ਨਿੱਕੀਆਂ ਕਰੂੰਬਲਾਂ ਦੀ ਸਮਾਜ ਨੂੰ ਬਹੁਪਰਤੀ ਦੇਣ ਹੈ : ਡਾ.ਕੁਲਦੀਪ ਦੀਪ

462
ਨਿੱਕੀਆਂ ਕਰੂੰਬਲਾਂ ਜਾਰੀ ਕਰਦੇ ਹੋਏ ਐੱਸ.ਅਸ਼ੋਕ ਭੌਰਾ, ਬਲਜਿੰਦਰ ਮਾਨ, ਡਾ. ਕੁਲਦੀਪ ਸਿੰਘ ਦੀਪ, ਗੁਰਦਿਆਲ ਰੌਸ਼ਨ, ਜਤਿੰਦਰ ਹਾਂਸ, ਕੁਲਵਿੰਦਰ ਸਿੰਘ ਅਤੇ ਪੰਮੀ ਖੂਸ਼ਹਾਲਪੁਰੀ ਆਦਿ।
Share

ਮਾਹਿਲਪੁਰ, 3 ਮਾਰਚ (ਪੰਜਾਬ ਮੇਲ)- ਬਾਲ ਸਾਹਿਤ ਦੀ ਨਰਸਰੀ ਬਣੇ ਸ਼ਹਿਰ ਮਾਹਿਲਪੁਰ ਤੋਂ ਛਪਦੇ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੀ ਸਮਾਜ ਨੂੰ ਬਹੁਪਰਤੀ ਦੇਣ ਹੈ। ਇਹ ਵਿਚਾਰ ਉੱਘੇ ਸਾਹਿਤਕਾਰ ਅਤੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਰੌਸ਼ਨ ਕਲਾ ਕੇਂਦਰ ਗੱਜਰ ਵਿਖੇ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਨਵ ਵਰਸ਼ ਅੰਕ ਨੂੰ ਜਾਰੀ ਕਰਦਿਆਂ ਆਖੇ। ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਅਤੇ ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵਲੋਂ ਸ਼੍ਰੀ ਗੁਰਦਿਆਲ ਰੌਸਨ ਅਤੇ ਕਮਲਜੀਤ ਕੰਵਰ ਦੀ ਦੇਖਰੇਖ ਹੇਠਾਂ ਆਯੋਜਿਤ ਕੀਤੇ ਇਸ ਸਮਾਰੋਹ ਵਿਚ ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਨੇ ਨਿਰਸਵਾਰਥੀ ਭਾਵਨਾ ਨਾਲ ਇਸ ਖੇਤਰ ’ਚ ਨਿੱਗਰ ਯੋਗਦਾਨ ਪਾਇਆ ਹੈ, ਜਿਸ ਨਾਲ ਨਵੀਂ ਪਨੀਰੀ ਨੂੰ ਉਚੀਆਂ ਮੰਜ਼ਿਲਾਂ ਦੇ ਰਾਹ ਨਸੀਬ ਹੋ ਰਹੇ ਹਨ। ਉਨ੍ਹਾਂ ਅੰਦਰ ਨਰੋਈਆਂ ਕਦਰਾਂ-ਕੀਮਤਾਂ ਦੇ ਸੰਚਾਰ ਦੇ ਨਾਲ-ਨਾਲ ਸਾਹਿਤ ਸਿਰਜਣਾ ਦੇ ਬੀਜ ਵੀ ਬੀਜੇ ਜਾ ਰਹੇ ਹਨ। ਕੁੱਝ ਬੱਚੇ ਤਾਂ ਪੁਸਤਕਾਂ ਵੀ ਲਿਖ ਚੁੱਕੇ ਹਨ। ਇਸ ਤਰ੍ਹਾਂ ਨਿੱਕੀਆਂ ਕਰੂੰਬਲਾਂ ਰਾਹੀਂ ਪੂਰੇ ਸਮਾਜ ਨੂੰ ਨਰੋਈਆਂ ਲੀਹਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਨਾਵਲਕਾਰ ਡਾ. ਧਰਮਪਾਲ ਸਾਹਿਲ ਅਤੇ ਕੌਮਾਂਤਰੀ ਪੱਤਰਕਾਰ ਤੇ ਲੇਖਕ ਐੱਸ.ਅਸ਼ੋਕ ਭੌਰਾ ਨੇ ਕਿਹਾ ਕਿ ਇਸ ਰਸਾਲੇ ਦੀ ਮੰਗ ਪੂਰੇ ਵਿਸ਼ਵ ਦੇ ਪੰਜਾਬੀਆਂ ’ਚ ਹੈ ਕਿਉਂਕਿ ਇਸ ਪੱਧਰ ਦਾ ਹੋਰ ਕੋਈ ਰਸਾਲਾ ਨਹੀਂ ਹੈ। ਉੱਘੇ ਕਹਾਣੀਕਾਰ ਜਤਿੰਦਰ ਹਾਂਸ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਹੋ ਜਿਹਾ ਮਨੋਵਿਗਿਆਨਕ ਰਸਾਲਾ ਹਰ ਘਰ ਅਤੇ ਸਕੂਲ ਦੀ ਸ਼ਾਨ ਬਣਨਾ ਚਾਹੀਦਾ ਹੈ। ਪਰ ਅਸੀਂ ਪੰਜਾਬੀ ਬਾਲ ਸਾਹਿਤ ਦੀ ਲੋੜ ਤੋਂ ਬੇਪ੍ਰਵਾਹ ਹਾਂ। ਪੰਮੀ ਖੁਸ਼ਹਾਲਪੁਰੀ ਨੇ ਆਪਣੇ ਮਨੋਰੰਜਕ ਗੀਤਾਂ ਨਾਲ ਰੌਣਕ ਲਾਈ।
ਇਸ ਮੌਕੇ ਤਿ੍ਰਪਤਾ ਕੇ. ਸਿੰਘ, ਸੰਧੂ ਵਰਿਆਣਵੀ, ਅਮਰੀਕ ਹਮਰਾਜ਼, ਸੁਖਮਨ ਸਿੰਘ, ਪ੍ਰੋ. ਜੇ.ਬੀ. ਸੇਖੋਂ, ਅਵਤਾਰ ਸਿੰਘ ਸੰਧੂ, ਜਤਿੰਦਰ ਸਿੰਘ ਮਾਣਕੂ, ਕੁਲਵਿੰਦਰ ਸਿੰਘ, ਬੱਗਾ ਸਿੰਘ ਆਰਟਿਸਟ, ਚੈਂਚਲ ਸਿੰਘ ਬੈਂਸ ਉਚੇਚੇ ਤੌਰ ’ਤੇ ਹਾਜ਼ਰ ਹੋਏ। ਮੰਚ ਸੰਚਾਲਨ ਪ੍ਰੋ. ਬਲਵੀਰ ਕੌਰ ਰੀਹਲ ਅਤੇ ਅਮਰਜੀਤ ਕੌਰ ਅਮਰ ਵਲੋਂ ਰੌਚਕ ਢੰਗ ਨਾਲ ਕੀਤਾ ਗਿਆ।

Share