ਨਿਰਭਯਾ ਕੇਸ; ਦੋਸ਼ੀਆਂ ਵੱਲੋਂ ਫਾਂਸੀ ਤੋਂ ਬਚਣ ਲਈ ਦਿੱਲੀ ਦੇ ਉਪ ਰਾਜਪਾਲ ਕੋਲ ਪਹੁੰਚ

830

ਨਵੀਂ ਦਿੱਲੀ, 9 ਮਾਰਚ (ਪੰਜਾਬ ਮੇਲ)- ਦੋਸ਼ੀਆਂ ਨੇ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਤੋਂ ਬਚਣ ਲਈ ਦਿੱਲੀ ਦੇ ਉਪ ਰਾਜਪਾਲ ਕੋਲ ਪਹੁੰਚ ਕੀਤੀ ਹੈ। ਦੋਸ਼ੀ ਵਿਨੈ ਸ਼ਰਮਾ ਨੇ ਆਪਣੇ ਵਕੀਲ ਏ.ਪੀ. ਸਿੰਘ ਰਾਹੀਂ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਦੀ ਮੰਗ ਕੀਤੀ ਹੈ। ਏ.ਪੀ. ਸਿੰਘ ਨੇ ਸੀ.ਆਰ.ਪੀ.ਸੀ. ਦੀ ਧਾਰਾ 432 ਅਤੇ 433 ਤਹਿਤ ਮੌਤ ਦੀ ਸਜ਼ਾ ਮੁਅੱਤਲ ਕਰਨ ਦੀ ਮੰਗ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਅਦਾਲਤ ਨੇ ਚੌਥੀ ਵਾਰ ਸਾਰੇ ਦੋਸ਼ੀਆਂ ਵਿਰੁਧ ਮੌਤ ਦਾ ਵਾਰੰਟ ਜਾਰੀ ਕੀਤਾ ਹੈ, ਜਿਸ ਅਨੁਸਾਰ ਸਾਰੇ ਦੋਸ਼ੀਆਂ ਨੂੰ 20 ਮਾਰਚ ਸਵੇਰੇ 5:30 ਵਜੇ ਫਾਂਸੀ ਦਿੱਤੀ ਜਾਣੀ ਹੈ।
ਜ਼ਿਕਰਯੋਗ ਹੈ ਕਿ 6 ਫਰਵਰੀ ਨੂੰ ਦੋਸ਼ੀ ਮੁਕੇਸ਼ ਦੇ ਭਰਾ ਸੁਰੇਸ਼ ਵੱਲੋਂ ਸੁਪਰੀਮ ਕੋਰਟ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਸੁਰੇਸ਼ ਦੀ ਤਰਫੋਂ ਐਡਵੋਕੇਟ ਐੱਮ.ਐੱਲ. ਸ਼ਰਮਾ ਨੇ ਦਾਇਰ ਕੀਤੀ ਸੀ। ਸ਼ਰਮਾ ਦਾ ਦੋਸ਼ ਹੈ ਕਿ ਇਸ ਕੇਸ ਵਿਚ ਮੁਕੇਸ਼ ਲਈ ਅਦਾਲਤ ਵੱਲੋਂ ਨਿਯੁਕਤ ਵਕੀਲ ਬਰਿੰਦਾ ਗਰੋਵਰ ਨੇ ਉਸ ‘ਤੇ ਦਬਾਅ ਪਾ ਕੇ ਕਿਊਰੇਟਿਵ ਪਟੀਸ਼ਨ (ਸੁਧਾਰ ਅਰਜ਼ੀ) ਦਾਇਰ ਕਰਵਾਈ ਸੀ।
ਐੱਮ.ਐੱਲ. ਸ਼ਰਮਾ ਦੇ ਅਨੁਸਾਰ, ਕਿਉਰੇਟਿਵ ਪਟੀਸ਼ਨ (ਸੁਧਾਰ ਅਰਜ਼ੀ) ਦਾਇਰ ਕਰਨ ਦੀ ਸਮਾਂ ਸੀਮਾ ਤਿੰਨ ਸਾਲ ਸੀ, ਜਿਸ ਦੀ ਜਾਣਕਾਰੀ ਮੁਕੇਸ਼ ਨੂੰ ਨਹੀਂ ਦੱਸੀ ਗਈ। ਇਸ ਲਈ ਮੁਕੇਸ਼ ਨੂੰ ਨਵੇਂ ਸਿਰੇ ਤੋਂ ਕਿਉਰੇਟਿਵ ਪਟੀਸ਼ਨ ਅਤੇ ਰਹਿਮ ਦੀ ਅਪੀਲ ਦਾਇਰ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।