ਨਿਊਜ਼ੀਲੈਂਡ ਪ੍ਰਧਾਨ ਮੰਤਰੀ ਪੁੱਜੀ ਕੌਫੀ ਸ਼ਾਪ ‘ਤੇ ਪਰ ਅੰਦਰ ਨਿਯਮਾਂ ਅਨੁਸਾਰ ਗਾਹਕ ਗਿਣਤੀ ਪੂਰੀ ਹੋਣ ਕਰਕੇ ਨਾ ਹੋ ਸਕੀ ਐਂਟਰੀ

740

ਪਾਲਣਾ ਨਿਯਮਾ ਦੀ: ਚਾਹੇ ਹੋਵੇ ਪੀ.ਐਮ.
-ਦੋ ਗਾਹਕਾਂ ਦੇ ਚਲੇ ਜਾਣ ਬਾਅਦ ਸਟਾਫ ਨੇ ਮੁੜ ਸੱਦਿਆ ਤੇ ਪਿਲਾਈ ਕੌਫੀ
ਔਕਲੈਂਡ, 16  ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਦੋਂ ਗੱਲ ਨਿਯਮਾਂ ਦੇ ਲਾਗੂ ਕਰਨ ਦੀ ਹੋਵੇ ਜਾਂ ਫਿਰ ਉਨ੍ਹਾਂ ਦਾ ਪਾਲਣ ਕਰਨ ਦੀ ਤਾਂ ਲੋਕ ਅਤੇ ਨੇਤਾ ਇਕ ਬਰਾਬਰ ਹੋਣੇ ਚਾਹੀਦੇ ਹਨ, ਪਰ ਇੰਝ ਬਹੁਤ ਸਾਰੇ ਮੁਲਕਾਂ ਦੇ ਵਿਚ ਹੁੰਦਾ ਨਹੀਂ। ਇਸਦੇ ਉਲਟ ਕਈ ਵਿਕਸਤ ਦੇਸ਼ ਅਜਿਹੀ ਉਦਾਹਰਣ ਸੈਟ ਕਰ ਦਿੰਦੇ ਹਨ ਕਿ ਲੋਕ ਅਜਿਹੇ ਨੇਤਾਵਾਂ ਨੂੰ ਆਮ ਦੁਕਾਨਦਾਰ ਵੀ ਨਿਯਮਾਂ ਦਾ ਪਾਠ ਪੜ੍ਹਾ ਦਿੰਦਾ ਹੈ। ਅੱਜ ਨਿਊਜ਼ੀਲੈਂਡ ਦੇ ਵਿਚ ਅਜਿਹੀ ਘਟਨਾ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਨਾਲ ਹੋਈ। ਉਹ ਸਵੇਰੇ ਦੇਸ਼ ਦੀ ਰਾਜਧਾਨੀ ਵਿਖੇ ਇਕ ਕੌਫੀ ਸ਼ਾਪ ਉਤੇ ਆਪਣੇ ਪਤੀ ਦੇ ਨਾਲ ਕੌਫੀ ਦਾ ਕੱਪ ਲੈਣ ਚਲੇ ਗਈ। ਸ਼ਾਪ ਦੇ ਅੰਦਰ ਕਰੋਨਾ ਵਾਇਰਸ ਦੇ ਚਲਦਿਆਂ ਲੈਵਲ-2 ਦੇ ਨਿਯਮ ਲਾਗੂ ਸਨ ਅਤੇ 10 ਤੋਂ ਜਿਆਦਾ ਵਿਅਕਤੀਆਂ ਦੇ ਇਕੱਠ ਤੋਂ ਵੱਧ ਦੀ ਮਨਾਹੀ ਸੀ। ਜਦੋਂ ਇਹ ਕੌਫੀ ਲੈਣ ਪਹੁੰਚੇ ਤਾਂ ਹਾਜ਼ਿਰ ਸਟਾਫ ਨੇ ਕਿਹਾ ਕਿ ਅਜੇ ਤੁਸੀਂ ਕੌਫੀ ਸ਼ਾਪ ਦੇ ਅੰਦਰ ਨਹੀਂ ਆ ਸਕਦੇ ਕਿਉਂਕਿ 10 ਤੋਂ ਵੱਧ ਵਿਅਕਤੀ ਇਕ ਦੁਕਾਨ ਅੰਦਰ ਇਕੱਠੇ ਕਰਨ ਦੀ ਮਨਾਹੀ ਹੈ। ਸਮਾਜਿਕ ਫਾਸਲੇ ਦਾ ਧਿਆਨ ਰੱਖਦਿਆਂ ਇਹ ਨਿਯਮ ਹਰ ਥਾਂ ਲਾਗੂ ਕਰਨ ਵਿਚ ਦੁਕਾਨਦਾਰਾਂ ਨੇ ਪੂਰਾ ਯੋਗਦਾਨ ਪਾਇਆ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਉਸਦੇ ਪਤੀ ਨੇ ਨਿਯਮਾਂ ਦਾ ਪਾਲਣ ਕਰਦਿਆਂ ਉਥੇ ਕੁਝ ਸਮਾਂ ਉਡੀਕ ਕੀਤੀ ਤੇ ਉਥੋਂ ਚਲੇ ਗਏ। ਐਨੇ ਨੂੰ ਦੋ ਗਾਹਕਾਂ ਦੇ ਜਾਣ ਬਾਅਦ ਕੌਫੀ ਸ਼ਾਪ ਦੇ ਵਿਚ ਥਾਂ ਵਿਹਲੀ ਹੋਈ ਤਾਂ ਸਟਾਫ ਨੇ ਮਗਰ ਜਾ ਕੇ ਕਿਹਾ ਕਿ ਆ ਜਾਓ ਜਗ੍ਹਾ ਖਾਲੀ ਹੋ ਗਈ ਹੈ। ਕਿਸੀ ਨੇ ਇਸ ਗੱਲ ਨੂੰ ਟਵੀਟਰ ਉਤੇ ਪਾ ਦਿਤਾ ਤਾਂ ਪ੍ਰਧਾਨ ਮੰਤਰੀ ਦੇ ਪਤੀ ਨੇ ਅਸਿੱਧੇ ਰੂਪ ਵਿਚ ਆਪਣੀ ਹੀ ਜ਼ਿੰਮੇਵਾਰੀ ਸਮਝਦਿਆਂ ਕਿਹਾ ਕਿ ਅਸੀਂ ਹੀ ਕੌਫੀ ਵਾਸਤੇ ਕੋਈ ਆਗਾਊਂ ਪ੍ਰਬੰਧ ਜਾਂ ਬੁਕਿੰਗ ਨਹੀਂ ਕੀਤੀ ਸੀ।  ਪ੍ਰਧਾਨ ਮੰਤਰੀ ਨੇ ਲਗਪਗ ਅੱਧਾ ਘੰਟਾ ਕੌਫੀ ਸ਼ਾਪ ਵਿਚ ਗੁਜਾਰਿਆ ਅਤੇ ਇਕ ਆਮ ਗਾਹਕ ਵਜੋਂ ਪੇਸ਼ ਹੋਈ। ਕੌਫੀ ਸ਼ਾਪ ਦਾ ਸਟਾਫ ਵੀ ਇਸ ਮੌਕੇ ਕਿਸੇ ਦਬਾਅ ਅਧੀਨ ਨਹੀਂ ਆਇਆ ਇਕ ਗਾਹਕ ਵਾਂਗ ਸਰਵ ਕੀਤਾ ਗਿਆ।