ਨਿਤੀਸ਼ ਕੁਮਾਰ ਦੇ ਬਿਆਨ ਨੇ ਬਿਹਾਰ ਰਾਜਨੀਤੀ ’ਚ ਸਨਸਨੀ ਫੈਲਾਈ

429
Share

ਕਿਹਾ: ਮੈਨੂੰ ਕਿਸੇ ਅਹੁਦੇ ਦਾ ਮੋਹ ਨਹੀਂ, ਜਿਸ ਨੂੰ ਚਾਹੋ ਮੁੱਖ ਮੰਤਰੀ ਬਣਾ ਲਵੋ
ਪਟਨਾ, 28 ਦਸੰਬਰ (ਪੰਜਾਬ ਮੇਲ)-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੀ ਪਾਰਟੀ ਜਨਤਾ ਦਲ (ਯੂ) ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵੇਲੇ ਇਹ ਕਹਿ ਕੇ ਸਨਸਨੀ ਪੈਦਾ ਕਰ ਦਿੱਤੀ ਕਿ ਮੈਂ ਮੁੱਖ ਮੰਤਰੀ ਰਹਿਣਾ ਹੀ ਨਹੀਂ, ਐੱਨ.ਡੀ.ਏ. ਗੱਠਜੋੜ ਜਿਸ ਨੂੰ ਚਾਹੇ, ਮੁੱਖ ਮੰਤਰੀ ਬਣਾ ਲਵੇ।
ਨਿਤੀਸ਼ ਕੁਮਾਰ ਨੇ ਜਨਤਾ ਦਲ (ਯੂਨਾਈਟਿਡ) ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੌਰਾਨ ਦੋ ਟੁੱਕ ਕਿਹਾ ਕਿ ‘ਮੈਂ ਮੁੱਖ ਮੰਤਰੀ ਨਹੀਂ ਰਹਿਣਾ। ਐੱਨ.ਡੀ.ਏ. ਗੱਠਜੋੜ ਜਿਸ ਨੂੰ ਚਾਹੇ, ਬਣਾ ਲਵੇ ਮੁੱਖ ਮੰਤਰੀ। ਭਾਜਪਾ ਦਾ ਵੀ ਮੁੱਖ ਮੰਤਰੀ ਹੋਵੇ ਤਾਂ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ, ਮੈਨੂੰ ਕਿਸੇ ਅਹੁਦੇ ਦਾ ਮੋਹ ਨਹੀਂ।’ ਉਨ੍ਹਾਂ ਦੇ ਇਸ ਬਿਆਨ ਨੇ ਬਿਹਾਰ ਦੀ ਰਾਜਨੀਤੀ ਵਿਚ ਸਨਸਨੀ ਫੈਲਾ ਦਿੱਤੀ ਹੈ। ਜਨਤਾ ਦਲ (ਯੂ) ਦੇ ਕੌਮੀ ਪ੍ਰਧਾਨ ਦੀ ਚੋਣ ਮਗਰੋਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਿਤੀਸ਼ ਕੁਮਾਰ ਨੇ ਕਿਹਾ, ‘ਮੇਰੀ ਇਸ ਅਹੁਦੇ ਦੀ ਕੋਈ ਇੱਛਾ ਨਹੀਂ, ਚੋਣ ਨਤੀਜੇ ਤੋਂ ਬਾਅਦ ਮੈਂ ਗਠਜੋੜ ਨੂੰ ਆਪਣੀ ਇੱਛਾ ਦੱਸੀ ਸੀ, ਪਰ ਦਬਾਅ ਇੰਨਾ ਸੀ ਕਿ ਮੈਨੂੰ ਫਿਰ ਕੰਮ ਸੰਭਾਲਣਾ ਪਿਆ ਸੀ।’ ਉਨ੍ਹਾਂ ਕਿਹਾ, ‘ਅਸੀਂ ਸਵਾਰਥ ਲਈ ਕੰਮ ਨਹੀਂ ਕਰਦੇ। ਅੱਜ ਤੱਕ ਅਸੀਂ ਕਦੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ।’
ਵਰਨਣਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਵਿਚ ਜਨਤਾ ਦਲ ਯੂ ਦੇ 6 ਵਿਧਾਇਕ ਭਾਜਪਾ ਨੇ ਆਪਣੇ ਵਿਚ ਮਿਲਾ ਲਏ ਹਨ। ਇਸ ਘਟਨਾ ਦਾ ਜ਼ਿਕਰ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ, ‘ਅਰੁਣਾਚਲ ਵਿਚ ਕੀ ਹੋਇਆ ਸੀ। 6 ਜਣੇ ਜਾਣ ਤੋਂ ਬਾਅਦ ਵੀ ਜਨਤਾ ਦਲ (ਯੂ) ਦਾ ਇਕ ਵਿਧਾਇਕ ਡਟਿਆ ਰਿਹਾ। ਪਾਰਟੀ ਦੀ ਤਾਕਤ ਸਮਝੋ। ਸਾਨੂੰ ਲੋਕਾਂ ਦੇ ਵਿਚਾਲੇ ਸਿਰਫ ਸਿਧਾਂਤਾਂ ਦੇ ਆਧਾਰ ’ਤੇ ਤੁਰਨਾ ਪਏਗਾ, ਪਰ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।’
ਇਸ ਦੌਰਾਨ ਲੋਕ ਸਭਾ ’ਚ ਕਾਂਗਰਸ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਨਿਤੀਸ਼ ਕੁਮਾਰ ਨੂੰ ਭਾਜਪਾ ਦੀ ‘ਖਰੀਦੋ-ਫਰੋਖਤ ਦੀ ਨੀਤੀ’ ਤੋਂ ਸੁਚੇਤ ਕਰਦੇ ਹੋਏ ਕਿਹਾ ਕਿ ‘ਅਰੁਣਾਚਲ ਪ੍ਰਦੇਸ਼ ਵਿਚ ਜੋ ਕੁਝ ਵਾਪਰਿਆ ਹੈ, ਉਸ ਨੂੰ ਵੇਖਦੇ ਹੋਏ ਨਿਤੀਸ਼ ਨੂੰ ਬਿਹਾਰ ਵਿਚ ਵਿਰੋਧੀ ਧਿਰਾਂ ਨਾਲ ਸੰਪਰਕ ਰੱਖਣਾ ਚਾਹੀਦਾ ਹੈ।’ ਜਨਤਾ ਦਲ ਯੂ ਨੇ ਅਰੁਣਾਚਲ ਪ੍ਰਦੇਸ਼ ਦੀਆਂ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਸੱਤ ਸੀਟਾਂ ਜਿੱਤੀਆਂ ਤੇ 41 ਸੀਟਾਂ ਵਾਲੀ ਭਾਜਪਾ ਤੋਂ ਬਾਅਦ ਉਥੇ ਦੀ ਦੂਸਰੀ ਸਭ ਤੋਂ ਵੱਡੀ ਪਾਰਟੀ ਬਣ ਗਈ ਸੀ, ਪਰ ਬੀਤੇ ਹਫਤੇ ਇਸ ਦੇ ਛੇ ਵਿਧਾਇਕ ਭਾਜਪਾ ਦੇ ਨਾਲ ਜਾ ਮਿਲੇ। ਇਨ੍ਹਾਂ ਵਿਧਾਇਕਾਂ ਦੇ ਉਧਰ ਜਾਣ ਪਿੱਛੋਂ 60 ਮੈਂਬਰੀ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਵਿਚ ਉਥੇ ਰਾਜ ਕਰਦੀ ਭਾਜਪਾ ਦੇ 48 ਵਿਧਾਇਕ ਹੋ ਗਏ ਹਨ, ਜਦੋਂਕਿ ਜਨਤਾ ਦਲ ਯੂ ਦਾ ਸਿਰਫ ਇੱਕ ਵਿਧਾਇਕ ਬਚਿਆ ਹੈ। ਅਰੁਣਾਚਲ ਪ੍ਰਦੇਸ਼ ਵਿਚ ਕਾਂਗਰਸ ਅਤੇ ਨੈਸ਼ਨਲ ਪੀਪਲਜ਼ ਪਾਰਟੀ ਦੇ ਕੁੱਲ ਚਾਰ ਵਿਧਾਇਕ ਹਨ।
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਟਵੀਟ ਕੀਤਾ ਹੈ, ‘ਪਿਆਰੇ ਨਿਤੀਸ਼ ਕੁਮਾਰ ਜੀ, ਭਾਜਪਾ ਤੋਂ ਸਾਵਧਾਨ ਰਹੋ, ਉਹ ਉੱਤਰ ਪੂਰਬ ਖੇਤਰ ਦੇ ਬਦਨਾਮ ਸ਼ਿਕਾਰੀ ਵਾਂਗ ਸ਼ਿਕਾਰ ਮੁਹਿੰਮ (ਲੋਕ ਨੁਮਾਇੰਦਿਆਂ ਦੀ ਖਰੀਦੋ-ਫਰੋਖਤ) ਦੇ ਮਾਹਰ ਹਨ।’ ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਚੌਧਰੀ ਨੇ ਨਿਤੀਸ਼ ਕੁਮਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਹਾਰ ਦੀਆਂ ਵਿਰੋਧੀ ਪਾਰਟੀਆਂ ਨਾਲ ਸੰਪਰਕ ਰੱਖਣ, ਉਨ੍ਹਾਂ ਨੂੰ ਉਥੇ ਵੀ ਇਹੋ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’ ਚੌਧਰੀ ਨੇ ਟਵੀਟ ਕੀਤਾ, ‘ਜਿਵੇਂ ਤੁਸੀਂ ਇਸ ਵੇਲੇ ਅਰੁਣਾਚਲ ਪ੍ਰਦੇਸ਼ ਵਿਚ ਸਾਹਮਣਾ ਕਰ ਰਹੇ ਹੋ, ਟੁਕੜੇ-ਟੁਕੜੇ ਹੋਣ ਤੋਂ ਪਹਿਲਾਂ ਤੁਹਾਨੂੰ ਨਵੇਂ ਤਰੀਕੇ ਲੱਭਣੇ ਚਾਹੀਦੇ ਹਨ।’

Share