਕਾਰਤ ਸਮਾਚਾਰ ਏਜੰਸੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਓਲੀ ਨੇ ਵਿਸ਼ਾਲ ਸਮਾਰੋਹ ਦੀ ਯੋਜਨਾ ਤਿਆਰ ਕਰ ਲਈ ਹੈ। ਉਨ੍ਹਾਂ ਦੇ ਮਾਸਟਰ ਪਲਾਨ ਦੇ ਤਹਿਤ ਅਯੁੱਧਿਆਪੁਰੀ ‘ਚ ਪ੍ਰੋਗਰਾਮ ਹੋਣਗੇ, ਜਿਸ ਨੂੰ ਭਗਵਾਨ ਰਾਮ ਦੀ ਜਨਮ ਸਥਾਨ ਦੱਸਿਆ ਜਾ ਰਿਹਾ ਹੈ। ਇਸ ਮੌਕੇ ‘ਤੇ ਇੱਥੇ ਭਗਵਾਨ ਸ਼੍ਰੀਰਾਮ, ਲਛਮਣ, ਮਾਤਾ ਸੀਤਾ ਅਤੇ ਹਨੂੰਮਾਨ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨੇਪਾਲ ਵਿਚ ਰਾਮਨੌਮੀ ਮਨਾਈ ਜਾਵੇਗੀ। ਓਲੀ ਨੇ ਬਾਲੂਵਾਟਰ ਸਥਿਤ ਆਪਣੀ ਅਧਿਕਾਰਤ ਰਿਹਾਇਸ਼ ‘ਤੇ ਸ਼ਨੀਵਾਰ ਨੂੰ ਇਸ ਨਾਲ ਜੁੜੇ ਮਹੱਤਵਪੂਰਨ ਨਿਰਦੇਸ਼ ਚਿਤਵਨ ਦੀ ਮੈਡੀ ਨਗਰਪਾਲਿਕਾ ਦੇ ਮੁਖੀ ਅਤੇ ਦੂਜੇ ਪ੍ਰਤੀਨਿਧੀਆਂ ਨੂੰ ਜਾਰੀ ਕੀਤੇ। ਉਹਨਾਂ ਨੇ ਥੋਰੀ ਨੇੜੇ ਸਥਿਤ ਮੈਡੀ ਨਗਰ ਪਾਲਿਕਾ ਦਾ ਨਾਮ ਬਦਲ ਕੇ ਅਯੁੱਧਿਆਪੁਰੀ ਕਰਨ ਦਾ ਵੀ ਆਦੇਸ਼ ਦਿੱਤਾ ਹੈ।
ਓਲੀ ਨੇ ਇਸ ਸਾਲ ਦੁਸ਼ਹਿਰੇ ਦੇ ਮੌਕੇ ਭੂਮੀਪੂਜਾ ਦੀ ਵੀ ਯੋਜਨਾ ਬਣਾਈ ਹੈ। ਇਸ ਦੇ ਨਾਲ ਹੀ ਉੱਥੇ ਅਯੁੱਧਿਆ ਧਾਮ ਦਾ ਨਿਰਮਾਣ ਵੀ ਸ਼ੁਰੂ ਹੋ ਜਾਵੇਗਾ। ਪਿਛਲੇ ਦਿਨੀਂ ਓਲੀ ਨੇ ਦਾਅਵਾ ਕੀਤਾ ਸੀ ਕਿ ਭਗਵਾਨ ਦਾ ਜਨਮ ਨੇਪਾਲ ਦੇ ਅਯੁੱਧਿਆ ਪਿੰਡ ‘ਚ ਹੋਇਆ ਸੀ, ਨਾ ਕਿ ਭਾਰਤ ਵਿਚ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਉਨ੍ਹਾਂ ਦੇ ਇਸ ਬਿਆਨ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਇਕ ਡਿਪਲੋਮੈਟਿਕ ਵਿਵਾਦ ਸ਼ੁਰੂ ਹੋ ਗਿਆ ਸੀ। ਓਲੀ ਨੇ ਭਾਰਤ ‘ਤੇ ਨਕਲੀ ਅਯੁੱਧਿਆ ਦੇ ਨਿਰਮਾਣ ਕਰਨ ਦੇ ਨਾਲ ਹੀ ਨੇਪਾਲ ਦੀ ਸੱਭਿਆਚਾਰਕ ਵਿਰਾਸਤ ‘ਤੇ ਕਬਜ਼ਾ ਕਰਨ ਦਾ ਦੋਸ਼ ਤੱਕ ਲਗਾ ਦਿੱਤਾ ਸੀ। ਉਨ੍ਹਾਂ ਦੇ ਬਿਆਨ ਦੇ ਨਾਲ ਕਾਫੀ ਵਿਵਾਦ ਹੋਇਆ ਸੀ। ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚਲੇ ਜ਼ਿਲ੍ਹੇ ਨੂੰ ਭਗਵਾਨ ਰਾਮ ਦ ਜਨਮ ਸਥਾਨ ਮੰਨਿਆ ਜਾਂਦਾ ਹੈ। ਉੱਥੇ ਨੇਪਾਲ ਦੇ ਜਨਕਪੁਰ ਨੂੰ ਮਾਤਾ ਸੀਤਾ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ।
ਓਲੀ ਦੇ ਅਸਲੀ ਅਯੁੱਧਿਆ ਵਾਲੇ ਦਾਅਵੇ ਦੇ ਬਾਅਦ ਹੁਣ ਪੁਰਾਤੱਤਵ ਵਿਗਿਆਨੀ ਵਿਭਾਗ ਨੇ ਥੋਰੀ ‘ਚ ਖੋਦਾਈ ਕਰਨ ਦੀ ਯੋਜਨਾ ਬਣਾਈ ਹੈ। ਇਹ ਜਗ੍ਹਾ ਨੇਪਾਲ ਦੇ ਦੱਖਣ ਵਿਚ ਹੈ ਅਤੇ ਇਸ ਨੂੰ ਪੀ.ਐੱਮ. ਓਲੀ ਨੇ ਭਗਵਾਨ ਰਾਮ ਦਾ ਅਸਲੀ ਜਨਮ ਸਥਾਨ ਦੱਸਿਆ ਹੈ। ਭਾਵੇਂਕਿ ਕਈ ਨੇਤਾਵਾਂ ਨੇ ਓਲੀ ਦੇ ਬਿਆਨ ਨੂੰ ਗੈਰ ਅਧਿਕਾਰਤ ਅਤੇ ਬਿਨਾਂ ਦਿਮਾਗ ਵਾਲਾ ਕਰਾਰ ਦਿੱਤਾ ਹੈ। ਓਲੀ ਨੇ ਕਿਹਾ ਸੀ ਕਿ ਭਗਵਾਨ ਰਾਮ ਦਾ ਜਨਮ ਬਿਰਗੁੰਜ ਦੇ ਕਰੀਬ ਥੋਰੀ ਵਿਚ ਹੋਇਆ ਸੀ ਅਤੇ ਅਸਲੀ ਅਯੁੱਧਿਆ ਨੇਪਾਲ ਵਿਚ ਹੈ। ਪੁਰਾਤੱਤਵ ਵਿਭਾਗ ਹੁਣ ਵੱਖ-ਵੱਖ ਮੰਤਰਾਲਿਆਂ ਦੇ ਨਾਲ ਥੋਰੀ ਵਿਚ ਅਸਲੀ ਅਯੁੱਧਿਆ ਦਾ ਪਤਾ ਲਗਾਉਣ ਲਈ ਖੋਦਾਈ ਕਰਨ ਬਾਰੇ ਸੋਚ ਰਿਹਾ ਹੈ।


Share