ਨਿਊਜ਼ੀਲੈਂਡ ਪ੍ਰਧਾਨ ਮੰਤਰੀ ਨੇ ਔਕਲੈਂਡ ਖੇਤਰ ਦਾ ਲੌਕਡਾਊਨ ਪੱਧਰ-3 ਐਤਵਾਰ ਤੱਕ ਵਧਾਇਆ

599
Share

ਔਕਲੈਂਡ, 24 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡ ਆਰਡਨ ਨੇ ਅੱਜ ਕੈਬਿਨਟ ਮੀਟਿੰਗ ਦੇ ਬਾਅਦ ਐਲਾਨ ਕੀਤਾ ਕਿ ਔਕਲੈਂਡ ਖੇਤਰ ਦੇ ਵਿਚ ਚੱਲ ਰਿਹਾ ਕਰੋਨਾ ਲਾਕਡਾਊਨ ਪੱਧਰ-3 ਹੁਣ 30 ਅਗਸਤ ਰਾਤ 12 ਵਜੇ ਤੱਕ ਜਾਰੀ ਰੱਖਿਆ ਜਾਵੇਗਾ ਅਤੇ ਇਸ ਤੋਂ ਬਾਅਦ ਇਹ ਦੇਸ਼ ਦੇ ਦੂਜੇ ਹਿਸਿਆਂ ਦੇ ਪੱਧਰ-2 ਦੇ ਬਰਾਬਰ ਆ ਸਕੇਗਾ। ਸਰਕਾਰ ਕਰੋਨਾ ਦੇ ਫੈਲਾਅ ਲਈ ਕਲੱਸਟਰ ਉਤੇ ਗੌਰ ਫਰਮਾਏਗੀ। ਇਸ ਵਾਰ ਪੱਧਰ-2 ਦੀਆਂ ਸ਼ਰਤਾਂ ਨੂੰ ਹੋਰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਸੋਮਵਾਰ ਤੋਂ ਜਨਤਕ ਟਰਾਂਸਪੋਰਟ ਦੇ ਵਿਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪੱਧਰ 2 ਦੇ ਵਿਚ ਇਕੱਠ ਕਰਨ ਦੀ ਸਮਰੱਥਾ 10 ਲੋਕਾਂ ਤੱਕ ਹੀ ਰਹੇਗੀ ਜਦ ਕਿ ਅੰਤਿਮ ਸੰਸਕਾਰ ਆਦਿ ਵੇਲੇ ਇਹ ਗਿਣਤੀ 50 ਤੱਕ ਹੋ ਸਕੇਗੀ। ਅੱਜ ਕਰੋਨਾ ਦੇ 9 ਨਵੇਂ ਕੇਸ ਆਉਣ ਦੇ ਕਾਰਨ ਹੁਣ ਕੁੱਲ ਐਕਟਿਵ ਕੇਸਾਂ ਦੀ ਗਿਣਤੀ 123 ਹੋ ਗਈ ਹੈ। 10 ਲੋਕ ਹਸਪਤਾਲ ਦੇ ਵਿਚ ਹਨ। ਦੇਸ਼ ਦੇ ਵਿਚ 1332 ਪੁਸ਼ਟੀ ਕੀਤੇ ਕੇਸ ਹਨ ਅਤੇ ਸੰਭਾਵਿਤ ਕੇਸਾਂ ਦੀ ਗਿਣਤੀ 351 ਹੈ। 1538 ਲੋਕ ਠੀਕ ਹੋ ਚੁੱਕੇ ਹਨ ਅਤੇ 22 ਦੀ ਮੌਤ ਹੋ ਚੁੱਕੀ ਹੈ।


Share