ਨਿਊਜ਼ੀਲੈਂਡ ਦੇ ਵਿਚ ਬਿਲੀਅਨ ਡਾਲਰ ਦੀ ਹਾਲੀਵੁੱਡ ਮੂਵੀ ‘ਐਵਟਾਰ’ ਦੀ ਅਗਲੀ ਸੀਰੀਜ਼ ਲਈ ਵੱਡਾ ਫਿਲਮੀ ਦਲ ਪਹੁੰਚਿਆ

704
ਅਸ਼ਰਿਤਾ ਕਾਮਥ ਆਰਟ ਡਾਇਰੈਕਟਰ ਫਿਲਮ 'ਅਵਤਾਰ-2' 
Share

ਵਾਹ!: ਕਰੋਨਾ ਭਜਾਇਆ ਪੈਸਾ ਸੱਦਿਆ
-ਆਰਟ ਡਾਇਰੈਕਟਰਾਂ ਦੀ ਟੀਮ ਵਿਚ ਸ਼ਾਮਿਲ ਹੈ ਭਾਰਤੀ ਕੁੜੀ ਅਸ਼ਰਿਤਾ ਕਾਮਥ
ਔਕਲੈਂਡ, 31 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੀ ਸਰਕਾਰ ਅਤੇ ਲੋਕਾਂ ਨੇ ਮਿਲ ਕੇ ਵਿਸ਼ਵ ਵਿਆਪੀ ਫੈਲ ਰਹੀ ਕਰੋਨਾ ਦੀ ਮਹਾਂਮਾਰੀ ਦੀ ਲਗਪਗ ਰੋਕਥਾਮ ਕਰ ਲਈ ਹੈ। ਦੇਸ਼ ਨੇ ਮਿਲੀਅਨ ਡਾਲਰ ਇਸ ਬਿਮਾਰੀ ਉਤੇ ਕਾਬੂ ਪਾਉਣ ਲਈ ਖਰਚੇ ਹਨ, ਲੋਕਾਂ ਨੂੰ ਏਕਾਂਤਵਾਸ ਦੇ ਵਿਚ ਤਨਖਾਹ ਦਿੱਤੀ ਗਈ ਅਤੇ ਹੋਰ ਵੱਡੇ ਪ੍ਰਾਜੈਕਟ ਪੇਸ਼ ਕੀਤੇ। ਹੁਣ ਸਰਕਾਰ ਨੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਲਈ ਦੇਸ਼ ਦੀਆਂ ਸਰਹੱਦਾਂ ਬੰਦ ਹੋਣ ਦੇ ਬਾਵਜੂਦ ਇਕ ਨਿਯਮ ਤਹਿਤ ਹਾਲੀਵੁੱਡ ਦੀ ਇਕ ਵੱਡੀ 1 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਵਾਲੀ ਫਿਲਮ ‘ਐਵਟਾਰ-2’ (ਅਵਤਾਰ-2) ਦੀ ਅਗਲੀ ਸੀਰੀਜ਼ ਬਨਾਉਣ ਦੀ ਫਿਲਮੀ ਦੱਲ ਨੂੰ ਇਥੇ ਸੱਦ ਲਿਆ ਹੈ।

ਅੱਜ 50 ਮੈਂਬਰੀ ਦਲ ਇਥੇ ਵਲਿੰਗਟਨ ਵਿਖੇ ਪਹੁੰਚਿਆ ਅਤੇ ਫਿਲਮੀ ਦਾ ਹੋਰ ਸਾਮਾਨ ਸਮੁੰਦਰੀ ਜਹਾਜ਼ ਦੇ ਵਿਚ ਆ ਰਿਹਾ ਹੈ। ਫਿਲਮ ਦੇ ਪ੍ਰੋਡਿਊਸਰ ਜੌਨ ਲੈਂਡਾਊ ਨੇ ਇਸ ਸਬੰਧੀ ਸੋਸ਼ਲ ਮੀਡੀਆ ਉਤੇ ਵੀ ਪਾ ਦਿੱਤਾ ਹੈ। ਇਸ ਫਿਲਮੀ ਦਲ ਨੂੰ 14 ਦਿਨਾਂ ਦੇ ਲਈ ਅਲੱਗ ਰੱਖਿਆ ਜਾਵੇਗਾ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸੈਂਕੜੇ ਲੋਕਾਂ ਨੂੰ ਹੋਰ ਕੰਮ ਮਿਲਣਾ ਹੈ ਅਤੇ ਦੇਸ਼ ਨੂੰ 400-500 ਮਿਲੀਅਨ ਡਾਲਰ ਦਾ ਆਰਥਿਕ ਹੁਲਾਰਾ ਮਿਲਣਾ ਹੈ। ਬਾਰਡਰ ਬੰਦ ਹੋਣ ਦੇ ਬਾਵਜੂਦ ਇਸ ਫਿਲਮੀ ਦਲ ਨੂੰ ‘ਸਿਗਨੀਫੀਕੈਂਟ ਇਕਨਾਮਿਕਸ ਵੈਲਿਊ’ ਦੇ ਤਹਿਤ ਦਾਖਲਾ ਦਿੱਤਾ ਗਿਆ। ਅਵਤਾਰ-2 ਦੀ ਪ੍ਰੋਡਕਸ਼ਨ ਦੇ ਵਿਚ ਇਕ ਭਾਰਤੀ ਕੁੜੀ ਅਸ਼ਰਿਤਾ ਕਾਮਥ ਆਰਟ ਡਾਇਰੈਕਟਰ ਵਜੋਂ ਕੰਮ ਕਰ ਰਹੀ ਹੈ। ਕਲਕੱਤੇ ਪੈਦਾ ਹੋਈ ਅਤੇ ਚੇਨਈ ਵਿਖੇ ਵੱਡੀ ਹੋਈ ਤੇ ਮੁੰਬਈ ਵਿਖੇ ਪੜ੍ਹੀ ਇਸ ਕੁੜੀ ਦੀਆਂ ਵੱਡੀਆਂ ਪ੍ਰਾਪਤੀਆਂ ਹਨ। ਬਾਲੀਵੁੱਡ ਦੀਆਂ ਫਿਲਮਾਂ  ‘ਵੈਸਟ ਇਜ ਵੈਸਟ’ ਐਂਡ ‘ਯਹ ਜ਼ਿੰਦਗੀ ਨਾ ਮਿਲੇਗੀ ਦੁਬਾਰਾ’ ਦੇ ਵਿਚ ਇਸ ਨੇ ਕਾਫੀ ਆਰਟ ਕੰਮ ਕੀਤਾ।
ਸੋ ਸਰਕਾਰ ਨੇ 7-8 ਫਿਲਮੀ ਪ੍ਰੋਡਕਸ਼ਨਾਂ ਨੂੰ ਇਥੇ ਸੱਦਾ ਦੇ ਦਿੱਤਾ ਹੈ ਅਤੇ ਦੇਸ਼ ਦੇ ਲਗਪਗ 4000 ਲੋਕਾਂ ਨੂੰ ਇਥੇ ਸਥਾਨਿਕ ਪੱਧਰ ‘ਤੇ ਕੰਮ ਮਿਲੇਗਾ ਅਤੇ ਦੇਸ਼ ਦੀ ਆਰਥਿਕਤਾ ਉਪਰ ਜਾਵੇਗੀ। ਸੋ ਸ਼ਾਬਾਸ਼ ਹੈ ਨਿਊਜ਼ੀਲੈਂਡ ਦੇ ਜਿਸ ਨੇ ਕਰੋਨਾ ਭਜਾਇਆ ਹੈ ਅਤੇ ਪੈਦਾ ਸੱਦ ਲਿਆ ਹੈ।


Share