ਨਿਊ ਮੈਕਸੀਕੋ ’ਚ 23 ਹਜ਼ਾਰ ਸਾਲ ਪੁਰਾਣੇ ਮਨੁੱਖੀ ਪੈਰਾਂ ਦੇ ਨਿਸ਼ਾਨ ਮਿਲੇ

370
Share

ਵਾਸ਼ਿੰਗਟਨ, 25 ਸਤੰਬਰ (ਪੰਜਾਬ ਮੇਲ) ਨਿਊ ਮੈਕਸੀਕੋ ’ਚ ਲੱਭੇ ਗਏ ਜੀਵਾਸ਼ਮ ਦੇ ਪੈਰਾਂ ਦੇ ਨਿਸ਼ਾਨ ਤੋਂ ਸੰਕੇਤ ਮਿਲਦਾ ਹੈ ਕਿ ਸ਼ੁਰੂਆਤੀ ਮਨੁੱਖ ਲਗਭਗ 23,000 ਸਾਲ ਪਹਿਲਾਂ ਉੱਤਰੀ ਅਮਰੀਕਾ ’ਚ ਘੁੰਮ ਰਹੇ ਸਨ। ਖੋਜਕਰਤਾਵਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੈਰਾਂ ਦੇ ਨਿਸ਼ਾਨ ਵਾਈਟ ਸੈਂਡਸ ਨੈਸ਼ਨਲ ਪਾਰਕ ’ਚ ਇਕ ਸੁੱਕੀ ਝੀਲ ਦੀ ਸਤ੍ਹਾ ’ਚ ਪਾਏ ਗਏ, ਜਿਨ੍ਹਾਂ ਨੂੰ ਪਹਿਲੀ ਵਾਰ 2009 ’ਚ ਇਕ ਪਾਰਕ ਪ੍ਰਬੰਧਕ ਨੇ ਦੇਖਿਆ ਸੀ।
ਯੂ.ਐੱਸ. ਜੀਓਲਾਜੀਕਲ ਸਰਵੇ ਦੇ ਵਿਗਿਆਨੀਆਂ ਨੇ ਹਾਲ ਹੀ ’ਚ ਇਸ ਦਾ ਅਨੁਮਾਨਿਤ ਕਾਲ ਤੈਅ ਕਰਨ ਲਈ ਪੈਰਾਂ ਦੇ ਨਿਸ਼ਾਨ ’ਚ ਫਸੇ ਬੀਜਾਂ ਦੀ ਸਮੀਖਿਆ ਕੀਤੀ, ਜੋ ਲਗਭਗ 22,800 ਤੋਂ ਲੈ ਕੇ 21,130 ਸਾਲ ਪਹਿਲਾਂ ਦੇ ਹਨ। ਜ਼ਿਆਦਾਤਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਪ੍ਰਾਚੀਨ ਮਨੁੱਖ ਜ਼ਮੀਨੀ ਪੁਲ ਰਾਹੀਂ ਆਇਆ ਸੀ, ਜੋ ਏਸ਼ੀਆ ਨੂੰ ਅਲਾਸਕਾ ਨਾਲ ਜੋੜਦਾ ਸੀ।
ਇਹ ਹੁਣ ਪਾਣੀ ’ਚ ਡੁੱਬਿਆ ਹੋਇਆ ਹੈ। ਪੱਥਰ ਦੇ ਔਜਾਰਾਂ, ਹੱਡੀਆਂ ਦੇ ਜੀਵਾਸ਼ਮ ਅਤੇ ਅਨੁਵਾਂਸ਼ਿਕ ਵਿਸ਼ਲੇਸ਼ਣ ਸਮੇਤ ਵੱਖ-ਵੱਖ ਸਬੂਤਾਂ ਦੇ ਆਧਾਰ ’ਤੇ ਹੋਰ ਖੋਜਕਰਤਾਵਾਂ ਨੇ ਅਮਰੀਕਾ ’ਚ ਮਨੁੱਖੀ ਆਗਮਨ ਲਈ ਸੰਭਾਵੀ ਕਾਲਖੰਡ ਦਾ ਅਨੁਮਾਨ ਲਗਾਇਆ ਹੈ, ਜੋ 13,000 ਤੋਂ 26,000 ਸਾਲ ਪਹਿਲਾਂ ਜਾਂ ਉਸ ਤੋਂ ਵੱਧ ਦਾ ਹੈ। ਇਹ ਖੋਜ ਵੀਰਵਾਰ ਨੂੰ ਸਾਇੰਸ ਨਾਂ ਦੀ ਪੱਤਿ੍ਰਕਾ ’ਚ ਪ੍ਰਕਾਸ਼ਿਤ ਹੋਈ ਹੈ।

Share