ਨਿਊਜ਼ੀਲੈਂਡ ਪੁਲਿਸ ਨੇ ਕੱਲ੍ਹ ਇਕ ਹਮਲੇ ਵਿਚ ਸ਼ਹੀਦ ਹੋਏ ਪੁਲਿਸ ਅਫਸਰ ਦਾ ਨਾਂਅ ਅਤੇ ਤਸਵੀਰ ਜਾਰੀ ਕੀਤੀ

677
Share

-ਨਿਊਜ਼ੀਲੈਂਜ ਕਬੱਡੀ ਫੈਡਰੇਸ਼ਨ ਅਤੇ ਖੇਡ ਕਲੱਬਾਂ ਵੱਲੋਂ ਅਫਸੋਸ ਪ੍ਰਗਟ
ਔਕਲੈਂਡ, 20 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਕੱਲ੍ਹ ਸਵੇਰੇ 103.0 ਵਜੇ ਇਥੇ ਦੇ ਮੈਸੀ ਹਲਕੇ ਵਿਚ ਰੂਟੀਨ ਟ੍ਰੈਫਿਕ ਚੈਕਿੰਗ ਦੌਰਾਨ ਇਕ ਪੁਲਿਸ ਅਫਸਰ ਹਮਲਾਵਰ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਅਤੇ ਸ਼ਹੀਦੀ ਪਾ ਗਿਆ ਸੀ। ਪੂਰੇ ਦੇਸ਼ ਦੇ ਵਿਚੋਂ ਇਸ ਪੁਲਿਸ ਅਫਸਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਅੱਜ ਪੁਲਿਸ ਨੇ ਇਸ 28 ਸਾਲਾ ਪੁਲਿਸ ਅਫਸਰ ਦਾ ਨਾਂਅ ਅਤੇ ਤਸਵੀਰ ਜਾਰੀ ਕੀਤੀ ਹੈ। ਇਸ ਪੁਲਿਸ ਅਫਸਰ ਦਾ ਨਾਂਅ ਸੀ ਮੈਥਿਊ ਡੈਨਿਸ ਹੰਟ। ਇਸ ਪੁਲਿਸ ਅਫਸਰ ਨੇ 2017 ਦੇ ਵਿਚ ਵਿੰਗ 312 ਦੀ ਪਾਸਿੰਗ ਬਾਅਦ ਆਪਣੀ ਨੌਕਰੀ ਸ਼ੁਰੂ ਕੀਤੀ ਸੀ। ਆਪਣੀ ਨੌਕਰੀ ਦਾ ਜਿਆਦਾ ਸਮਾਂ ਇਸਨੇ ਫਰੰਟ ਲਾਈਨਰ ਵਜੋਂ ਸੇਵਾ ਦੌਰਾਨ ਪੂਰਾ ਕੀਤਾ। ਕਾਂਸਟੇਬਲ ਹਿਬਕਸ ਕੋਸਟ ਵਿਖੇ ਵੱਡਾ ਹੋਇਆ। ਓਰੀਵਾ ਕਾਲਜ ਵਿਖੇ ਉਸਨੇ ਪੜ੍ਹਾਈ ਕੀਤੀ। ਕ੍ਰੀਮੀਨੋਲੋਜੀ  ਦੇ ਵਿਚ ਉਨ੍ਹਾਂ ਬੀ. ਏ. ਕੀਤੀ। ਔਕਲੈਂਡ ਪ੍ਰਿਜਨ ਦੇ ਵਿਚ ਉਹ ਕੇਸ ਮੈਨੇਜਰ ਵੀ ਰਹੇ। ਕੁਝ ਸਮਾਂ ਉਹ ਇੰਗਲੈਂਡ ਵੀ ਰਹੇ।
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਅਫਸੋਸ:
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਪ੍ਰਧਾਨ ਸ. ਅਵਤਾਰ ਸਿਘ ਤਾਰੀ, ਸਕੱਤਰ ਸ. ਤੀਰਥ ਸਿੰਘ ਅਟਵਾਲ ਅਤੇ ਸਪੋਕਸਪਰਸਨ ਸ. ਹਰਪ੍ਰੀਤ ਸਿੰਘ ਰਾਏਸਰ ਨੇ ਸਮੁੱਚੇ ਮੈਂਬਰਾਂ ਦੀ ਤਰਫ ਤੋਂ ਕਿਹਾ ਹੈ ਕਿ ਨਿਊਜ਼ੀਲੈਂਡ ਪੁਲਿਸ ਦੁਨੀਆ ਦੀ ਇਕ ਬਿਹਤਰੀਨ ਪੁਲਿਸ ਹੈ। ਇਸਦਾ ਉਦੇਸ਼ ਲੋਕਾਂ ਦੀ ਸੁਰੱਖਿਆ ਕਰਨਾ ਹੈ ਉਹ ਵੀ ਲੋਕਾਂ ਨੂੰ ਨਾਲ ਲੈ ਕੇ। ਜੇਕਰ ਲੋਕ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਬੇਖੌਫ ਕਰਨ ਲੱਗ ਪੈਣ ਤਾਂ ਪੁਲਿਸ ਨੂੰ ਹੋਰ ਸਖਤੀ ਨਾਲ ਪੇਸ਼ ਆਉਣਾ ਪਵੇਗਾ। ਉਨ੍ਹਾਂ ਨੇ ਕੱਲ੍ਹ ਪੁਲਿਸ ਅਫਸਰ ਮੈਥਿਊ ਡੈਨਿਸ ਹੰਟ ਦੀ ਹੋਈ ਮੌਤ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਜ਼ਖਮੀ ਪੁਲਿਸ ਅਫਸਰ ਅਤੇ ਇਕ ਰਾਹਗੀਰ ਦੀ ਸਿਹਤਯਾਬੀ ਦੀ ਵੀ ਕਾਮਨਾ ਕੀਤੀ ਗਈ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀਆਂ ਵੱਖ-ਵੱਖ ਖੇਡ ਕਲੱਬਾਂ  ‘ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ’,  ‘ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ’, ‘ਪੰਜਾਬ ਕੇਸਰੀ ਕਲੱਬ’, ‘ਬੇਅ ਆਫ ਪਲੈਂਟੀ ਕਲੱਬ ਸਪੋਰਟਸ ਟੌਰੰਗਾ’, ‘ਚੜਦੀ ਕਲਾ ਸਪੋਰਟਸ ਕਲੱਬ ਪਾਪਾਮੋਆ’,  ‘ਪੰਜਾਬ ਸਪੋਰਟਸ ਕਲੱਬ ਹੇਸਟਿੰਗ’, ‘ਅੰਬੇਦਕਰ ਸਪੋਰਟਸ ਕਲੱਬ ਪੁੱਕੀਕੁਹੀ’, ‘ਦੋਆਬਾ ਸਪੋਰਟਸ ਕਲੱਬ ਆਕਲੈਡ’, ‘ਸਿੱਖ ਵੌਰੀਅਰਜ ਕਲੱਬ ਆਕਲੈਡ’,’ਫਾਈਵ ਰਿਵਰ ਸਪੋਰਟਸ ਕਲੱਬ,’ ਸ਼ੇਰ-ਏ ਪੰਜਾਬ ਕਲੱਬ’, ‘ਐਨ. ਜ਼ੈਡ. ਵੂਮੈਨ ਕਬੱਡੀ ਫੈਡਰੇਸ਼ਨ’ ਅਤੇ ‘ਨਿਊਜ਼ੀਲੈਂਡ ਸਿੱਖ ਗੇਮਜ਼ ਕਮੇਟੀ’ ਨੇ ਵੀ ਪੁਲਿਸ ਅਫਸਰ ਦੀ ਹੋਈ ਮੌਤ ਉਤੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ।


Share