ਨਿਊਜ਼ੀਲੈਂਡ ਪ੍ਰਧਾਨ ਮੰਤਰੀ ਵੱਲੋਂ ਔਕਲੈਂਡ ਦੇ ਵਿਚ ਲੈਵਲ-3 ਅਤੇ ਬਾਕੀ ਦੇਸ਼ ਵਿਚ ਲੈਵਲ-2 ਲਾਗੂ

429
Share

ਘੰਟੀ ਖਤਰੇ ਦੀ: ਕਮਿਊਨਿਟੀ ’ਚ ਵਧ ਰਿਹੈ ਕਰੋਨਾ
ਆਕਲੈਂਡ, 27 ਫਰਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੇ ਆਕਲੈਂਡ ਵਿਚ ਕੱਲ੍ਹ ਸਵੇਰੇ 6 ਵਜੇ ਤੋਂ ਮੁੜ ਕਰੋਨਾ ਅਲਰਟ ਲੈਵਲ 3 ਅਤੇ ਬਾਕੀ ਦੇਸ਼ ਦੇ ਵਿਚ ਅਲਰਟ ਲੈਵਲ 2 ਲਾਗੂ ਕਰ ਦਿੱਤਾ ਹੈ। ਅਜਿਹਾ ਇਸ ਕਰਕੇ ਕੀਤਾ ਗਿਆ ਕਿਉਂਕਿ ਅੱਜ ਫਿਰ ਇਕ ਕੇਸ ਕਰੋਨਾ ਕਮਿਊਨਿਟੀ ਦਾ ਆ ਗਿਆ ਸੀ। ਇਸਦਾ ਪਹਿਲਾਂ ਤਿੰਨ ਵਾਰ ਕਰੋਨਾ ਟੈਸਟ ਨੈਗੇਵਿਟ ਸੀ ਪਰ ਚੌਥੀ ਵਾਰ ਪਾਜੇਟਿਵ ਆ ਗਿਆ। ਪ੍ਰਧਾਨ ਮੰਤਰੀ ਨੇ ਕੈਬਨਿਟ ਦੀ ਗੰਭੀਰ ਸਥਿਤੀ ਦੇ ਵਿਚ ਮੀਟਿੰਗ ਸੱਦੀ ਅਤੇ ਠੀਕ 9 ਵਜੇ ਖੁਦ ਲੈਵਲ-3 ਅਤੇ ਲੈਵਲ-2 ਕਰਨ ਦਾ ਐਲਾਨ ਕੀਤਾ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਜਿਸ ਕਰਕੇ ਖਤਰਾ ਦੁਬਾਰਾ ਬਣਦਾ ਜਾ ਰਿਹਾ ਹੈ। ਗੌਰਤਲਬ ਹੈ ਕਿ ਕਮਿਊਨਿਟੀ ਕੋਰਨਾ ਦਾ ਪਾਜੇਟਿਵ ਆਇਆ ਵਿਅਕਤੀ ਕੱਲ੍ਹ ਦੁਪਹਿਰ ਜਨਰਲ ਪ੍ਰੈਕਟੀਸ਼ਨਰ ਕੋਲ ਕੋਵਿਡ ਟੈੱਸਟ ਲਈ ਗਿਆ ਅਤੇ ਫਿਰ ਉਸ ਤੋਂ ਬਾਅਦ ਜਿੰਮ ਵੀ ਚਲਾ ਗਿਆ ਤੇ ਹੁਣ ਉਸਦਾ ਨਤੀਜਾ ਪਾਜੇਟਿਵ ਆ ਗਿਆ ਹੈ। ਇਸ ਵਿਅਕੀ ਦੀ ਮਾਂ ਵੀ ਕਰੋਨਾ ਪਾਜੇਟਿਵ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰਕ ਬੱਬਲ ਤੋਂ ਬਾਹਰ ਜਾਣ ਦੀ ਮਨਾਹੀ ਹੈ ਸਾਰੀਆਂ ਖੇਡਾਂ ਅਤੇ ਇਕੱਠ ਰੱਦ ਕੀਤੇ ਜਾਂਦੇ ਹਨ। ਸਕੂਲ ਬੰਦ ਰਹਿਣਗੇ। ਸੁਪਰਮਾਰਕੀਟਾਂ ਖੁੱਲ੍ਹੀਆਂ ਰਹਿਣਗੀਆਂ। ਪਰ ਆਕਲੈਂਡ ਦੇ ਬਾਰਡਰ ਸੀਲ ਕਰ ਦਿੱਤੇ ਜਾਣਗੇ। ਲਾਕਡਾਊਨ ਦੇ ਚਲਦਿਆਂ ਜਿੱਥੇ ਕੱਲ੍ਹ ਪਾਪਾਟੋਏਟੋਏ ਵਿਖੇ ਹੋਣ ਵਾਲਾ ਖੇਡ ਟੂਰਨਾਮੈਂਟ ਅੱਗੇ ਪਾ ਦਿੱਤਾ ਗਿਆ ਹੈ ਉਥੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਵੀ ਕੱਲ੍ਹ ਸਮਾਪਤੀ ਸਮਾਗਮ ਸੀਮਤ ਕਰ ਦਿੱਤਾ ਗਿਆ। ਨਵੇਂ ਨਿਯਮਾਂ ਮੁਤਾਬਿਕ 10 ਤੋਂ ਜਿਆਦਾ ਵਿਅਕਤੀ ਇਕੱਠੇ ਨਹੀਂ ਹੋ ਸਕਣਗੇ ਇਸ ਕਰਕੇ ਸੰਗਤ ਨੂੰ ਘਰੇ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਮਾਗਮ ਰੱਦ ਹੋ ਗਏ ਹਨ।
ਬਿਜ਼ਨਸਾਂ ਨੂੰ ਮਿਲੇਗੀ ਸਹਾਇਤਾ ਵੇਜ਼ ਸਬਸਿਡੀ: ਜੇਕਰ ਕਰੋਨਾ ਲਾਕਡਾਊਨ 7 ਦਿਨ ਤੋਂ ਜਿਆਦਾ ਹੁੰਦਾ ਹੈ ਤਾਂ ਸਰਕਾਰ ਬਿਜਨਸ ਅਦਾਰਿਆਂ ਨੂੰ ਸਹਿਯੋਗ ਵੀ ਕਰੇਗੀ ਅਤੇ ਵੇਜ ਸਬਸਿਡੀ ਵੀ ਦੇਵੇਗੀ। ਸਰਕਾਰ ਨੇ 400 ਤੋਂ 500 ਮਿਲੀਅਨ ਡਾਲਰ ਇਸ ਕੰਮ ਵਾਸਤੇ ਰੱਖ ਲਿਆ ਹੈ। ਸਰਕਾਰ ਪਿਛਲੇ ਫਾਰਮੂਲੇ ਉਤੇ ਹੀ ਕੰਮ ਕਰੇਗੀ ਅਤੇ ਉਸੀ ਹਿਸਾਬ ਦੇ ਨਾਲ ਵੇਜ ਸਬ-ਸਿਡੀ ਦੇਵੇਗੀ।


Share