‘ਨਿਊਜ਼ੀਲੈਂਡ ਸਿੱਖ ਗੇਮਜ਼’ ਕਮੇਟੀ ਨੇ ਭਾਰਤੀ ਹਾਈ ਕਮਿਸ਼ਨ ਦੇ ਔਕਲੈਂਡ ਦਫਤਰ ਦਿੱਤਾ ਮੰਗ ਪੱਤਰ

219
ਔਕਲੈਂਡ ਸਥਿੱਤ ਭਾਰਤੀ ਸਫਾਰਤਖਾਨੇ ਵਿਖੇ 'ਨਿਊਜ਼ੀਲੈਂਡ ਸਿੱਖ ਗੇਮਜ਼' ਕਮੇਟੀ ਮੈਂਬਰ ਕਿਸਾਨੀ ਬਿੱਲਾਂ ਦੇ ਸਬੰਧ ਵਿਚ ਭਾਰਤੀ ਹਾਈ ਕਮਿਸ਼ਨਰ ਵਲਿੰਗਟਨ ਦੇ ਲਈ ਮੰਗ ਪੱਤਰ ਦਿੰਦੇ ਹੋਏ।  
Share

ਮੰਗ ਪੱਤਰ: ਕਿਸਾਨੀ ਬਿੱਲ-ਕਰੋ ਹੱਲ
ਆਕਲੈਂਡ, 8 ਦਸੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਭਾਰਤ ਦੇ ਵਿਚ ਲਾਗੂ ਕੀਤੇ ਗਏ ਨਵੇਂ ਕਿਸਾਨੀ ਬਿੱਲਾਂ ਦੇ ਵਿਰੋਧ ਵਿਚ ਜਿੱਥੇ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਕਿਸਾਨਾ ਨੇ ਇਕ ਤਰ੍ਹਾਂ ਨਾਲ ਘੇਰਾ ਪਾ ਰੱਖਿਆ ਹੈ ਉਥੇ ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਦੇਸ਼-ਵਿਦੇਸ਼ ਮੁਜਾਹਰੇ ਅਤੇ ਭਾਰਤੀ ਸਫਾਰਤਖਾਨਿਆਂ ਦੇ ਵਿਚ ਮੰਗ ਪੱਤਰ ਦਿੱਤੇ ਜਾ ਰਹੇ ਹਨ। ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਦੇ ਵਿਚ ਜਿੱਥੇ ਮੁਜਾਹਰੇ ਜਾਰੀ ਹਨ ਉਥੇ ਅੱਜ ‘ਨਿਊਜ਼ੀਲੈਂਡ ਸਿੱਖ ਗੇਮਜ਼’ ਸੰਸਥਾ ਵੱਲੋਂ ਭਾਰਤੀ ਹਾਈ ਕਮਿਸ਼ਨ ਦੇ ਨਾਂਅ ਲਿਖਿਆ ਇਕ ਮੰਗ ਪੱਤਰ ਆਕਲੈਂਡ ਵਿਖੇ ਨਿਯੁਕਤ ਕੀਤੇ ਗਏ ਆਨਰੇਰੀ ਕਾਉਂਸਿਲ ਸ. ਭਵਦੀਪ ਸਿੰਘ ਢਿੱਲੋਂ ਦੇ ਦਫਤਰ ਦਿੱਤਾ ਗਿਆ। ਮੰਗ ਪੱਤਰ ਦੇ ਵਿਚ ਭਾਰਤ ਦੇ ਵਿਚ ਲਾਗੂ ਕੀਤੇ ਗਏ ਤਿੰਨ ਕਿਸਾਨੀ ਬਿੱਲਾਂ ਦੇ ਸਬੰਧ ਵਿਚ ਭਾਰਤੀ ਕਿਸਾਨਾਂ ਨੂੰ ਆਉਣ ਵਾਲੀਆਂ ਸੰਭਾਵਿਤ ਮੁਸ਼ਕਿਲਾਂ ਦੇ ਸਬੰਧ ਵਿਚ ਲਿਖਿਆ ਗਿਆ ਹੈ। ਮੰਗ ਪੱਤਰ ਦੇਣ ਦੇ ਲਈ ਨਿਊਜ਼ੀਲੈਂਡ ਸਿੱਖ ਗੇਮਜ਼ ਕਮੇਟੀ ਦੇ ਚੇਅਰਮੈਨ ਸ. ਤਾਰਾ ਸਿੰਘ ਬੈਂਸ, ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ, ਸਕੱਤਰ ਸ. ਗੁਰਵਿੰਦਰ ਸਿੰਘ ਔਲਖ, ਖਜ਼ਾਨਚੀ ਸ. ਸੁਰਿੰਦਰ ਸਿੰਘ ਢੀਂਡਸਾ ਅਤੇ ਟੀਮ ਮੈਂਬਰ ਸ. ਗੁਰਜਿੰਦਰ ਸਿੰਘ ਘੁੰਮਣ ਹੋਰੀਂ ਪਹੁੰਚੇ। ਆਨਰੇਰੀ ਕਾਉਂਸਲ ਸ. ਭਵਦੀਪ ਸਿੰਘ ਕੁਝ ਦਿਨਾਂ ਦੇ ਲਈ ਬਾਹਰ ਗਏ ਹੋਣ ਕਰਕੇ ਇਹ ਮੰਗ ਪੱਤਰ ਉਨ੍ਹਾਂ ਦੇ ਸਟਾਫ ਮੈਡਮ ਯੈਸ਼ਮਿਨ ਚਾਂਦ ਨੂੰ ਦਿੱਤਾ ਗਿਆ। ਇਸ ਮੰਗ ਪੱਤਰ ਦੀ ਈਮੇਲ ਕਾਪੀ ਵੀ ਆਨਰੇਰੀ ਕਾਉਂਸਲ ਨੂੰ ਭੇਜੀ ਜਾਵੇਗੀ। ਵਰਨਣਯੋਗ ਹੈ ਕਿ ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਅਤੇ ਕੱਲ੍ਹ ਆਖਰੀ ਗੇੜ ਦੀ ਮੀਟਿੰਗ ਵੀ ਰਾਜਧਾਨੀ ਦਿੱਲੀ ਵਿਖੇ ਮੰਤਰੀਆਂ ਨਾਲ ਹੋ ਰਹੀ ਹੈ। ਬਾਹਰ ਬੈਠੇ ਭਾਰਤੀ ਭਾਈਚਾਰੇ ਦਾ ਮੁੱਖ ਮਕਸਦ ਇਹ ਹੈ ਕਿ ਇਨ੍ਹਾਂ ਬਿੱਲਾਂ ਦਾ ਕੋਈ ਨਾ ਕੋਈ ਹੱਲ ਕੱਢ ਕੇ ਇਸ ਮਸਲੇ ਨੂੰ ਬੰਦ ਕੀਤਾ ਜਾਵੇ ਅਤੇ ਕਿਸਾਨਾਂ ਦੇ ਹੱਕ ਵਿਚ ਫੈਸਲਾ ਲਿਆ ਜਾਵੇ।
ਕਿਸਾਨੀ ਗੱਲਬਾਤ: ਗੁਰਦੁਆਰਾ ਸਾਹਿਬ ਤੋਂ ਦੂਤਾਵਾਸ:
ਕੱਲ੍ਹ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਭਾਰਤੀ ਕਿਸਾਨ ਬਿੱਲਾਂ ਨੂੰ ਲੈ ਕੇ ਰੋਸ ਮੁਜਾਹਰਾ ਅਤੇ ਇਕ ਮੰਗ ਪੱਤਰ ਭਾਰਤੀ ਦੂਤਾਵਾਸ ਦੇ ਦਫਤਰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਬਣਾਏ ਗਏ ਪ੍ਰੋਗਰਾਮ ਅਨੁਸਾਰ ਸੰਗਤ ਪਹਿਲਾਂ ਗੁਰਦੁਆਰਾ ਸਾਹਿਬ ਵਲਿੰਗਟਨ ਵਿਖੇ ਇਕੱਤਰ ਹੋਵੇਗੀ ਅਤੇ ਫਿਰ ਉਥੋਂ ਪਾਰਲੀਮੈਂਟ ਦੇ ਵਿਹੜੇ ਜਾਵੇਗੀ ਅਤੇ ਫਿਰ ਭਾਰਤੀ ਦੂਤਾਵਾਸ ਦੇ ਦਫਤਰ ਜਾਵੇਗੀ।


Share