ਨੀਰਾ ਰਾਡੀਆ ਤੇ ਚਾਰ ਹੋਰਾਂ ਖ਼ਿਲਾਫ਼ 300 ਕਰੋੜ ਦੇ ਬੈਂਕ ਕਰਜ਼ੇ ‘ਚ ਕਥਿਤ ਗਬਨ ਦੇ ਦੋਸ਼ ਹੇਠ ਕੇਸ ਦਰਜ

472
Share

ਨਵੀਂ ਦਿੱਲੀ, 7 ਨਵੰਬਰ (ਪੰਜਾਬ ਮੇਲ)- ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖ਼ਾ ਨੇ ਨਯਾਤੀ ਹੈਲਥਕੇਅਰ ਦੀ ਨੀਰਾ ਰਾਡੀਆ ਅਤੇ ਚਾਰ ਹੋਰਾਂ ਖ਼ਿਲਾਫ਼ 300 ਕਰੋੜ ਰੁਪਏ ਦੇ ਬੈਂਕ ਕਰਜ਼ੇ ‘ਚ ਕਥਿਤ ਗਬਨ ਦੇ ਦੋਸ਼ ਹੇਠ ਐੱਫ.ਆਈ.ਆਰ. ਦਰਜ ਕੀਤੀ ਹੈ। ਇਸ ਸਬੰਧੀ ਸ਼ਿਕਾਇਤ ਹੱਡੀਆਂ ਦੇ ਸਰਜਨ ਡਾ. ਰਾਜੀਵ ਸ਼ਰਮਾ ਵਲੋਂ ਕੀਤੀ ਗਈ ਹੈ, ਜਿਸ ਤੋਂ ਮੁਲਜ਼ਮਾਂ ਨੇ ਦੋ ਹਸਪਤਾਲਾਂ ਦੀ 51 ਫ਼ੀਸਦ ਹਿੱਸੇਦਾਰੀ ਖਰੀਦੀ ਸੀ। ਨਯਾਤੀ ਹੈਲਥਕੇਅਰ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਆਧਾਰ ਕਰਾਰ ਦਿੰਦਿਆਂ ਕਿਹਾ ਹੈ ਕਿ ਸ਼ਰਮਾ ਦੀ ਅਗਵਾਈ ਵਾਲੀ ਪਿਛਲੀ ਪ੍ਰਬੰਧਕੀ ਟੀਮ ਦੀਆਂ ਗਤੀਵਿਧੀਆਂ ਦੇ ਫੌਰੈਂਸਿਕ ਆਡਿਟ ਵਿਚ ‘ਗਬਨ ਅਤੇ ਹੇਰਫੇਰ’ ਦੇ ਕੁਝ ਮੁੱਦਿਆਂ ਬਾਰੇ ਪੁਲਿਸ ਨੂੰ ‘ਜਾਣਕਾਰੀ’ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸ਼ਰਮਾ ਦੇ ਓ.ਐੱਸ.ਐੱਲ. ਹੈਲਥਕੇਅਰ, ਜਿਸ ਦਾ ਇੱਕ ਹਸਪਤਾਲ ਦੱਖਣੀ ਦਿੱਲੀ ਵਿਚ ਹੈ ਅਤੇ ਇੱਕ ਗੁੜਗਾਉਂ ਵਿਚ ਤਿਆਰ ਹੋ ਰਿਹਾ ਹੈ, ਨੂੰ ਨਰਾਇਣੀ ਇਨਵੈਸਟਮੈਂਟ ਪ੍ਰਾ. ਲਿਮਿ. ਰਾਹੀਂ ਖਰੀਦਿਆ ਗਿਆ ਸੀ ਅਤੇ ਬਾਅਦ ਵਿੱਚ ਨਯਾਤੀ ਹੈਲਥਕੇਅਰ ਐੱਨ.ਸੀ.ਆਰ. ਨਾਂ ਦਿੱਤਾ ਗਿਆ ਸੀ। 4 ਨਵੰਬਰ ਦੀ ਐੱਫ.ਆਈ.ਆਰ. ਅਨੁਸਾਰ ਸ਼ਰਮਾ ਨੇ ਨਰਾਇਣੀ ਇਨਵੈਸਟਮੈਂਟ ਪ੍ਰਾ. ਲਿਮਿ., ਨੀਰਾ ਰਾਡੀਆ, ਕਰੁਣਾ ਮੈਨਨ, ਸਤੀਸ਼ ਨਰੂਲਾ ਅਤੇ ਯਤੀਸ਼ ਵਹਾਲ ‘ਤੇ ਧੋਖਾਧੜੀ, ਭਰੋਸਾ ਤੋੜਨ, ਜਾਅਲੀ ਖਾਤੇ, ਠੱਗੀ, ਹੇਰਫੇਰ ਅਤੇ ਫੰਡਾਂ ਦੇ ਗਬਨ ਤੇ ਦੋਸ਼ ਲਾਏ ਹਨ। ਪੁਲਿਸ ਸੂਤਰਾਂ ਅਨੁਸਾਰ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।


Share