ਨਿਊਜ਼ੀਲੈਂਡ ਦੇ ਵਿਚ ਕਮਿਊਨਿਟੀ ਕਰੋਨਾ ਕੇਸਾਂ ਦਾ ਹੋਇਆ ਸਫਾਇਆ-ਪਰ ਵਿਦੇਸ਼ੋਂ ਆਏ ਤਿੰਨ ਕੇਸ

625

ਆਕਲੈਂਡ, 7 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਲਗਪਗ 102 ਦਿਨ ਕਰੋਨਾ ਦਾ ਨਾਂਅ ਨਿਸ਼ਾਨ ਨਹੀਂ ਸੀ ਰਿਹਾ ਪਰ ਬੀਤੀ 11 ਅਗਸਤ ਨੂੰ ਕਰੋਨਾ ਨੇ ਦੁਬਾਰਾ ਖਿਲੇਰਾ ਪਾ ਦਿੱਤਾ ਸੀ ਜਿਸ ਦੇ ਚਲਦਿਆਂ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਸਾਰੇ ਕਰੋਨਾ ਨਾਲ ਪੀੜ੍ਹਤਾਂ ਦੀ ਲੱਭ-ਲਭਾਈ ਅਤੇ ਇਲਾਜ ਦੇ ਲਈ ਲੱਗਾ ਹੋਇਆ ਸੀ। ਹੁਣ ਜਿੱਥੇ ਬੀਤੇ ਕਈ ਦਿਨਾਂ ਤੋਂ ਕਮਿਊਨਿਟੀ ਤੋਂ ਕੋਈ ਕੇਸ ਨਹੀਂ ਸੀ ਆ ਰਿਹਾ ਹੈ ਉਥੇ ਕੁਝ ਲੋਕ ਆਈਸੋਲੇਸ਼ਨ ਦੇ ਵਿਚ ਸਨ ਅਤੇ ਹੁਣ ਉਨ੍ਹਾਂ ਦੇ ਨਤੀਜੇ ਨੈਗੇਟਿਵ ਆ ਗਏ ਹਨ ਅਤੇ ਕਮਿਊਨਿਟੀ ਦੇ ਵਿਚੋਂ ਕਰੋਨਾ ਦਾ ਸਫਾਇਆ ਹੋ ਗਿਆ ਹੈ। ਵਰਨਣਯੋਗ ਹੈ ਕਿ ਅੱਜ ਰਾਤ 12 ਵਜੇ ਤੋਂ ਕਰੋਨਾ ਤਾਲਾਬੰਦੀ ਦਾ ਪੱਧਰ-1 ਹੋ ਜਾਣਾ ਹੈ ਅਤੇ ਪੂਰੇ ਦੇਸ਼ ਦੇ ਵਿਚ ਇਹ ਵੀ ਲਾਗੂ ਰਹਿਣਾ ਹੈ।
ਇਸ ਸਾਰੇ ਦੇ ਬਾਵਜੂਦ ਇਸ ਵੇਲੇ ਵਿਦੇਸ਼ ਤੋਂ ਆਉਣ ਵਾਲੇ ਕੀਵੀਆਂ ਅਤੇ ਪੱਕੇ ਲੋਕਾਂ ਦੇ ਨਾਲ ਕਰੋਨਾ ਦੁਬਾਰਾ ਜਹਾਜ਼ ਚੜ੍ਹ ਇਥੇ ਪਹੁੰਚ ਰਿਹਾ ਹੈ, ਜਿਸ ਨੂੰ ਕਾਬੂ ਕਰਨ ਲਈ ਸਰਕਾਰ ਦੀ 14 ਦਿਨਾਂ ਵਾਲੀ ਨੀਤੀ ਕੰਮ ਕਰ ਰਹੀ ਹੈ। ਅੱਜ ਵਿਦੇਸ਼ ਤੋਂ ਆਇਆਂ ਵਿਚੋਂ ਤਿੰਨ ਕੇਸ ਕਰੋਨਾ ਦੇ ਨਿਕਲੇ ਹਨ। ਅੱਜ ਸ਼ਾਮਿਲ ਹੋਏ ਦੋ ਕੇਸ ਇਥੋਪੀਆ ਆਏ ਲੋਕਾਂ ਦੇ ਹਨ ਜੋ 23 ਸਤੰਬਰ ਨੂੰ ਇਥੇ ਆਏ ਸਨ ਤੇ ਹਮਿਲਟਨ ਵਿਖੇ ਹਨ। ਤੀਜਾ ਕੇਸ 29 ਸਤੰਬਰ ਨੂੰ ਡੁਬਈ ਤੋਂ ਆਇਆ ਹੈ। ਇਸ ਵੇਲੇ 37 ਐਕਟਿਵ ਕੇਸ ਰਹਿ ਗਏ ਹਨ ਜੋ ਵਿਦੇਸ਼ ਤੋਂ ਪਰਤਿਆਂ ਦੇ ਹਨ। ਇਕ ਵਿਅਕਤੀ ਹਸਪਤਾਲ ਦਾਖਲ ਹੈ ਜਦ ਕਿ ਬਾਕੀ ਆਈਸੋਲੇਸ਼ਨ ਦੇ ਵਿਚ ਹਨ। ਨਿਊਜ਼ੀਲੈਂਡ ਦੇ ਵਿਚ ਹੁਣ ਤੱਕ 1505 ਲੋਕਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਅਤੇ 25 ਮੌਤਾਂ ਹੋਈਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਬਾਰਾ ਕਮਿਊਨਿਟੀ ਦੇ ਵਿਚੋਂ ਕਰੋਨਾ ਕੇਸ ਖਤਮ ਹੋ ਜਾਣੇ ਇਕ ਮੀਲ ਪੱਥਰ ਹੈ। ਦੁਬਾਰਾ ਫੈਲੇ ਕਰੋਨਾ ਕੇਸਾਂ ਦੇ ਵਿਚ ਕਮਿਊਨਿਟੀ ਤੋਂ 186 ਕੇਸ ਦਰਜ ਕੀਤੇ ਗਏ ਜਿਨ੍ਹਾਂ ਵਿਚੋਂ 179 ਔਕਲੈਂਡ ਕਲੱਸਟਰ ਨਾਲ ਸਬੰਧ ਰੱਖਦੇ ਸਨ ਅਤੇ 6 ਕ੍ਰਾਈਸਟਚਰਚ ਦੇ ਸਨ। ਸੋ ਅੱਜ ਰਾਤ ਲਾਕਡਾਊਨ ਥੱਲੇ ਆਉਣ ਤੋਂ ਪਹਿਲਾਂ ਕਮਿਊਨਿਟੀ ਦੇ ਵਿਚੋਂ ਕਰੋਨਾ ਖਤਮ ਹੋ ਜਾਣਾ ਵਾਕਿਆ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਕੱਲ੍ਹ ਤੋਂ ਲੋਕ ਪਾਰਟੀਆਂ ਆਦਿ ਕਰ ਸਕਦੇ ਹਨ ਅਤੇ ਧਾਰਮਿਕ ਅਸਥਾਨਾਂ ਉਤੇ ਇਕੱਠ ਕਰ ਸਕਦੇ ਹਨ।