ਨਿਊਜ਼ੀਲੈਂਡ ਦੇ ਉੱਘੇ ਬਿਜ਼ਨਸਮੈਨ ਅਮਰੀਕ ਸਿੰਘ ਪਟਵਾਰੀ

417
Share

ਹੈਮਿਲਟਨ, 21 ਅਪ੍ਰੈਲ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਦੁਆਬੇ ਦੀ ਧਰਤੀ ਦੇ ਲੋਕ ਜ਼ਿਆਦਾਤਰ ਵਿਦੇਸ਼ਾਂ ’ਚ ਵੱਸਦੇ ਹਨ। ਖਾਸ ਕਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਦੇ। ਅੱਜ ਅਸੀਂ ਜਿਸ ਸ਼ਖਸੀਅਤ ਬਾਰੇ ਗੱਲ ਕਰਨ ਜਾ ਰਹੇ ਹਾਂ, ਉਨ੍ਹਾਂ ਦਾ ਨਾਮ ਹੈ ਅਮਰੀਕ ਸਿੰਘ ਪਟਵਾਰੀ। ਉਨ੍ਹਾਂ ਦਾ ਜਨਮ ਪਿਤਾ ਸਰਦਾਰ ਸਾਧੂ ਸਿੰਘ ਤੇ ਮਾਤਾ ਬਚਨ ਕੌਰ ਦੇ ਘਰ ਪਿੰਡ ਕੜਹਾਲ ਖੁਰਦ, ਨੇੜੇ ਨਾਨੌ ਮੱਲੀਆਂ, ਜ਼ਿਲ੍ਹਾ ਕਪੂਰਥਲਾ ’ਚ ਹੋਇਆ। ਆਪ ਜੀ ਦੇ ਪਰਿਵਾਰ ’ਚ 5 ਭਰਾ ਤੇ 3 ਭੈਣਾਂ ਹਨ। ਆਪ ਜੀ ਨੇ ਪ੍ਰਾਇਮਰੀ ਦੀ ਸਿੱਖਿਆ ਤੇ ਮਿਡਲ ਦੀ ਸਿੱਖਿਆ ਨਾਨੌ ਮੱਲੀਆਂ ਸਕੂਲ ਤੋਂ 10ਵੀਂ ਦੀ ਸਿੱਖਿਆ ਖੈਰਾ ਦੌਨਾਂ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਤੇ ਬੀ.ਏ. ਦੀ ਪੜ੍ਹਾਈ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਤੋਂ ਪ੍ਰਾਪਤ ਕੀਤੀ। ਆਪ ਜੀ ਦਾ ਪਰਿਵਾਰ ਖੇਤੀਬਾੜੀ ਨਾਲ ਸਬੰਧ ਰੱਖਦਾ ਹੈ। ਆਪ 19 ਜੁਲਾਈ ਸੰਨ 1989 ’ਚ ਆਪਣੇ ਸੁਪਨੇ ਪੂਰੇ ਕਰਨ ਲਈ 26 ਸਾਲ ਦੀ ਉਮਰ ਵਿਚ ਨਿਊਜ਼ੀਲੈਂਡ ਜਾ ਵਸੇ। ਇਥੇ ਆ ਕੇ ਆਪ ਜੀ ਨੇ ਹੈਮਿਲਟਨ ਸ਼ਹਿਰ ’ਚ ਇਕ ਫੈਕਟਰੀ ਵਿਚ ਜਾ ਕੇ ਮਿਲਕਿੰਗ ਕੇਪਸ ਕੱਪ ਪਾਲਿਸ਼ ਕਰਨ ਦਾ ਕੰਮ ਸ਼ੁਰੂ ਕੀਤਾ। ਉਸ ਤੋਂ ਬਾਅਦ ਆਪ ਜੀ ਨੇ ਠੇਕੇਦਾਰੀ ਦੀ ਸ਼ੁਰੂਆਤ ਕੀਤੀ। 2006 ’ਚ ਆਪ ਜੀ ਨੇ ਕੀਵੀ ਫਲਾਂ ਦਾ ਇਕ ਬਾਗ 12 ਏਕੜ ਦਾ ਲਿਆ। ਇਸ ਤਰ੍ਹਾਂ ਆਪ ਜੀ ਦੇ ਬਿਜ਼ਨਸ ਦੀ ਸ਼ੁਰੂਆਤ ਹੋਈ। ਫਿਰ ਆਪ ਜੀ ਦਾ ਵਿਆਹ ਬੀਬੀ ਸੁਰਿੰਦਰ ਕੌਰ ਨਾਲ 1996 ਹੋਇਆ। ਆਪ ਜੀ ਦੇ ਘਰ ਦੋ ਸਪੁੱਤਰ ਪੈਦਾ ਹੋਏ। ਆਲਮਦੀਪ ਸਿੰਘ ਤੇ ਮੁਸਕਾਨਦੀਪ ਸਿੰਘ, ਜਿਹੜੇ ਮਾਂ ਖੇਡ ਕਬੱਡੀ ਨਾਲ ਜੁੜੇ ਹੋਏ ਹਨ। ਵਿਸ਼ਵ ਕਬੱਡੀ ਕੱਪ ਵਿਚ ਨਿਊਜ਼ੀਲੈਂਡ ਦੀ ਟੀਮ ਲਈ ਪਹਿਲੇ ਭਾਰਤ ਖੇਡ ਕੇ ਗਏ। ਫਿਰ ਆਸਟ੍ਰੇਲੀਆ ਵਿਸ਼ਵ ਕਬੱਡੀ ਕੱਪ ਤੇ ਸਿੱਖ ਗੇਮਜ਼ ’ਚ ਨਿਊਜ਼ੀਲੈਂਡ ਲਈ ਖੇਡੇ ਤੇ ਹਮੇਸ਼ਾ ਪੰਜਾਬ ਦੀ ਮਿੱਟੀ ਨਾਲ ਜੁੜੇ ਰਹਿੰਦੇ ਹਨ। ਉਸ ਤੋਂ ਬਾਅਦ ਬਿਜ਼ਨਸ ਵਧਾਉਣ ਲਈ ਆਪ ਜੀ ਨੇ 270 ਏਕੜ ਕੀਵੀ ਫਰੂਟ ਦਾ ਵੱਡਾ ਬਾਗ ਖਰੀਦ ਲਿਆ, ਜਿਸ ਦਾ ਨਾਮ ਆਲਮ ਐਂਡ ਮੁਸਕਾਨ ਕੀਵੀ ਫਰੂਟ ਲਿਮਟਿੰਡ ਟੀ ਪੁਕੀ ਰੱਖਿਆ। ਇਸ ਤਰ੍ਹਾਂ ਆਪ ਜੀ ਨੇ ਕੀਵੀ ਫਰੂਟ ਦਾ 160 ਏਕੜ ਗੋਲਡ ਫਰੂਟ ਦਾ ਬਾਗ 120 ਏਕੜ ਹੈਵਿਡ ਗਰੀਨ ਫਰੂਟ ਦਾ ਬਾਗ ਲਾਇਆ। ਕੀਵੀ ਫਰੂਟ ਦੀ ਤੌੜਾਈ ਹੱਥਾਂ ਨਾਲ ਕੀਤੀ ਜਾਂਦੀ ਹੈ। ਫਿਰ ਕੀਵੀ ਫਰੂਟ ਨੂੰ ਪੈਕਿੰਗ ਹਾਊਸ ਵਿਚ ਸਟੋਰ ਕੀਤਾ ਜਾਂਦਾ ਹੈ। ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਲੇਬਰ ਕੀਵੀ ਫਰੂਟ ਦੀ ਛਾਂਟੀ ਕਰਦੀ ਹੈ। ਛਾਂਟੀ ਕਰਕੇ 1 ਨੰਬਰ ਕੀਵੀ ਫਰੂਟ ਪੂਰੀ ਦੁਨੀਆਂ ਵਿਚ ਸਪਲਾਈ ਕੀਤਾ ਜਾਂਦਾ ਹੈ, ਜੋ ਕੀਵੀ ਫਰੂਟ ਥੋੜੀ ਹਲਕੀ ਕੁਆਲਟੀ ਦਾ ਹੁੰਦਾ ਹੈ। ਉਸ ਨੂੰ ਨਿਊਜ਼ੀਲੈਂਡ ’ਚ ਲੋਕਲ ਮਾਰਕੀਟ ’ਚ ਵੇਚ ਦਿੱਤਾ ਜਾਂਦਾ ਹੈ। ਕੀਵੀ ਫਰੂਟ ਨੂੰ ਆਂਡਿਆਂ ਵਾਂਗ ਟਰੇਆਂ ਵਿਚ ਸੈੱਟ ਕੀਤਾ ਜਾਂਦਾ ਹੈ, ਜਿਸ ਦੀ ਪੂਰੀ ਦੁਨੀਆਂ ’ਚ ਵੱਡੀ ਮੰਗ ਹੁੰਦੀ ਹੈ। ਜੋ ਕੀਵੀ ਫਰੂਟ ਜੰਬੌਂ ਸਾਇਜ਼ ਦਾ ਹੁੰਦਾ ਹੈ। ਉਸ ਨੂੰ ਡੱਬਿਆਂ ’ਚ ਪੈਕ ਕੀਤਾ ਜਾਂਦਾ ਹੈ। ਨਿਊਜ਼ੀਲੈਂਡ ਦੀ ਆਬਾਦੀ 45 ਲੱਖ ਦੇ ਕਰੀਬ ਹੈ। ਨਿਊਜ਼ੀਲੈਂਡ ਪੂਰੀ ਦੁਨੀਆਂ ਵਿਚ ਕੀਵੀ ਫਰੂਟ ਕਰਕੇ ਮਸ਼ਹੂਰ ਹੈ। ਇਥੋਂ ਦਾ ਬਟਰ ਮੱਖਣ ਵੀ ਬਹੁਤ ਸੁਆਦ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਨਿਊਜ਼ੀਲੈਂਡ ਦਾ ਬਟਰ ਪੂਰੀ ਦੁਨੀਆਂ ਨੂੰ ਸਪਲਾਈ ਕੀਤਾ ਜਾਂਦਾ ਹੈ। ਪਾਈਨਟਰੀ ਲੱਕੜ ਵੀ ਬਾਹਰਲੇ ਮੁਲਕਾਂ ਨੂੰ ਸਪਲਾਈ ਕੀਤੀ ਜਾਂਦੀ ਹੈ, ਜਿਸ ਦੀ ਪੂਰੀ ਦੁਨੀਆਂ ਵਿਚ ਬਹੁਤ ਮੰਗ ਹੈ। ਅਮਰੀਕ ਸਿੰਘ ਪਟਵਾਰੀ ਆਪਣੇ ਕੀਵੀ ਫਰੂਟ ਫਾਰਮ ਹਾਊਸ ਵਿਚ ਸੈਂਕੜੇ ਲੋਕਾਂ ਨੂੰ ਰੁਜ਼ਗਾਰ ’ਤੇ ਲਗਾਇਆ ਹੋਇਆ ਹੈ। ਉਥੇ ਇਨ੍ਹਾਂ ਵਲੋਂ ਸਮਾਜ ਸੇਵਾ ਦੇ ਕੰਮਾਂ ਵਿਚ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਜਿਵੇਂ ਕਿ ਗੁਰੂ ਘਰਾਂ ਵਿਚ ਲੰਗਰਾਂ ਦੀ ਸੇਵਾ। ਆਪਣੇ ਪਿੰਡ ਕੜਹਾਲ ਖੁਰਦ ’ਚ ਬਣ ਰਹੇ ਗੁਰਦੁਆਰਾ ਸਾਹਿਬ ਦੀ ਮਾਇਆ ਦੇ ਗੱਫਿਆਂ ਨਾਲ ਸੇਵਾ। ਉਥੇ ਹੀ ਨਿਊਜ਼ੀਲੈਂਡ ’ਚ ਜਸਟਿਸ ਆਫ ਪੀਸ ਨੌਟਰੀ ਉਮਰ ਭਰ ਲਈ ਸੇਵਾ ਨਿਭਾ ਰਹੇ ਹਨ। ਗੱਲ ਕਰਨ ’ਤੇ ਅਮਰੀਕ ਸਿੰਘ ਜੀ ਨੇ ਦੱਸਿਆ ਕਿ ਪੰਜਾਬੀ ਦੁਨੀਆਂ ਦੇ ਜਿਹੜੇ ਮਰਜ਼ੀ ਮੁਲਕ ਵਿਚ ਜਾ ਕੇ ਵੱਸ ਜਾਣ। ਪਰ ਪੰਜਾਬ ਹਮੇਸ਼ਾ ਉਨ੍ਹਾਂ ਦੇ ਦਿਲ ’ਚ ਧੜਕਦਾ ਹੈ। ਪੰਜਾਬ ਦੀ ਮਿੱਟੀ ਦੀ ਖੁਸ਼ਬੋ ਪੰਜਾਬੀਆਂ ਦੇ ਮਿਹਨਤੀ ਹੋਣ ਦੀ ਗਵਾਹੀ ਭਰਦੀ ਹੈ। ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅਮਰੀਕ ਸਿੰਘ ਪਟਵਾਰੀ ਤੇ ਉਨ੍ਹਾਂ ਦਾ ਪਰਿਵਾਰ ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਤੇ ਵਾਹਿਗੁਰੂ ਇਸ ਪਰਿਵਾਰ ਨੂੰ ਹੌਰ ਬੁਲੰਦੀਆਂ ’ਤੇ ਪੰਹੁਚਾਵੇ।

Share