ਨਿੱਕੀਆਂ ਕਰੂੰਬਲਾਂ ਦਾ ਸਿੱਖਿਆ ਸੰਸਾਰ ’ਚ ਅਹਿਮ ਸਥਾਨ ਹੈ : ਕਿ੍ਰਸ਼ਨ ਕੁਮਾਰ

202
ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕਿ੍ਰਸ਼ਨ ਕੁਮਾਰ ‘ਨਿੱਕੀਆਂ ਕਰੂੰਬਲਾਂ’ ਜਾਰੀ ਕਰਦੇ ਹੋਏ। ਨਾਲ਼ ਖੜੇ੍ਹ ਨੇ ਪ੍ਰੋ. ਰਾਮ ਲਾਲ ਭਗਤ, ਬਲਜਿੰਦਰ ਮਾਨ ਅਤੇ ਸ਼੍ਰੀ ਪ੍ਰਮੋਧ ਭਾਰਤੀ ਆਦਿ।
Share

ਹੁਸ਼ਿਆਰਪੁਰ, 19 ਅਪ੍ਰੈਲ (ਪੰਜਾਬ ਮੇਲ)- ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮਾਹਿਲਪੁਰ ਤੋਂ ਛਪਦੇ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ’ ਦਾ ਸਿੱਖਿਆ ਸੰਸਾਰ ’ਚ ਅਹਿਮ ਸਥਾਨ ਹੈ। ਇਹ ਵਿਚਾਰ ਪੰਜਾਬ ਦੇ ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਨੇ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਨੂੰ ਸਮਰਪਿਤ ਅੰਕ ਨੂੰ ਜਾਰੀ ਕਰਦਿਆਂ ਆਖੇ। ਉਨ੍ਹਾਂ ਅੱਗੇ ਕਿਹਾ ਕਿ ਨਰੋਏ ਅਤੇ ਰੌਚਕ ਬਾਲ ਸਾਹਿਤ ਰਾਹੀਂ ਅਸੀਂ ਬਾਲ ਜੀਵਨ ਨੂੰ ਸੁਚੱਜਾ ਬਣਾ ਸਕਦੇ ਹਾਂ। ਸਾਡੇ ਸਾਹਿਤਕਾਰ ਤੇ ਕਲਾਕਾਰ ਅਧਿਆਪਕ ਸਿੱਖਿਆ ਵਿਭਾਗ ਦਾ ਮਾਣ ਹਨ, ਜੋ ਹਮੇਸ਼ਾਂ ਆਪਣੀਆਂ ਕਲਾਤਮਕ ਸਰਗਰਮੀਆਂ ਨਾਲ ਬਾਲ ਮਨ ਨੂੰ ਨਿਖਾਰ ਰਹੇ ਹਨ। ਇਸ ਕਰਕੇ ਬਾਲ ਸਾਹਿਤ ਨੂੰ ਬਾਲ ਜੀਵਨ ਵਿਚੋਂ ਕਦੀ ਵੀ ਮਨਫੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਗੱਲ ’ਤੇ ਵੀ ਫਖ਼ਰ ਮਹਿਸੂਸ ਕੀਤਾ ਕਿ ਰਸਾਲੇ ਦੇ ਸੰਪਾਦਕ ਅਤੇ ਅਧਿਆਪਕ ਬਲਜਿੰਦਰ ਮਾਨ ਨੂੰ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਬਾਲ ਸਾਹਿਤਕਾਰ ਪੁਰਸਕਾਰ ਲਈ ਚੁਣੇ ਜਾਣਾ ਵਿਭਾਗ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਨਾਲ ਸਟੇਟ ਬੁਲਾਰੇ ਪ੍ਰਮੋਧ ਭਾਰਤੀ, ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ, ਡਿਪਟੀ ਡੀ.ਈ.ਓ. ਰਾਕੇਸ਼ ਕੁਮਾਰ, ਪਿ੍ਰੰਸੀਪਲ ਸੀਮਾ ਰਾਣੀ ਆਦਿ ਹਾਜ਼ਰ ਹੋਏ।
ਪ੍ਰੋ. ਰਾਮ ਲਾਲ ਭਗਤ ਅਤੇ ਡਾ. ਵਿਜੈ ਕੁਮਾਰ ਭੱਟੀ ਨੇ ਇਸ ਮੌਕੇ ਆਖਿਆ ਕਿ ਅੱਜ ਪੂਰੇ ਪੰਜਾਬ ਵਿਚੋਂ ਬੱਚਿਆਂ ਲਈ ਨਿੱਜੀ ਖੇਤਰ ਦਾ ਇਕੋ ਇਕ ਰਸਾਲਾ ਪਿਛਲੇ 25 ਸਾਲ ਤੋਂ ਨਿਰੰਤਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸ ਰਸਾਲੇ ਰਾਹੀਂ ਜਿੱਥੇ ਬਾਲ ਮਨ ਅੰਦਰ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕੀਤਾ ਜਾਂਦਾ ਹੈ, ਉੱਥੇ ਉਨ੍ਹਾਂ ਦੀਆਂ ਕਿਰਤਾਂ ਨੂੰ ਪ੍ਰਕਾਸ਼ਿਤ ਕਰਕੇ ਸਾਹਿਤ ਸਿਰਜਕ ਵੀ ਬਣਾਇਆ ਜਾ ਰਿਹਾ ਹੈ। ਇੱਥੇ ਹੀ ਬਸ ਨਹੀਂ, ਸਗੋਂ ਬਾਲ ਸਾਹਿਤਕਾਰ ਬੱਚਿਆਂ ਅਤੇ ਪ੍ਰੋੜ ਸਾਹਿਤਕਾਰਾਂ ਨੂੰ ਨਗਦ ਇਨਾਮਾਂ ਨਾਲ ਵੀ ਨਿਵਾਜ਼ਿਆ ਜਾਂਦਾ ਹੈ। ਇਸ ਤਰ੍ਹਾਂ ਬਾਲ ਜਗਤ ਖਾਸ ਕਰ ਸਿੱਖਿਆ ਸੰਸਾਰ ’ਚ ਇਸ ਰਸਾਲੇ ਦੀ ਅਹਿਮ ਭੂਮਿਕਾ ਹੈ। ਜਿਸ ਵਾਸਤੇ ਕਰੂੰਬਲਾਂ ਪਰਿਵਾਰ ਵਧਾਈ ਦਾ ਹੱਕਦਾਰ ਹੈ। ਸਟੇਟ ਅਵਾਰਡੀ ਪਰਮਾ ਨੰਦ ਬ੍ਰਹਮਪੁਰੀ ਨੇ ਸਭ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਰਸਾਲੇ ਹਰ ਸਕੂਲ ਅਤੇ ਘਰ ਦਾ ਸ਼ਿੰਗਾਰ ਬਣਾ ਕੇ ਅਸੀਂ ਆਪਣੀ ਨਵੀਂ ਪਨੀਰੀ ਦੀ ਸਹੀ ਢੰਗ ਨਾਲ ਕਾਂਟ-ਛਾਂਟ ਕਰ ਸਕਦੇ ਹਾਂ। ਅਸਲ ’ਚ ਨਿੱਕੀਆਂ ਕਰੂੰਬਲਾਂ ਬਾਲ ਸਾਹਿਤਕਾਰਾਂ ਦੀ ਇਕ ਨਰਸਰੀ ਹੈ।

Share