ਨੂਪੁਰ ਸ਼ਰਮਾ ਦੀ ‘ਬੇਲਗਾਮ ਜ਼ੁਬਾਨ’ ਨੇ ਦੇਸ਼ ਨੂੰ ਅੱਗ ’ਚ ਧੱਕਿਆ : ਸੁਪਰੀਮ ਕੋਰਟ

94
Share

ਕਿਹਾ: ਨੂਪੁਰ ਸ਼ਰਮਾ ਪੂਰੇ ਦੇਸ਼ ਤੋਂ ਮੁਆਫ਼ੀ ਮੰਗੇ
-ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀਆਂ ਲਈ ਮੁਅੱਤਲ ਭਾਜਪਾ ਤਰਜਮਾਨ ਦੀ ਝਾੜ-ਝੰਬ
– ਵੱਖ-ਵੱਖ ਰਾਜਾਂ ’ਚ ਦਰਜ ਕੇਸਾਂ ਨੂੰ ਇਕੱਠਿਆਂ ਕਰਨ ਸਬੰਧੀ ਪਟੀਸ਼ਨ ’ਤੇ ਸੁਣਵਾਈ ਤੋਂ ਨਾਂਹ
– ਪਟੀਸ਼ਨ ਵਾਪਸ ਲੈਣ ਦੀ ਖੁੱਲ੍ਹ ਦਿੱਤੀ
ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀਆਂ ਕਰਨ ਵਾਲੀ ਮੁਅੱਤਲਸ਼ੁਦਾ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਝਾੜ-ਝੰਬ ਕਰਦਿਆਂ ਕਿਹਾ ਕਿ ਉਸ ਦੀ ‘ਬੇਲਗਾਮ ਜ਼ੁਬਾਨ’ ਨੇ ‘ਪੂਰੇ ਦੇਸ਼ ਨੂੰ ਅੱਗ ਵਿਚ ਧੱਕ ਦਿੱਤਾ ਹੈ।’ ਸੁਪਰੀਮ ਕੋਰਟ ਨੇ ਕਿਹਾ ਕਿ ‘ਦੇਸ਼ ਵਿਚ ਜੋ ਕੁਝ ਹੋ ਰਿਹੈ, ਉਸ ਲਈ ਸਿਰਫ਼ ਤੇ ਸਿਰਫ਼ ਉਹੀ ਜ਼ਿੰਮੇਵਾਰ ਹੈ।’ ਸੁਪਰੀਮ ਕੋਰਟ ਨੇ ਇਨ੍ਹਾਂ ਵਿਵਾਦਿਤ ਟਿੱਪਣੀਆਂ ਲਈ ਉਸ ਖਿਲਾਫ਼ ਵੱਖ-ਵੱਖ ਰਾਜਾਂ ਵਿਚ ਦਰਜ ਐੱਫ.ਆਈ.ਆਰ’ਜ਼ ਨੂੰ ਇਕੱਠਿਆਂ ਕਰਨ ਦੀ ਸ਼ਰਮਾ ਦੀ ਅਰਜ਼ੀ ’ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ। ਬੈਂਚ ਨੇ ਹਾਲਾਂਕਿ ਸ਼ਰਮਾ ਨੂੰ ਪਟੀਸ਼ਨ ਵਾਪਸ ਲੈਣ ਦੀ ਖੁੱਲ੍ਹ ਦੇ ਦਿੱਤੀ। ਬੈਂਚ ਨੇ ਕਿਹਾ ਕਿ ਨੂਪੁਰ ਵੱਲੋਂ ਕੀਤੀਆਂ ਟਿੱਪਣੀਆਂ ਸਸਤੀ ਸ਼ੌਹਰਤ, ਸਿਆਸੀ ਏਜੰਡੇ ਜਾਂ ਫਿਰ ਨਾਪਾਕ ਸਰਗਰਮੀਆਂ ਲਈ ਕੀਤੀਆਂ ਹੋ ਸਕਦੀਆਂ ਹਨ। ਬੈਂਚ ਨੇ ਕਿਹਾ ਕਿ ਨੂਪੁਰ ਸ਼ਰਮਾ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ.ਬੀ. ਪਾਰਦੀਵਾਲਾ ਦੇ ਬੈਂਚ ਨੇ ਕਿਹਾ, ‘‘ਅਸਲ ਵਿਚ ਉਸ (ਨੂਪੁਰ ਸ਼ਰਮਾ) ਦੀ ਜ਼ੁਬਾਨ ਬੇਲਗਾਮ ਹੈ ਤੇ ਉਸ ਨੇ ਟੈਲੀਵਿਜ਼ਨ ’ਤੇ ਹਰ ਤਰ੍ਹਾਂ ਦੇ ਗੈਰਜ਼ਿੰਮੇਵਾਰਾਨਾ ਬਿਆਨ ਦਿੱਤੇ ਹਨ ਤੇ ਪੂਰੇ ਦੇਸ਼ ਨੂੰ ਅੱਗ ਵਿਚ ਝੋਕ ਦਿੱਤਾ ਹੈ। ਇਸ ਦੇ ਬਾਵਜੂਦ ਉਹ ਦਾਅਵਾ ਕਰਦੀ ਹੈ ਕਿ ਉਹ ਪਿਛਲੇ ਦਸ ਸਾਲਾਂ ਤੋਂ ਵਕੀਲ ਹੈ…ਉਸ ਨੂੰ ਆਪਣੀਆਂ ਵਿਵਾਦਿਤ ਟਿੱਪਣੀਆਂ ਬਾਰੇ ਫੌਰੀ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’’ ਸ਼ਰਮਾ ਵੱਲੋਂ ਇਕ ਟੀ.ਵੀ. ਬਹਿਸ ਦੌਰਾਨ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਰਕੇ ਨਾ ਸਿਰਫ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਕ ਪ੍ਰਦਰਸ਼ਨ ਹੋਏ, ਬਲਕਿ ਕਈ ਖਾੜੀ ਮੁਲਕਾਂ ਨੇ ਵੀ ਇਨ੍ਹਾਂ ਟਿੱਪਣੀਆਂ ਲਈ ਭਾਰਤ ਦੀ ਤਿੱਖੀ ਨੁਕਤਾਚੀਨੀ ਕੀਤੀ। ਇਸ ਮਗਰੋਂ ਭਾਜਪਾ ਨੇ ਸ਼ਰਮਾ ਨੂੰ ਪਾਰਟੀ ’ਚੋਂ ਹੀ ਮੁਅੱਤਲ ਕਰ ਦਿੱਤਾ।
ਬੈਂਚ ਨੇ ਕਿਹਾ, ‘‘ਟਿੱਪਣੀਆਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਤੇ ਇਸ ਵਿਚੋਂ ਹੰਕਾਰ ਝਲਕਦਾ ਹੈ। ਅਜਿਹੀਆਂ ਟਿੱਪਣੀਆਂ ਕਰਨ ਦੀ ਕੀ ਤੁਕ ਹੈ? ਇਨ੍ਹਾਂ ਟਿੱਪਣੀਆਂ ਕਰਕੇ ਦੇਸ਼ ਵਿਚ ਕਈ ਮੰਦਭਾਗੀਆਂ ਘਟਨਾਵਾਂ ਵਾਪਰੀਆਂ… ਇਹ ਲੋਕ ਧਾਰਮਿਕ ਨਹੀਂ ਹਨ। ਉਹ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਨਹੀਂ ਜਾਣਦੇ। ਇਹ ਟਿੱਪਣੀਆਂ ਸਸਤੀ ਸ਼ੌਹਰਤ ਹਾਸਲ ਕਰਨ ਜਾਂ ਸਿਆਸੀ ਏਜੰਡੇ ਲਈ ਜਾਂ ਫਿਰ ਨਾਪਾਕ ਇਰਾਦਿਆਂ ਨਾਲ ਕੀਤੀਆਂ ਹੋ ਸਕਦੀਆਂ ਹਨ।’’ ਬੈਂਚ ਨੇ ਵੱਖ-ਵੱਖ ਰਾਜਾਂ ਵਿਚ ਦਰਜ ਕੇਸਾਂ ਨੂੰ ਇਕੱਠਿਆਂ ਕਰਨ ਨਾਲ ਜੁੜੀ ਸ਼ਰਮਾ ਦੀ ਅਪੀਲ ’ਤੇ ਸੁਣਵਾਈ ਤੋਂ ਨਾਂਹ ਕਰਦਿਆਂ ਪਟੀਸ਼ਨ ਵਾਪਸ ਲੈਣ ਦੀ ਖੁੱਲ੍ਹ ਦੇ ਦਿੱਤੀ। ਸ਼ਰਮਾ ਵੱਲੋਂ ਪੇਸ਼ ਵਕੀਲ ਮਨਿੰਦਰ ਸਿੰਘ ਨੇ ਜਦੋਂ ਅਦਾਲਤ ਨੂੰ ਦੱਸਿਆ ਕਿ ਉਸ ਦੀ ਮੁਵੱਕਿਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਤਾਂ ਬੈਂਚ ਨੇ ਕਿਹਾ, ‘‘ਉਸ ਨੂੰ ਖ਼ਤਰਾ ਦਰਪੇਸ਼ ਹੈ ਜਾਂ ਫਿਰ ਉਹ ਖੁਦ ਸੁਰੱਖਿਆ ਲਈ ਵੰਗਾਰ ਬਣ ਗਈ ਹੈ? ਜਿਸ ਤਰ੍ਹਾਂ ਉਸ ਨੇ ਦੇਸ਼ ਭਰ ਵਿਚ ਭਾਵਨਾਵਾਂ ਨੂੰ ਤੀਲ ਲਾਈ ਹੈ…ਦੇਸ਼ ਵਿਚ ਜੋ ਕੁਝ ਹੋ ਰਿਹੈ, ਉਸ ਲਈ ਸਿਰਫ਼ ਤੇ ਸਿਰਫ਼ ਇਹੀ ਮਹਿਲਾ ਜ਼ਿੰਮੇਵਾਰ ਹੈ।’’ ਬੈਂਚ ਨੇ ਕਿਹਾ, ‘‘ਜਿਸ ਤਰੀਕੇ ਨਾਲ ਉਸ ਨੇ ਭਾਵਨਾਵਾਂ ਨੂੰ ਭੜਕਾਇਆ, ਪੂਰੇ ਦੇਸ਼ ਵਿਚ ਮੰਦਭਾਗੀ ਘਟਨਾਵਾਂ ਵਾਪਰੀਆਂ। ਦੇਸ਼ ਵਿਚ ਜੋ ਕੁਝ ਹੋ ਰਿਹੈ, ਉਸ ਲਈ ਇਹ ਇਕੱਲੀ ਹੀ ਜ਼ਿੰਮੇਵਾਰ ਹੈ। ਅਸੀਂ ਟੀ.ਵੀ. ਡਿਬੇਟ ਵੇਖੀ ਹੈ।’’
ਕੇਂਦਰ ਦੀ ਐੱਨ.ਡੀ.ਏ. ਸਰਕਾਰ ਨੇ ਗੁੱਸੇ ਤੇ ਨਫ਼ਰਤ ਦਾ ਮਾਹੌਲ ਸਿਰਜਿਆ: ਰਾਹੁਲ
ਵਾਇਨਾਡ (ਕੇਰਲਾ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੇਸ਼ ਵਿਚ ‘ਗੁੱਸੇ ਤੇ ਨਫ਼ਰਤ ਦਾ ਮਹੌਲ’ ਸਿਰਜਣ ਦਾ ਦੋੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਅਤੇ ਇਥੋਂ ਦੇ ਲੋਕਾਂ ਦੇ ਹਿੱਤਾਂ ਖਿਲਾਫ਼ ਹੈ। ਗਾਂਧੀ ਨੇ ਕਿਹਾ ਕਿ ਸਿਖਰਲੀ ਅਦਾਲਤ ਨੇ ਜੋ ਕੁਝ ਕਿਹਾ ਹੈ, ਉਹ ਸਭ ਸੱਚ ਹੈ, ਪਰ ਦੇਸ਼ ਵਿਚ ਜੋ ਅੱਜ ਮਾਹੌਲ ਬਣਿਆ ਹੈ, ਉਹ ਟਿੱਪਣੀਆਂ ਕਰਨ ਵਾਲੇ ਵਿਅਕਤੀ ਨੇ ਨਹੀਂ ਸਿਰਜਿਆ। ਉਨ੍ਹਾਂ ਕਿਹਾ ਕਿ ਇਹ ਮਹੌਲ ਕੇਂਦਰ ਦੀ ਐੱਨ.ਡੀ.ਏ. ਸਰਕਾਰ ਨੇ ਸਿਰਜਿਆ ਹੈ। ਇਥੇ ਕਾਲਪੇਟਾ ਵਿਚ ਆਪਣੇ ਦਫ਼ਤਰ, ਜਿਸ ਦੀ ਐੱਸ.ਐੈੱਫ.ਆਈ. ਕਾਰਕੁਨਾਂ ਨੇ ਪਿਛਲੇ ਹਫ਼ਤੇ ਭੰਨਤੋੜ ਕੀਤੀ ਸੀ, ਦੀ ਫੇਰੀ ਮੌਕੇ ਕਿਹਾ, ‘‘ਇਹ ਮਹੌਲ ਸਿਰਜਣ ਵਾਲੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਭਾਜਪਾ ਤੇ ਆਰ.ਐੱਸ.ਐੱਸ. ਹਨ। ਦੇਸ਼ ਵਿਚ ਗੁੱਸੇ ਤੇ ਨਫ਼ਰਤ ਦਾ ਮਹੌਲ ਸਿਰਜਣਾ ਦੇਸ਼ ਵਿਰੋਧੀ ਕਾਰਵਾਈ ਹੈ।’’
ਭਾਜਪਾ ਨੂੰ ਸ਼ਰਮ ਨਾਲ ਸਿਰ ਝੁਕਾ ਲੈਣਾ ਚਾਹੀਦੈ: ਕਾਂਗਰਸ
ਨਵੀਂ ਦਿੱਲੀ : ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀਆਂ ਲਈ ਮੁਅੱਤਲ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਸੁਪਰੀਮ ਕੋਰਟ ਵੱਲੋਂ ਕੀਤੀ ਝਾੜਝੰਬ ਮਗਰੋਂ ਕਾਂਗਰਸ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਿਖਰਲੀ ਅਦਾਲਤ ਨੇ ਪਾਰਟੀ (ਕਾਂਗਰਸ) ਦੇ ‘ਉਜਾੜੂ ਤੇ ਵੰਡੀਆਂ ਪਾਉਣ ਵਾਲੀਆਂ ਵਿਚਾਰਧਾਰਾਵਾਂ’ ਖਿਲਾਫ਼ ਲੜਨ ਦੇ ਦਿ੍ਰੜ੍ਹ ਸੰਕਲਪ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਅਹਿਮ ਤੇ ਦੂਰਗਾਮੀ ਟਿੱਪਣੀਆਂ ਕੀਤੀਆਂ ਹਨ। ਰਮੇਸ਼ ਨੇ ਕਿਹਾ, ‘‘ਕੋਰਟ ਵੱਲੋਂ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਦੇਸ਼ ਭਰ ਵਿਚ ਭਾਵਨਾਵਾਂ ਭੜਕਾਉਣ ਲਈ ਸਿਰਫ਼ ਤੇ ਸਿਰਫ਼ ਭਾਜਪਾ ਤਰਜਮਾਨ ਜ਼ਿੰਮੇਵਾਰ ਹੈ ਤੇ ਉਸ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’’ ਕਾਂਗਰਸ ਆਗੂ ਨੇ ਕਿਹਾ, ‘‘ਸੁਪਰੀਮ ਕੋਰਟ ਵੱਲੋਂ ਕੀਤੀਆਂ ਇਨ੍ਹਾਂ ਟਿੱਪਣੀਆਂ, ਜੋ ਪੂਰੇ ਦੇਸ਼ ਦੀ ਤਰਜਮਾਨੀ ਕਰਦੀਆਂ ਹਨ, ਨੇ ਸੱਤਾ ਵਿਚ ਬੈਠੀ ਪਾਰਟੀ ਦਾ ਸਿਰ ਸ਼ਰਮ ਨਾਲ ਝੁਕਾ ਛੱਡਿਆ ਹੈ।’’ ਰਮੇਸ਼ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਸ਼ੀਸ਼ਾ ਵਿਖਾਇਆ ਹੈ ਤੇ ਇਸ ਦੀਆਂ ਕਾਰਵਾਈਆਂ ਨੂੰ ‘ਬਦਸੂਰਤ ਬੁਨਿਆਦ’ ਕਿਹਾ ਹੈ। ਕਾਂਗਰਸ ਆਗੂ ਨੇ ਕਿਹਾ, ‘‘ਇਹ ਗੱਲ ਹੁਣ ਕਿਸੇ ਤੋਂ ਲੁਕੀ ਨਹੀਂ ਕਿ ਭਾਜਪਾ ਫ਼ਿਰਕੂ ਜਨੂੰਨ ਨੂੰ ਹਵਾ ਦੇ ਕੇ ਲਾਹਾ ਲੈਣ ਦੀ ਤਾਕ ਵਿਚ ਰਹਿੰਦੀ ਹੈ। ਸੁਪਰੀਮ ਕੋਰਟ ਨੇ ‘ਉਜਾੜੂ ਵੰਡੀਆਂ ਪਾਉਣ ਵਾਲੀ ਵਿਚਾਰਧਾਰਾਵਾਂ’ ਨਾਲ ਲੜਨ ਦੇ ਸਾਡੇ ਹਰੇਕ ਦੇ ਦਿੜ੍ਹ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਹੈ।’’

Share