ਨਿਰਦੋਸ਼ ਸਿੱਖਾਂ ਨੂੰ ਝੂਠੇ ਮੁਕੱਦਮਿਆਂ ‘ਚ ਫਸਾਉਣ ਦੀ ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸਖਤ ਨਿੰਦਾ

724
Share

ਨਿਊਯਾਰਕ, 8 ਜੁਲਾਈ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਸਿੱਖ ਕੋਆਰਡੀਨੇਸ਼ਨ ਕਮੇਟੀ ਨਿਊਯਾਰਕ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਇਕ ਸਾਂਝੇ ਬਿਆਨ ‘ਚ ਭਾਰਤ ਵਿਚ ਮੋਦੀ ਸਰਕਾਰ ਤੇ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੀ ਇਸ ਗੱਲੋਂ ਸਖਤ ਨਿੰਦਿਆ ਕੀਤੀ ਹੈ ਕਿ ਉਹ ਨਿਰਦੋਸ਼ ਸਿੱਖਾਂ ਨੂੰ ਝੂਠੇ ਪਰ ਬਹੁਤ ਸਖਤ ਮੁਕੱਦਮਿਆਂ ਵਿਚ ਉਲਝਾ ਰਹੇ ਹਨ। ਭਾਰਤ ਸਰਕਾਰ ਦਹਾਕਿਆਂ ਤੋਂ ਬਹੁਤ ਸਖਤ ਕਾਨੂੰਨ ਬਣਾ ਕੇ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨੂੰ ਉਨ੍ਹਾਂ ਕਾਨੂੰਨਾਂ ਦੀ ਆੜ ਵਿਚ ਉਲਝਾ ਕੇ ਸਾਲਾਂਬੱਧੀ ਜੇਲ੍ਹਾਂ ਵਿਚ ਰੱਖਦੀ ਰਹੀ ਹੈ। ਇਨ੍ਹਾਂ ਖਤਰਨਾਕ ਧਾਰਾਵਾਂ ਵਾਲੇ ਕਾਨੂੰਨਾਂ ਵਿਚ ਯੂਆਪਾ, ਟਾਡਾ, ਪੋਟਾ, ਐੱਨ.ਪੀ.ਆਰ. ਤੇ ਸੀ.ਏ.ਏ. ਆਦਿ ਹਨ। ਪਿੱਛੇ ਜਿਹੇ ਯੂਆਪਾ (UAPA) ਕਾਨੂੰਨ ਵਿਚ ਸੋਧ ਕਰਕੇ ਪਹਿਲੇ ਕਾਨੂੰਨ ਨੂੰ ਕਾਫੀ ਸਖਤ ਕਰ ਦਿੱਤਾ ਗਿਆ ਹੈ, ਜਿਸ ਵਿਚ ਲੰਮੇ ਸਮੇਂ ਵਾਸਤੇ ਜ਼ਮਾਨਤ ਹੀ ਨਹੀਂ ਹੁੰਦੀ ਤੇ ਬਹੁਤ ਸਾਲਾਂ ਤੱਕ ਬੰਦਾ ਜੇਲ੍ਹ ਵਿਚ ਸੜਦਾ ਰਹਿੰਦਾ ਹੈ। ਫੜੇ ਗਏ ਨੌਂ ਸਿੱਖਾਂ ਉੱਤੇ ਇਹੀ ਸਖਤ ਕਾਨੂੰਨ ਵਰਤਿਆ ਗਿਆ ਹੈ। ਫੜੇ ਗਏ 9 ਸਿੱਖ ਤੇ ਉਨ੍ਹਾਂ ਦੀਆਂ ਜਥੇਬੰਦੀਆਂ ਪਰਦੇਸ਼ਾਂ ਵਿਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਵਾਸਤੇ, ਉਨ੍ਹਾਂ ਦੇਸ਼ਾਂ ਵਿਚ ਕਾਨੂੰਨ ਅਨੁਸਾਰ ਤੇ ਲੋਕਤੰਤਰੀ ਢੰਗਾਂ ਨਾਲ ਪ੍ਰਚਾਰ ਕਰ ਰਹੇ ਹਨ, ਜਿਸਦੀ ਭਾਰਤ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ।
ਪਰ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਿਰਦੋਸ਼ ਸਿੱਖਾਂ ਨੂੰ ਡਰਾ-ਧਮਕਾ ਕੇ ਬਾਕੀ ਸਿੱਖ ਕੌਮ ਅੰਦਰ ਡਰ ਵਾਲਾ ਮਾਹੌਲ ਬਣਾ ਰਹੀ ਹੈ, ਤਾਂ ਕਿ ਸਿੱਖ ਖਾਲਿਸਤਾਨ ਦੀ ਮੰਗ ਨਾ ਕਰਨ ਤੇ ਭਾਰਤ ਸਰਕਾਰ ਦੇ ਗੁਲਾਮ ਬਣੇ ਰਹਿਣ।
ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਹੁਰਾਂ ਕਿਹਾ ਕਿ ਭਾਰਤ ਸਰਕਾਰ ਦੇ ਦੋਹਰੇ ਮਾਪਦੰਡਾਂ ਦੀ ਵੀ ਭਾਰੀ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਮੋਦੀ ਦੀ ਆਰ.ਐੱਸ.ਐੱਸ. ਤੇ ਭਾਜਪਾ ਪਾਰਟੀ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦਾ ਪੂਰਾ ਇਰਾਦਾ ਰੱਖਦੇ ਹਨ ਤੇ ਇਸ ਬਾਰੇ ਪ੍ਰੈੱਸ ਵਿਚ ਲਗਾਤਾਰ ਪ੍ਰਚਾਰ ਵੀ ਕਰਦੇ ਹਨ ਤੇ ਇਸ ਤਰ੍ਹਾਂ ਕਰਨ ਨਾਲ ਪੁਲਿਸ ਕਿਸੇ ਉਤੇ ਮੁਕੱਦਮਾ ਦਰਜ ਨਹੀਂ ਕਰਦੀ। ਪਰ ਜੇ ਸਿੱਖ ਆਪਣੇ ਦੇਸ਼ ਖਾਲਿਸਤਾਨ ਦੀ ਗੱਲ ਕਰਦੇ ਹਨ, ਤਾਂ ਜੇਲ੍ਹਾਂ ਵਿਚ ਸੁੱਟ ਦਿੱਤੇ ਜਾਂਦੇ ਹਨ। ਸਿੱਖ, ਸੰਯੁਕਤ ਰਾਸ਼ਟਰ ਸੰਘ ਦੇ ਨਿਯਮਾਂ ਅਨੁਸਾਰ ਰੈਫਰੈਂਡਮ ਕਰਵਾ ਕੇ ਖਾਲਿਸਤਾਨ ਬਣਾਉਣ ਵਾਸਤੇ ਲੋਕਾਂ ਦੀ ਰਾਏ ਜਾਨਣਾ ਚਾਹੁੰਦੇ ਹਨ ਪਰ ਭਾਰਤ ਸਰਕਾਰ ਇਹੋ ਜਿਹੀ ਮੰਗ ਨੂੰ ਅੱਤਵਾਦ ਨਾਲ ਜੋੜ ਦਿੰਦੀ ਹੈ, ਜੋ ਕਿ ਸਰਾਸਰ ਬੇਇਨਸਾਫੀ ਹੈ। ਹਿੰਮਤ ਸਿੰਘ ਹੁਰਾਂ ਯਾਦ ਕਰਵਾਇਆ ਕਿ ਕੋਆਰਡੀਨੇਸ਼ਨ ਕਮੇਟੀ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਉਤੇ ਦੋ ਸਾਲ ਪਹਿਲਾਂ ਭਾਰਤੀ ਰਾਜਦੂਤਾਂ ਤੇ ਭਾਰਤ ਸਰਕਾਰ ਦੇ ਅਫਸਰਾਂ ਨੂੰ ਅਮਰੀਕਾ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਨੂੰ ਸੰਬੋਧਨ ਕਰਨ ‘ਤੇ ਪਾਬੰਦੀ ਲਾ ਦਿੱਤੀ ਸੀ, ਇਹ ਦੋਵੇਂ ਸੰਸਥਾਵਾਂ ਅਮਰੀਕਾ ਦੇ ਦੋ ਸੌ ਪੰਜਾਹ ਗੁਰਦੁਆਰਾ ਸਾਹਿਬ ਦੀ ਪ੍ਰਤੀਨਿਧਤਾ ਕਰਦੀਆਂ ਹਨ।
ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਹੁਰਾਂ ਕਿਹਾ ਕਿ ਭਾਰਤ ਸਰਕਾਰ ਅੱਤਰਾਸ਼ਟਰਵਾਦ ਤੇ ਸਟੇਟ ਉਗਰਰਾਸ਼ਟਰਵਾਦ ਦੀ ਸਮਰਥਕ ਹੈ ਤੇ ਫਾਸ਼ਿਸਟ ਵਿਚਾਰਧਾਰਾ ਦੀ ਸਮਰਥਕ ਹੋਣ ਕਰਕੇ ਘੱਟ ਗਿਣਤੀਆਂ ਨੂੰ ਦਬਾਉਣ ਤੇ ਉਨ੍ਹਾਂ ਕੋਲੋਂ ਨਾਗਰਿਕਤਾ ਖੋਹ ਕੇ ਉਨ੍ਹਾਂ ਨੂੰ ਲਗਾਤਾਰ ਜੇਲ੍ਹਾਂ ਵਿਚ ਰੱਖਣ ਦੀਆਂ ਸਟੇਟ-ਦਹਿਸ਼ਗਰਦੀ ਯੋਜਨਾਵਾਂ ਉੱਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਜਰਮਨੀ ਵਿਚ ਹਿਟਲਰ ਨੇ ਵੀ ਯਹੂਦੀਆਂ ਜਾਲ ਅਜਿਹਾ ਹੀ ਕੀਤਾ ਸੀ ਤੇ ਸੱਠ ਲੱਖ ਯਹੂਦੀ ਕਤਲ ਕਰ ਦਿੱਤੇ ਸਨ। ਕੋਰੋਨਾਵਾਇਰਸ ਕਰਕੇ ਪੂਰੇ ਸੰਸਾਰ ‘ਚ ਸਿੱਖ ਕੌਮ ਵੱਲੋਂ ਕੀਤੀ ਲੰਗਰਾਂ ਤੇ ਹੋਰ ਜ਼ਰੂਰੀ ਸੇਵਾਵਾਂ ਦੀ ਸੇਵਾ ਕਰਨ ਕਰਕੇ ਵਾਹਵਾ ਸਤਿਕਾਰ ਤੇ ਪਿਆਰ ਹਾਸਲ ਕੀਤਾ ਹੈ, ਤੇ ਅਜਿਹੇ ਖੁਸ਼ਗਵਾਰ ਮੌਕੇ ਜੇ ਸਿੱਖ ਆਪਣੇ ਵੱਖਰੇ ਦੇਸ਼ ਦੀ ਮੰਗ ਕਰਦੇ ਹਨ ਤਾਂ ਪੂਰੇ ਸੰਸਾਰ ਵਿਚ ਬਹੁਤ ਸਾਰਾ ਸਮਰਥਨ ਹਾਸਲ ਕਰ ਸਕਦੇ ਹਨ ਪਰ ਭਾਰਤ ਸਰਕਾਰ ਐਸਾ ਹਰਗਿਜ਼ ਨਹੀਂ ਚਾਹੁੰਦੀ ਤੇ ਇਸੇ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਨ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੀ।
ਵੀਰ ਹਿੰਮਤ ਸਿੰਘ ਤੇ ਡਾਕਟਰ ਪ੍ਰਿਤਪਾਲ ਸਿੰਘ ਨੇ ਪਾਕਿਸਤਾਨ ਪੰਜਾਬ ‘ਚ ਬੱਸ ਤੇ ਟਰੇਨ ਦੀ ਟੱਕਰ ‘ਚ ਸਿੱਖ ਯਾਤਰੀਆਂ ਦੇ ਮਾਰੇ ਜਾਣ ਉੱਤੇ ਦੁੱਖ ਦਾ ਇਜ਼ਹਾਰ ਕਰਦਿਆ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।


Share