ਨਿਊਜ਼ੀਲੈਂਡ ਪਾਸਪੋਰਟ ਵਿਸ਼ਵ ਪੱਧਰ ਉਤੇ ਪਹੁੰਚਿਆ ਪਹਿਲੇ ਨੰਬਰ ‘ਤੇ-129 ਦੇਸ਼ਾਂ ਵਿਚ ਸਿੱਧੀ ਐਂਟਰੀ

529
Share

ਪਾਸਪੋਰਟ: ਕਾਲਾ ਹੈ ਸਰਦਾਰ
– ਭਾਰਤੀ ਪਾਸਪੋਰਟ 58ਵੇਂ ਨੰਬਰ ਉਤੇ-18 ਦੇਸ਼ਾਂ ਲਈ ਵੀਜ਼ਾ ਨਹੀਂ
ਆਕਲੈਂਡ, 6 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਬਾਸ਼ਿੰਦਿਆਂ ਨੂੰ ਜੋ ਸਭ ਤੋਂ ਜਿਆਦਾ ਰੰਗ ਪਸੰਦ ਹੈ ਉਹ ਹੈ ਕਾਲਾ। ਅੰਦਾਜ਼ਾ ਇਸ ਗੱਲ ਤੋਂ ਲਗਾਓ ਕਿ ਇਸ ਦੇਸ਼ ਦੀ ਪੁਰਸ਼ਾਂ ਦੀ ਰਗਬੀ ਕੌਮੀ ਟੀਮ ਦਾ ਨਾਂਅ ਹੈ ‘ਆਲ ਬਲੈਕ’,  ਕੁੜੀਆਂ ਦੀ ਰਗਬੀ ਟੀਮ ਦਾ ਨਾਂਅ ਹੈ ‘ਬਲੈਕ ਫਰਨਜ਼’, ਕ੍ਰਿਕਟ ਟੀਮ ਦਾ ਨਾਂਅ ਹੈ ‘ਬਲੈਕ ਕੈਪਸ’, ਸਰਫ ਲਾਈਫ ਸੇਵਿੰਗ ਟੀਮ ਦਾ ਨਾਂਅ ਹੈ ‘ਬਲੈਕ ਫਿਨਜ਼’, ਬਾਉਲ ਟੀਮ ਦਾ ਨਾਂਅ ਹੈ ‘ਬਲੈਕਜੈਕਸ’, ਹਾਕੀ ਟੀਮ ਦਾ ਨਾਂਅ ਹੈ ‘ਬਲੈਕ ਸਟਿਕਸ’, ਬੇਸਬਾਲ ਟੀਮ ਦਾ ਨਾਂਅ ਹੈ ‘ਡਾਇਮੰਡ ਬਲੈਕਸ’, ਸਾਫਟਬਾਲ ਟੀਮ ਦਾ ਨਾਂਅ ਹੈ ‘ਬਲੈਕ ਸੌਕਸ’ ਤੇ ਵੀਲ੍ਹ ਚੇਅਰ ਟੀਮ ਦਾ ਨਾਂਅ ਹੈ ‘ਵੀਲ੍ਹ ਬਲੈਕਸ’। ਜੇਕਰ ਐਨਾ ਕੁਝ ਕਾਲੇ ਰੰਗ ਦਾ ਹੈ ਤਾਂ ਇਥੇ ਦੇ ਪਾਸਪੋਰਟ ਦਾ ਸਰਵਰਕ ਵੀ ਕਾਲੇ ਰੰਗ ਦਾ  ਹੀ ਹੈ ਜਿਸ ਉਤੇ ਸਿਲਵਰ ਫਰਨ (ਪੱਤੇ) ਬਣਾਏ ਗਏ ਹੁੰਦੇ ਹਨ ਸਰਕਾਰੀ ਲੋਗੋ ਹੁੰਦਾ ਹੈ। ਇਹ ਕਾਲਾ ਪਾਸਪੋਰਟ ਅੱਜ ਦੀ ਤਰੀਕ ਦੇ ਵਿਚ ਵਿਸ਼ਵ ਪੱਧਰ ਦੇ ਉਤੇ ਪਹਿਲੇ ਨੰਬਰ ਉਤੇ ਪਹੁੰਚ ਗਿਆ ਹੈ ਤੇ ਪਾਸਪੋਰਟਾਂ ਦਾ ਸਰਦਾਰ ਬਣ ਗਿਆ ਹੈ। ਇਹ ਕਾਲਾ ਪਾਸਪੋਰਟ ਰੱਖਣ ਵਾਲਾ ਬਿਨਾਂ ਵੀਜੇ ਤੋਂ 86 ਦੇਸ਼ਾਂ ਵਿਚ,  ਪਹੁੰਚਣ ਉਤੇ ਵੀਜ਼ਾ ਪ੍ਰਾਪਤ ਕਰਕੇ 43 ਦੇਸ਼ਾਂ ਦੇ ਵਿਚ ਜਦੋਂ ਮਰਜ਼ੀ ਸਿੱਧੀ ਐਂਟਰੀ (ਦਾਖਲਾ) ਲੈ ਸਕਦਾ ਹੈ। ਦੁਨੀਆ ਦੇ ਸਿਰਫ 69 ਦੇਸ਼ ਬਚਦੇ ਜਿਸ ਦੇ ਲਈ ਇਸ ਕਾਲੇ ਪਾਸਪੋਰਟ ਵਾਲੇ ਨੂੰ ਵੀਜ਼ਾ ਲੈਣਾ ਪਵੇਗਾ। ਦੂਜੀ ਭਾਸ਼ਾ ਦੇ ਵਿਚ ਨਿਊਜ਼ੀਲੈਂਡ ਦਾ ਪਾਸਪੋਰਟ ਹੁਣ ਦੁਨੀਆ ਦਾ ਸਭ ਤੋਂ ਜਿਆਦਾ ਤਾਕਤਵਾਰ ਪਾਸਪੋਰਟ ਬਣ ਗਿਆ ਹੈ। ਇਸ ਤੋਂ ਬਾਅਦ ਦੂਜੇ ਨੰਬਰ ਉਤੇ ਜ਼ਰਮਨੀ,  ਅਸਟਰੀਆ, ਲੱਕਸਮਬਰਗ, ਸਵਿੱਟਜ਼ਰਲੈਂਡ, ਇਰੀਲੈਂਡ, ਸਾਊਥ ਕੋਰੀਆ, ਜਾਪਾਨ ਅਤੇ ਆਸਟਰੇਲੀਆ ਹਨ ਦੇਸ਼ ਹਨ,  ਜਿਸ ਦਾ ਪਾਸਪੋਰਟ ਰੱਖਣ ਵਾਲੇ 128 ਦੇਸ਼ਾਂ ਵਿਚ ਜਾ ਸਕਦੇ ਹਨ। ਤੀਜੇ ਨੰਬਰ ਉਤੇ ਸਵੀਡਨ, ਬੈਲਜੀਅਮ, ਫਰਾਂਸ ਫਿਨਲੈਂਡ, ਇਟਲੀ ਅਤੇ ਸਪੇਨ ਦੇਸ਼ ਹਨ ਜਿਸ ਦਾ ਪਾਸਪੋਰਟ ਰੱਖਣ ਵਾਲੇ 127 ਦੇਸ਼ਾਂ ਵਿਚ ਜਾ ਸਕਦੇ ਹਨ। ਭਾਰਤ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਹ 58ਵੇਂ ਨੰਬਰ ਉਤੇ ਹੈ। ਭਾਰਤ ਦੇਸ਼ ਦਾ ਸ਼ੇਰ ਵਾਲਾ ਪਾਸਪੋਰਟ ਰੱਖਣ ਵਾਲਾ ਵਿਅਕਤੀ ਬਿਨਾਂ ਵੀਜੇ ਤੋਂ 18 ਦੇਸ਼ਾਂ ਦੇ ਵਿਚ, ਪਹੁੰਚਣ ਉਤੇ ਵੀਜਾ ਮਿਲਣ ਵਾਲੇ 34 ਦੇਸ਼ਾਂ ਵਿਚ ਅਤੇ 146 ਦੇਸ਼ਾਂ ਦੇ ਵਿਚ ਵੀਜਾ ਮਿਲਣ ਤੋਂ ਬਾਅਦ ਜਾ ਸਕਦਾ ਹੈ। ਪਾਕਿਸਤਾਨ ਪਾਸਪੋਰਟ ਵਾਲੇ ਸਿਰਫ 8 ਦੇਸ਼ਾਂ ਦੇ ਵਿਚ ਬਿਨਾਂ ਵੀਜ਼ੇ ਤੋਂ, 30 ਦੇਸ਼ਾਂ ਦੇ ਵਿਚ ਪਹੁੰਚਣ ਉਤੇ ਵੀਜ਼ਾ ਮਿਲਣ ਉਤੇ ਅਤੇ 160 ਦੇਸ਼ਾਂ ਦੇ ਵਿਚ ਪਹਿਲਾਂ ਵੀਜ਼ਾ ਲੈ ਕੇ ਜਾ ਸਕਦੇ ਹਨ।  ਸਭ ਤੋਂ ਅਖੀਰ ਦੇ ਵਿਚ ਇਰਾਕ ਆਇਆ ਹੈ ਜਿਸ ਦੇ ਲੋਕ ਸਿਰਫ 4 ਦੇਸ਼ਾਂ ਦੇ ਵਿਚ ਬਿਨਾਂ ਵੀਜਾ, 27 ਦੇਸ਼ਾਂ ਦੇ ਵਿਚ ਪਹੁੰਚਣ ‘ਤੇ ਵੀਜਾ ਅਤੇ 167 ਦੇਸ਼ਾਂ ਦੇ ਵਿਚ ਵੀਜ਼ਾ ਲੈ ਕੇ ਜਾ ਸਕਦੇ ਹਨ। ਇਹ ਸਰਵੇ 193 ਦੇਸ਼ਾਂ ਦਾ ਹੈ ਜੋ ਸੰਯੁਕਤ ਰਾਸ਼ਟਰ ਨਾਲ ਸਬੰਧ ਰੱਖਦੇ ਹਨ।


Share