ਨਿਊਜ਼ੀਲੈਂਡ ਪ੍ਰਧਾਨ ਮੰਤਰੀ ਨੇ ਅਗਲੇ ਹਫਤੇ ਹੋਣ ਵਾਲੀ ਕਰੋਨਾ ਵਾਇਰਸ ਤਾਲਾਬੰਦੀ ਲੈਵਲ-2 ਸਬੰਧੀ ਦਿੱਤੀ ਜਾਣਕਾਰੀ

740

ਲੈਵਲ-2: ਪਰਤਣਗੀਆਂ ਰੌਣਕਾਂ-ਹੋਣਗੀਆਂ ਖੇਡਾਂ
-ਰਿਸ਼ਤੇਦਾਰੀਆਂ ਵਿਚ ਹੋਵੇਗੀ ਆਣਕ-ਜਾਣਕ -ਰੱਖਣਾ ਹੋਵੇਗਾ ਖਿਆਲ
-ਕੇਅਰਫੁੱਲ ‘ਹੱਗ’ ਓ.ਕੇ. -ਮਾਸਕ ਪਾਉਣ ਦੀ ਰਹੇਗੀ ਮਰਜ਼ੀ
ਔਕਲੈਂਡ, 7 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਪ੍ਰਧਾਨ ਮੰਤਰੀ ਨੇ ਕਰੋਨਾ ਵਾਇਰਸ ਦੇ ਚਲਦਿਆਂ ਤਾਲਾਬੰਦੀ ਦੇ ਪੱਧਰ ਨੂੰ ਲੈਵਲ-3 ਤੋਂ ਘਟਾ ਕੇ ਲੈਵਲ -2 ਉਤੇ ਕਰਨ ਬਾਅਦ ਹੋਣ ਵਾਲੀਆਂ ਤਬਦੀਲਆਂ ਬਾਰੇ ਅੱਜ ਮੀਡੀਆ ਨੂੰ ਜਾਣਕਾਰੀ ਦਿੱਤੀ। ਜੇਕਰ ਅਗਲੇ ਸੋਮਵਾਰ ਤੱਕ ਕਰੋਨਾ ਵਾਇਰਸ ਸ਼ਾਂਤ ਰਿਹਾ ਤਾਂ ਲੈਵਲ 2 ਦੀ ਘੰਟੀ ਖੜਕਾਈ ਜਾ ਸਕਦੀ ਹੈ। ਸੋ ਜੇਕਰ ਲੈਵਲ-2 ਅਗਲੇ ਸੋਮਵਾਰ ਅਮਲ ਵਿਚ ਆ ਜਾਂਦਾ ਹੈ ਤਾਂ ਦੁਕਾਨਾਂ, ਬਾਰਬਰਜ਼, ਬਾਰਜ਼ ਅਤੇ ਕੌਫੀ ਦੁਕਾਨਾ ਖੁੱਲ੍ਹ ਜਾਣਗੀਆਂ। ਕੀਵੀ ਆਪਣੇ ਬੱਬਲਜ਼ (ਫੈਮਿਲੀ ਸਰਕਲ) ਦੇ ਵਿਚ ਆਪਣੇ ਦੋਸਤਾਂ ਨੂੰ ਸ਼ਾਮਿਲ ਕਰ ਸਕਣਗੇ। ਉਹ ਦੇਸ਼ ਭਰ ਦੇ ਵਿਚ ਜਾ ਸਕਣਗੇ  ਪਬਲਿਕ ਪਾਰਕਾਂ, ਰੀਕ੍ਰੀਏਸ਼ਨਲ ਸਪੋਰਟਸ ਅਤੇ ਪ੍ਰੋਫੈਸ਼ਨਲ ਖੇਡਾਂ ਵੀ ਸ਼ੁਰੂ ਹੋ ਜਾਣਗੀਆਂ। ਸੁਪਰ ਰਗਬੀ ਅਤੇ ਨੈਸ਼ਨਲ ਨੈਟਬਾਲ  ਲੀਗ ਵੀ ਸ਼ੁਰੂ ਹੋ ਜਾਵੇਗੀ। ਇਕੱਠ ਉਤੇ ਨਿਯਮ ਲਾਗੂ ਰਹਿਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਅਜੇ ਅੱਧਾ ਸਫਰ ਕੀਤਾ ਹੈ ਅਤੇ ਕੋਈ ਨਹੀਂ ਚਾਹੁੰਦਾ ਕਿ ਅਸੀਂ ਹੁਣ ਪਿੱਛੇ ਮੁੜੀਏ। ਅਰਲੀ ਚਾਇਲਡ ਐਜੂਕੇਸ਼ਨ ਸੈਂਟਰ ਅਤੇ ਸਕੂਲ ਖੁੱਲ੍ਹਣਗੇ। ਸਿਹਤ ਡਾਇਰੈਕਟਰ ਨੇ ਕਿਹਾ ਕਿ ਅਣਜਾਣ ਬੰਦਿਆ ਤੋਂ 2 ਮੀਟਰ ਦਾ ਫਾਸਲਾ ਰੱਖਿਆ ਜਾਏਗਾ ਜਦ ਕਿ ਜਾਣਕਾਰ ਦੇ ਨਾਲ ਇਕ ਮੀਟਰ ਦਾ ਫਾਸਲਾ ਜਰੂਰੀ ਹੈ।  70 ਸਾਲ ਤੋਂ ਉਪਰ ਵਾਲੇ ਜਿਨ੍ਹਾਂ ਦੀ ਸਿਹਤ ਢਿੱਲੀ ਰਹਿੰਦੀ ਹੈ  ਦੇ ਲਈ ਲੈਵਲ-2 ਵਾਲੇ ਰੂਲ ਹੀ ਲਾਗੂ ਰਹਿਣਗੇ।
ਵਿਆਹ ਸ਼ਾਦੀਆਂ ਅਤੇ ਹੋਰ ਰੰਗਾ-ਰੰਗ ਪ੍ਰੋਗਰਾਮ: ਵਿਆਹ ਸ਼ਾਦੀਆਂ ਲਈ ਹੁਕਮ ਹੈ ਕਿ ਬਿਲਡਿੰਗ ਦੇ ਅੰਦਰ ਜਾਂ ਬਾਹਰ 100 ਲੋਕ ਵੱਧ ਤੋਂ ਵੱਧ ਇਕੱਠੇ ਨਹੀਂ ਹੋਣਗੇ। ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰਾਂ ਵਿਚ ਜਾ ਸਕਣਗੇ। ਡਿਨਰ ਆਦਿ ਦੇ ਲਈ ਘੱਟੋ-ਘੱਟ ਗਿਣਤੀ ਵਿਚ ਰਹਿਣ ਦੀ ਸਲਾਹ ਹੈ ਪਰ ਇਸ ਸਬੰਧੀ ਪੂਰੇ ਨਿਯਮ ਜਲਦੀ ਆ ਜਾਣਗੇ।
ਘਰੇਲੂ ਉਡਾਣਾ- ਲੈਵਲ-2 ਦੇ ਵਿਚ ਘਰੇਲੂ ਉਡਾਣਾ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਹਵਾਈ ਅੱਡਿਆਂ ਉਤੇ ਲੋਕਾਂ ਨੂੰ ਸਮਾਜਿਕ ਫਾਸਲਾ ਬਣਾਈ ਰੱਖਣਾ ਹੋਵੇਗਾ। ਵੱਡੇ ਇਕੱਠ ਲਈ ਘਰੇਲੂ ਉਡਾਣ ਦੀ ਵਰਤੋਂ ਤੁਹਾਡੀ ਸੁਰੱਖਿਆ ਦੇ ਲਈ ਠੀਕ ਨਹੀਂ ਹੋਵੇਗੀ। ਕੌਫੀ ਅਤੇ ਬਾਰਾਂ ਦੇ ਵਿਚ ਸਮਰੱਥਾਂ ਦੇ ਮੁਤਾਬਿਕ ਹੀ ਇਕੱਲੇ-ਇਕੱਲੇ ਬਿਠਾਇਆ ਜਾਵੇਗਾ, ਟੇਬਲ ਉਤੇ ਸਰਵਿਸ ਹੋਵੇਗੀ। ਰੈਸਟੋਰੈਂਟਾਂ ਦੇ ਦਰਵਾਜ਼ਿਆਂ ਦੇ ਹੈਂਡਲ, ਐਫਟਪੋਸ ਮਸ਼ੀਨਾਂ ਅਤੇ ਜਿੱਸ-ਜਿਸ ਜਗ੍ਹਾ ਗਾਹਕ ਦਾ ਹੱਥ ਲਗਦਾ ਹੋਵੇ ਸਾਫ ਰੱਖਣੀਆਂ ਪੈਣਗੀਆਂ। ਜਿਹੜੇ ਦੁਕਾਨਦਾਰ ਨਿਯਮਾਂ ਦਾ ਪਾਲਣ ਨਹੀਂ ਕਰਨਗੇ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਤੋਂ ਰੋਕਿਆ ਜਾ ਸਕਦਾ ਹੈ।
ਨਿਊਜ਼ੀਲੈਂਡ ਬਾਰਡਰ ਅਜੇ ਬੰਦ ਰਹਣਿਗੇ ਸਿਰਫ ਅੰਤਰਰਾਜੀ ਆਉਣ-ਜਾਣਾ ਖੁੱਲ੍ਹਾ ਹੋਵੇਗਾ। ਜਿਹੜੇ ਕੀਵੀ ਦੇਸ਼ ਵਾਪਸੀ ਕਰਨਗੇ ਉਨ੍ਹਾਂ ਨੂੰ 14 ਦਿਨ ਵੱਖਰੇ ਰੱਖਿਆ ਜਾਵੇਗਾ। ਮਾਸਕ ਪਹਿਨਣਾ ਲੋਕਾਂ ਦੀ ਮਰਜ਼ੀ ਹੋਵੇਗਾ ਸੁਰੱਖਿਆ ਵਾਸਤੇ ਪਹਿਨਿਆ ਜਾ ਸਕਦਾ ਹੈ। ਅੱਜ ਕਰੋਨਾ ਦਾ ਇਕ ਨਵਾਂ ਕੇਸ ਵੀ ਦਰਜ ਕੀਤਾ ਗਿਆ ਹੈ।