ਨੂਰਮਹਿਲ ਲਾਗੇ ਪੁਲਿਸ ਮੁਕਾਬਲੇ ਦੌਰਾਨ ਕਪੂਰਥਲਾ ਦਾ ਗੈਂਗਸਟਰ ਹਲਾਕ

718

ਮਾਹਿਲਪੁਰ, 9 ਮਾਰਚ (ਪੰਜਾਬ ਮੇਲ)- ਪੁਲਿਸ ਨਾਲ ਇੱਕ ਮੁਕਾਬਲੇ ‘ਚ ਇੱਕ ਗੈਂਗਸਟਰ ਵਰਿੰਦਰ ਸਿੰਘ ਮਾਰਿਆ ਗਿਆ ਹੈ। ਇਹ ਵਾਰਦਾਤ ਐਤਵਾਰ ਦੇਰ ਰਾਤੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ‘ਚ ਵਾਪਰੀ।
ਪ੍ਰਾਪਤ ਜਾਣਕਾਰੀ ਮੁਤਾਬਕ ਕਪੂਰਥਲਾ ਦਾ ਗੈਂਸਟਰ ਵਰਿੰਦਰ ਸਿੰਘ ਹੁਸ਼ਿਆਰਪੁਰ ਪੁਲਿਸ ਦੇ ਘੇਰੇ ‘ਚ ਆ ਗਿਆ ਤੇ ਉੱਥੇ ਮੁਕਾਬਲੇ ਦੌਰਾਨ ਮਾਰਿਆ ਗਿਆ।
ਪੁਲਿਸ ਮੁਤਾਬਕ ਵਰਿੰਦਰ ਸਿੰਘ ਦੇ ਇੱਕ ਸਾਥੀ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਸ ਵੇਲੇ ਗੈਂਗਸਟਰਾਂ ਦੇ ਗਿਰੋਹ ਦਾ ਲੀਡਰ ਮਨਦੀਪ ਸਿੰਘ ਮੰਨਾ ਵੀ ਉਨ੍ਹਾਂ ਦੋਵਾਂ ਦੇ ਨਾਲ ਸੀ ਪਰ ਉਹ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ। ਪਰ ਪੁਲਿਸ ਅਨੁਸਾਰ ਉਸ ਦੀ ਟੰਗ ਉੱਤੇ ਗੋਲੀ ਲੱਗੀ ਹੋਈ ਹੈ।
ਮਨਦੀਪ ਸਿੰਘ ਮੰਨਾ ਨੂਰਮਹਿਲ ਦਾ ਰਹਿਣ ਵਾਲਾ ਹੈ। ਇਨ੍ਹਾਂ ਤਿੰਨੇ ਗੈਂਗਸਟਰਾਂ ਵਿਰੁੱਧ ਕਤਲ ਦੇ ਕਈ ਮੁਕੱਦਮੇ ਦਰਜ ਹਨ।
ਇਹ ਵੀ ਪਤਾ ਲੱਗਾ ਹੈ ਕਿ ਵਰਿੰਦਰ ਸਿੰਘ ਪੁਲਿਸ ਨੂੰ ਲੋੜੀਂਦਾ ਸੀ ਅਤੇ ਉਹ ‘ਨਾਡੋਕੀ ਦਾ ਸ਼ੂਟਰ’ ਵਜੋਂ ਜਾਣਿਆ ਜਾਂਦਾ ਸੀ। ਨਾਡੋਕੀ ਦਰਅਸਲ ਕਪੂਰਥਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ।
ਐੱਸਐੱਸਪੀ ਗੌਰਵ ਗਰਗ ਨੇ ਦੱਸਿਆ ਕਿ ਇਸ ਇਲਾਕੇ ‘ਚ ਕੁਝ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ ਮਿਲੀਆਂ ਸਨ; ਜਿਸ ਕਾਰਨ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾਈ ਹੋਈ ਸੀ। ਜਿਵੇਂ ਹੀ ਇਨ੍ਹਾਂ ਗੈਂਗਸਟਰਾਂ ਦੇ ਇਸ ਇਲਾਕੇ ‘ਚ ਮੌਜੂਦ ਹੋਣ ਦੀ ਸੂਹ ਮਿਲੀ, ਤਿਵੇਂ ਹੀ ਉਸ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਗਿਆ।