ਨਿਊਜ਼ੀਲੈਂਡ ਸਰਕਾਰ ਵੱਲੋਂ ਅਸਥਾਈ ਵਰਕ ਵੀਜ਼ੇ ਵਾਲਿਆਂ ਦਾ 6 ਮਹੀਨੇ ਹੋਰ ਵਰਕ ਵੀਜ਼ਾ ਵਧਾਉਣ ਦਾ ਫੈਸਲਾ

639
Share

ਔਕਲੈਂਡ, 7 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਸਰਕਾਰ ਅਸਥਾਈ ਵਰਕ ਪਰਮਿਟ ਵਾਲਿਆਂ ਨੂੰ ਖੁਸ਼ ਕਰਦਿਆਂ ਉਨ੍ਹਾਂ ਦਾ ਵਰਕ ਵੀਜ਼ਾ 6 ਮਹੀਨੇ ਤੱਕ ਵਧਾ ਰਹੀ ਹੈ।  ਜਿਹੜੇ ਵਰਕ ਵੀਜਾ ਧਾਰਕ ਨਿਊਜ਼ੀਲੈਂਡ ਦੇ ਵਿਚ ਮੌਜੂਦ ਹਨ ਉਨ੍ਹਾਂ ਨੂੰ ਹੀ ਇਸ ਦਾ ਫਾਇਦਾ ਮਿਲੇਗਾ। ਇਮੀਗ੍ਰੇਸ਼ਨ ਮੰਤਰੀ ਇਆਨ ਲੀਜ ਗਾਲੋਵੇਅ ਨੇ ਅੱਜ ਇਕ ਰੇਡੀਓ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿਚ ਇਹ ਗੱਲ ਕਹੀ ਹੈ ਅਤੇ ਇਸ ਸਬੰਧੀ ਚਿੱਠੀਆਂ ਵੀ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਆ ਚੁੱਕੀਆਂ ਹਨ। ਵਰਨਣਯੋਗ ਹੈ ਕਿ 2020 ਦੇ ਅਖੀਰ ਵਿਚ ਲਗਪਗ 16,500 ਇਸ਼ੈਂਸ਼ੀਅਲ ਸਕਿੱਲ (ਜੀਵਨ ਲਈ ਮੌਲਿਕ ਹੁਨਰ) ਅਤੇ ਵਰਕ ਟੂ ਰੈਜੀਡੈਂਸ ਕਾਮਿਆਂ ਦਾ ਵੀਜ਼ਾ ਖਤਮ ਹੋਣ ਕਿਨਾਰੇ ਹੈ ਅਤੇ ਇਨ੍ਹਾਂ ਦਾ ਵਰਕ ਵੀਜ਼ਾ ਹੁਣ 6 ਮਹੀਨਿਆ ਲਈ ਵਧਾਇਆ ਜਾਵੇਗਾ। ਇਸਦੇ ਵਿਚ 9 ਜੁਲਾਈ ਤੋਂ 31 ਦਸੰਬਰ ਤੱਕ ਅਤੇ  ਅਤੇ ਜਿਨ੍ਹਾਂ ਦਾ ਵਰਕ ਵੀਜ਼ਾ ਕੋਵਿਡ-19 ਕਰਕੇ 25 ਸਤੰਬਰ ਤੱਕ ਵਧਾਇਆ ਗਿਆ ਹੈ, ਉਹ ਵੀ ਆਉਂਦੇ ਹਨ। ਇਹ ਵੀਜ਼ੇ ਬਹੁਤਿਆਂ ਦੇ ਆਟੋਮੈਟਿਕ ਵਧ ਜਾਣਗੇ ਜਿਸ ਦਾ ਮਤਲਬ ਹੈ ਕਿ ਕੋਈ ਅਰਜ਼ੀ ਨਹੀਂ ਦੇਣੀ ਹੋਵੇਗੀ। ਵੀਜ਼ਾ ਸ਼ਰਤਾਂ ਪਹਿਲੇ ਵੀਜ਼ੇ ਵਾਲੀਆਂ ਹੀ ਰਹਿਣਗੀਆਂ ਜਿਵੇਂ ਵਿਸ਼ੇਸ਼ ਰੁਜਗਾਰ ਦਾਤਾ, ਵਿਸ਼ੇਸ਼ ਕੰਮ ਦਾ ਸਥਾਨ ਅਤੇ ਵਿਸ਼ੇਸ਼ ਕੰਮ ਤੇ ਘੱਟੋ-ਘੱਟ 30 ਘੰਟੇ ਕੰਮ।
ਇਸਦੇ ਨਾਲ ਹੀ ਜਿਹੜੇ ਪ੍ਰਵਾਸੀ ਕਾਮਿਆਂ ਨੇ ਇਸ ਸਾਲ ਦੇ ਅਖੀਰ ਵਿਚ (ਸਟੈਂਡ ਡਾਊਨ ਅਧੀਨ) ਨਿਊਜ਼ੀਲੈਂਡ ਛੱਡ ਕੇ ਜਾਣਾ ਸੀ ਉਹ ਹੁਣ ਫਰਵਰੀ 2021 ਤੱਕ ਇਥੇ ਰਹਿ ਸਕਣਗੇ। ਇਹ ਤਬਦੀਲੀਆਂ ਥੋੜ੍ਹ ਸਮੇਂ ਵੀਜੇ (ਸ਼ਾਰਟ ਟਰਮ ਵੀਜ਼ਾ ਸ਼੍ਰੇਣੀ) ਅਧੀਨ  ਕੀਤੀਆਂ ਜਾ ਰਹੀਆਂ ਹਨ।  ਸਟੈਂਡ ਡਾਊਨ ਸਮਾਂ ਅੱਗੇ ਵਧਣ ਨਾਲ 600 ਘੱਟ ਹੁਨਰ ਵਾਲੇ ਕਾਮਿਆਂ ਨੂੰ ਫਾਇਦਾ ਪਹੁੰਚੇਗਾ ਜਿਸ ਦੇ ਵਿਚ ਜਿਆਦਾ ਕਾਮੇ ਡੇਅਰੀ ਫਾਰਮਿੰਗ ਵਾਲੇ ਆਉਂਦੇ ਹਨ। ਇਹ ਵੀਜ਼ਾ 2017 ਦੇ ਵਿਚ ਪੇਸ਼ ਕੀਤਾ ਗਿਆ ਸੀ ਜਿਸ ਅਧੀਨ ਘੱਟ ਤਨਖਾਹ ਵਾਲੇ ਕਾਮੇ ਇਥੇ 12 ਮਹੀਨਿਆਂ ਲਈ ਆ ਸਕਦੇ ਸਨ, ਫਿਰ ਸਾਲ ਭਰ ਬਾਹਰ ਰਹਿਣਾ ਹੁੰਦਾ ਹੈ ਅਤੇ ਇਹ ਵੀਜ਼ਾ ਤਿੰਨ ਸਾਲ ਤੱਕ ਕੰਮ ਕਰਨ ਲਈ ਮਾਨਤਾ ਰੱਖਦਾ ਹੈ। ਕੁਝ ਕੇਸਾਂ ਵਿਚ ਜਿਨ੍ਹਾਂ ਦੇ ਘੱਟ ਹੁਨਰ ਵਾਲੇ ਵੀਜੇ ਅਗਸਤ 2020 ਅਤੇ ਦਸੰਬਰ 2020 ਦੇ ਵਿਚ ਖਤਮ ਹੋਣਗੇ ਉਹ ਆਪਣੇ ਉਸੇ ਮਾਲਕ ਕੋਲ ਅਤੇ ਉਸੀ ਥਾਂ ਉਤੇ  ਉਸੇ ਕੰਮ ਲਈ ਅਗਲੇ 6 ਮਹੀਨੇ ਤੱਕ ਵੀ ਰਹਿ ਸਕਣਗੇ।
ਇਮੀਗ੍ਰੇਸ਼ਨ ਮੰਤਰੀ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਕੰਮ ਦੇਣ ਦੀ ਪ੍ਰਮੁੱਖਤਾ ਨੂੰ ਬਰਕਰਾਰ ਰੱਖਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਰੁਜ਼ਗਾਰ ਦਾਤਾਵਾਂ ਨੂੰ ਕਾਮਿਆਂ ਦੀ ਪੂਰਤੀ ਬਣਾਈ ਰੱਖਣ ਲਈ ਇਹ ਸਾਰਾ ਕੁਝ ਕਰ ਰਹੇ ਹਨ ਜਿਸ ਦੇ ਵਿਚ ਨਿਊਜ਼ੀਲੈਂਡ ਵਾਸੀ ਅਤੇ ਇਸ ਧਰਤੀ ਉਤੇ ਪਹੁੰਚੇ ਪ੍ਰਵਾਸੀ ਕਾਮੇ ਆਉਂਦੇ ਹਨ। ਕੋਵਿਡ-19 ਕਰਕੇ ਕਾਮਿਆਂ ਦੀ ਪੈਦਾ ਹੋ ਰਹੀ ਕਮੀ ਅਤੇ ਆਉਣ ਵਾਲੇ ਸਮੇਂ ਵਿਚ ਇਹ ਕਮੀ ਹੋਰ ਨਾ ਵਧੇ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸਦੇ ਨਾਲ ਰੁਜ਼ਗਾਰ ਦਾਤਾਵਾਂ ਲਈ ਲੇਬਰ ਮਾਰਕੀਟ ਦੇ ਸਮੀਕਰਣ ਵੀ ਬਦਲਣਗੇ। ਆਪਣੇ ਘਰ ਦਾ ਖਿਆਲ ਰੱਖਦਿਆਂ ਸਰਕਾਰ ਨੇ ਨਵਾਂ ‘ਘੱਟ ਹੁਨਰ ਵਾਲਾ’ ਵੀਜ਼ਾ ਹੁਣ 10 ਜੁਲਾਈ ਤੋਂ 6 ਮਹੀਨਿਆ ਲਈ ਕਰ ਦਿੱਤਾ ਹੈ ਤਾਂ ਕਿ ਨਿਊਜ਼ੀਲੈਂਡ ਵਾਸੀਆਂ ਨੂੰ ਜਿਆਦਾ ਕੰਮ ਕਰਨ ਦੇ ਮੌਕੇ ਦਿੱਤੇ ਜਾ ਸਕਣ।
ਜਿਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਵੀਜ਼ਾ ਵੀ ਵਧਣਾ ਚਾਹੀਦਾ ਹੈ ਉਹ ਇਮੀਗ੍ਰੇਸ਼ਨ ਨਾਲ ਸੰਪਰਕ ਕਰਨ। ਜਿਹੜੇ ਰੁਜਗਾਰ ਦਾਤਾ ਕਿਸੇ ਨੂੰ ਘੱਟ ਹੁਨਰ ਵਾਲੇ ਕੰਮ ਉਤੇ ਰੱਖਣਾ ਚਾਹੁੰਦੇ ਹਨ ਉਨ੍ਹਾਂ ਨੂੰ ਨਵਾਂ ਵੀਜ਼ਾ ਅਪਲਾਈ ਕਰਨਾ ਹੋਵੇਗਾ ਅਤੇ ਲੇਬਰ ਮਾਰਕੀਟ ਅਤੇ ਮਨਿਸਟੀ ਆਫ ਸੋਸ਼ਲ ਡਿਵੈਲਪਮੈਂਟ ਦੇ ਰਾਹੀਂ ਪੇਪਰ ਵਰਕ ਕਰਨਾ ਹੋਵੇਗਾ। ਇਹ ਸਾਰੀਆਂ ਤਬਦੀਲੀਆਂ ਸਰਕਾਰ ਦੀਆਂ ਰੁਜਗਾਰ ਦਾਤਾ ਦੀ ਸਹਾਇਤਾ ਨਾਲ ਮਿਲਣ ਵਾਲੇ ਵਰਕ ਵੀਜੇ ਵਿਚ ਸੁਧਾਈ ਦੇ ਚਲਦਿਆਂ ਕੀਤੀਆਂ ਗਈਆਂ ਹਨ ਜੋ ਕਿ ਸਰਕਾਰ ਨੇ 2021 ਦੇ ਅੱਧ ਤੱਕ ਕਰਨੀਆਂ ਹਨ। ਇਸ ਤੋਂ ਬਾਅਦ ਲੇਬਰ ਮਾਰਕੀਟ ਟੈਸਟ ਹੋਰ ਵੀ ਪ੍ਰਮਾਣਿਕ ਹੋ ਜਾਵੇਗਾ ਅਤੇ ਇਹ ਘੱਟ ਤਨਖਾਹ ਵਾਲਿਆਂ, ਉਚੀ ਤਨਖਾਹ ਵਾਲਿਆਂ ਅਤੇ ਉਚ ਹੁਨਰ ਵਾਲਿਆਂ ਉਤੇ ਅਮਲ ਵਿਚ ਆ ਜਾਵੇਗਾ।
ਇਮੀਗ੍ਰੇਸ਼ਨ ਸਲਾਹਕਾਰ ਦੀ ਨਜ਼ਰ ‘ਚ: ਇਮੀਗ੍ਰੇਸ਼ਨ ਸਲਾਹਕਾਰ ਸ. ਸੰਨੀ ਸਿੰਘ ਜਿਨ੍ਹਾਂ ਨੂੰ ਪਿਛਲੇ ਦਿਨੀਂ ਇਮੀਗ੍ਰੇਸ਼ਨ ਮੰਤਰੀ ਨੇ ਕਾਮਿਆਂ ਦੇ ਵੀਜਿਆਂ ਨੂੰ ਲੈ ਕੇ ਅਤੇ ਦੇਸ਼ ਤੋਂ ਬਾਹਰ ਫਸੇ ਭਾਰਤੀ ਕਾਮਿਆਂ ਲਈ ਕੁਝ ਕਰਨ ਦੀ ਪਾਈ ਚਿੱਠੀ ਦੇ ਉਤਰ ਵਿਚ ਲਿਖਿਆ ਸੀ ਕਿ ਉਹ ਦੇਸ਼ ਵਿਚ ਮੌਜੂਦ ਕਾਮਿਆਂ ਦੇ ਲਈ ਤਾਂ ਆਉਣ ਵਾਲੇ ਸਮੇਂ ਵਿਚ ਬਹੁਤ ਕੁਝ ਕਰ ਰਹੇ ਹਨ, ਪਰ ਬਾਹਰ ਫਸੇ ਲੋਕਾਂ ਲਈ ਅਜੇ ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ। ਇਸਦੇ ਲਈ ਉਨ੍ਹਾਂ ਕਿਹਾ ਸੀ ਕਿ ਸਾਡੇ ਕੋਲ ਆਈਸੋਲੇਸ਼ਨ ਕਰਨ ਦੀ ਐਨੀ ਸਮਰੱਥਾ ਨਹੀਂ ਹੈ, ਦੇਸ਼ ਦੇ ਵਿਚ ਵਸਦੇ ਲੋਕਾਂ ਨੂੰ ਪਹਿਲ ਦੇਣੀ ਹੋਵੇਗੀ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਣਾ ਹੋਵੇਗਾ। ਅੱਜ ਆਈਆਂ ਤਬਦੀਲੀਆਂ ਸਬੰਧੀ ਸ. ਸੰਨੀ ਸਿੰਘ ਨੇ ਕਿਹਾ ਕਿ ਵਰਕ ਵੀਜ਼ੇ ਵਾਲਿਆਂ ਲਈ ਇਹ ਵੱਡੀ ਸਹੂਲਤ ਹੈ, ਵਾਰ-ਵਾਰ ਵੀਜ਼ਾ ਅਪਲਾਈ ਕਰਨ ਤੋਂ ਬਚਾਅ ਹੋਵੇਗਾ ਅਤੇ ਜਿਨ੍ਹਾਂ ਖੇਤਰਾਂ ਵਿਚ ਘੱਟ ਤਨਖਾਹ ਵਾਲੇ ਲੋਕ ਕੰਮ ਕਰਨ ਆਉਂਦੇ ਹਨ ਉਨ੍ਹਾਂ ਲਈ  ਵੀ ਫਾਇਦਾ ਹੈ। ਬਾਹਰ ਫਸੇ ਕਾਮਿਆਂ ਲਈ ਸਰਕਾਰ ਨੇ ਭਾਵੇਂ ਕੁਝ ਜਰੂਰੀ ਦਰਵਾਜ਼ੇ ਖੁੱਲ੍ਹੇ ਰੱਖੇ ਹਨ ਪਰ ਸ਼ਾਇਦ ਗਿਣਤੀ ਐਨੀ ਵੱਡੀ ਹੋਵੇਗੀ ਕਿ ਸਰਕਾਰ ਅਜੇ ਹੱਥ ਨਹੀਂ ਪਾ ਰਹੀ। ਦੇਸ਼ ਦੇ ਵਿਕਾਸ ਵਿਚ ਪ੍ਰਵਾਸੀਆਂ ਕਾਮਿਆਂ ਦੀ ਲੋੜ ਹਮੇਸ਼ਾਂ ਰਹੀ ਹੈ ਅਤੇ ਇਕ ਦਿਨ ਇਹ ਕਾਮੇ ਇਸ ਦੇਸ਼ ਵਿਚ ਮੁੜ ਬੁਲਾਏ ਜਾਣਗੇ ਅਜਿਹੀ ਉਨ੍ਹਾਂ ਨੂੰ ਆਸ ਹੈ। ਅੱਜ ਦੀਆਂ ਤਬਦੀਲੀਆਂ ਦੇ ਵਿਚ ਬਾਹਰ ਫਸੇ ਵਰਕ ਵੀਜੇ ਵਾਲਿਆਂ ਲਈ ਕੁਝ ਨਹੀਂ ਕਿਹਾ ਗਿਆ।


Share