ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਦੀ ਜੱਦੋ-ਜਹਿਦ ਕਰ ਰਹੇ ਪ੍ਰਵਾਸੀਆਂ ਨੂੰ ਚੁਭਵੀਂ ਸਲਾਹ ‘ਨੌਕਰੀ ਨਹੀਂ ਤਾਂ ਮੁੜ ਜਾਓ ਘਰਾਂ ਨੂੰ’

778
Share

-ਪ੍ਰਵਾਸੀਆਂ ਨੂੰ ਵਾਪਿਸ ਮੁੜਨ ਲਈ ਸਹਾਇਤਾ ਉਤੇ ਸਰਕਾਰ ਕਰੇਗੀ ਵਿਚਾਰ
ਔਕਲੈਂਡ, 12 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿਨਸਨ ਪੀਟਰਜ਼ ਜੋ ਕਿ ਨਸਲਵਾਦੀ ਬੂਅ ਵਾਲੇ ਬਿਆਨਾਂ ਦੇ ਕਰਕੇ ਹਮੇਸ਼ਾਂ ਚਰਚਿਤ ਰਹਿੰਦੇ ਹਨ।  ਅੱਜ ਫਿਰ ਉਨ੍ਹਾਂ ਇਕ ਅਜਿਹਾ ਬਿਆਨ ਦਿੱਤਾ ਹੈ ਜਿਸ ਦੇ ਨਾਲ ਲੱਖਾਂ ਪ੍ਰਵਾਸੀ ਕਾਮਿਆਂ ਦੇ ਮਨਾਂ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਸਪਸ਼ਟ ਕਿਹਾ ਹੈ ਕਿ ਜਿਹੜੇ ਅਸਥਾਈ ਵੀਜੇ ਵਾਲੇ ਪ੍ਰਵਾਸੀ ਕਾਮੇ ਇਸ ਵੇਲੇ ਜੱਦੋਜਹਿਦ ਦੇ ਵਿਚ ਹਨ ਅਤੇ ਨੌਕਰੀ ਗਵਾ ਚੁੱਕੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਨੂੰ ਮੁੜ ਜਾਣ। ‘ਅੱਲੇ ਜ਼ਖਮਾਂ ‘ਤੇ ਲੂਣ ਭੁੱਕਣ’ ਵਾਲੀ ਇਸ ਗੱਲ ਨੇ ਇਹ ਚਰਚਾ ਛੇੜ ਦਿੱਤੀ ਹੈ ਕਿ ਜਦੋਂ ਤਾਂ ਦੇਸ਼ ਨੂੰ ਆਰਥਿਕ ਮੰਦਵਾੜੇ ਦੇ ਵਿਚੋਂ ਕੱਢਣਾ ਹੋਵੇ ਉਦੋ ਵਿਦਿਆਰਥੀਆਂ ਦੇ ਤੌਰ ‘ਤੇ ਪ੍ਰਵਾਸੀਆਂ ਨੂੰ ਬੁਲਾ ਕੇ ਫਿਰ ਵਰਕ ਪਰਮਿਟ ਦੇ ਕੇ ਦੇਸ਼ ਦੀ ਆਰਥਿਕਤਾ ਨੂੰ ਧੱਕਾ ਲਵਾ ਲਿਆ ਜਾਵੇ ਅਤੇ ਜਦੋਂ ਕਿਤੇ ਕੁਦਰਤੀ ਕ੍ਰੋਪੀ ਨਾਲ ਬ੍ਰੇਕਾਂ ਲੱਗ ਰਹੀਆਂ ਹੋਣ ਤਾਂ ਇਨ੍ਹਾਂ ਧੱਕਾ ਲਾਉਣ ਵਾਲਿਆਂ ਨੂੰ ਹੀ ਧੱਕਾ ਮਾਰ ਦਿੱਤਾ ਜਾਵੇ। ਸ੍ਰੀ ਪੀਟਰਜ ਨੇ ਕਿਹਾ ਕਿ ਕੋਵਿਡ-19 ਦੇ ਲਾਕਡਾਊਨ ਤੋਂ ਪਹਿਲਾਂ ਹੀ ਅਜਿਹਾ ਕਹਿ ਦਿੱਤਾ ਗਿਆ ਸੀ ਅਤੇ 50,000 ਲੋਕ ਜਾ ਵੀ ਚੁੱਕੇ ਹਨ। ਇਸ ਵੇਲੇ ਸੰਭਾਵਿਤ 3,80,000 ਪ੍ਰਵਾਸੀ ਕਾਮੇ ਇਥੇ ਹਨ। ਸਰਕਾਰ ਨੂੰ ਇਕ ਰਸਮੀ ਸਲਾਹ ਦਿੱਤੀ ਗਈ ਸੀ ਕਿ ਮੌਜੂਦਾ ਹਲਾਤਾਂ ਨੂੰ ਵੇਖਦਿਆਂ ਹੋਇਆ ਐਨੇ ਪ੍ਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਵਤਨ ਵਾਪਿਸ ਨਹੀਂ ਭੇਜਿਆ ਜਾ ਸਕਦਾ ਉਨ੍ਹਾਂ ਨੂੰ ਇਥੇ ਹੀ ਰਹਿਣ ਦੇਣ ਦਾ ਪ੍ਰਬੰਧ ਕਰਨ ਦੀ ਜਰੂਰਤ ਹੈ। ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ 50 ਲੱਖ ਦੀ ਜਨ ਸੰਖਿਆ ਵਾਲੇ ਮੁਲਕ ਦੇ ਵਿਚ ਉਹ ਇਥੇ ਕੀ-ਕੀ ਮਦਦ ਕਰ ਸਕਦੇ ਹਨ।? ਉਨ੍ਹਾਂ ਅਨੁਸਾਰ ਸਿਵਲ ਡਿਫੈਂਸ ਨੇ ਹੁਣ ਤੱਕ ਵਧੀਆ ਕੰਮ ਕੀਤਾ ਹੈ। ਮੰਤਰੀ ਸਾਹਿਬ ਨੇ ਕਿਹਾ ਕਿ ਉਹ ਟੈਕਸ ਦਾਤਾਵਾਂ ਉਤੇ ਜਿਆਦਾ ਭਾਰ ਸਾਲ ਦਰ ਸਾਲ ਨਹੀਂ ਪਾ ਸਕਦੇ ਪਰ ਪ੍ਰਵਾਸੀ ਕਾਮਿਆਂ ਦੇ ਵਾਪਿਸ ਜਾਣ ਉਤੇ ਖਰਚਾ ਕਰ ਸਕਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪ੍ਰਵਾਸੀ ਕਾਮਿਆਂ ਨੂੰ ਜਬਰਦਸਤੀ ਨਹੀਂ ਬੁਲਾਇਆ ਗਿਆ ਸੀ ਉਹ ਆਪਣੀ ਇੱਛਾ ਅਨੁਸਾਰ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤਹਾਡਾ ਮੁਕੱਦਰ ਤੁਹਾਡੇ ਹੱਥ ਹੈ ਅਤੇ ਤੁਸੀਂ ਹੀ ਰਾਹ ਚੁਨਣਾ ਹੈ ਤਾਂ ਤੁਸੀਂ ਕੀ ਸੋਚਦੇ ਹੋ ਕਿ ਨਿਊਜ਼ੀਲੈਂਡ ਵਾਲੇ ਆਪਣੀ ਕਿਹੜੀ ਫਰਜ਼ ਅਦੂਲੀ ਕਰਨ।? ਕਮਿਊਨਿਟੀ ਲਾਅ ਦੇ ਮੁਖੀ ਨੇ ਕਿਹਾ ਕਿ ਸਰਕਾਰ ਨੂੰ ਸੋਸ਼ਲ ਸਕਿਊਰਿਟੀ ਕਾਨੂੰਨ ਤਹਿਤ ਅਸਥਾਈ ਐਮਰਜੈਂਸੀ ਦੇ ਰੂਪ ਵਿਚ ਲਾਭ ਭੱਤਾ ਦੇਣਾ ਚਾਹੀਦਾ ਹੈ ਤੇ ਇਹ ਜਿੰਨਾ ਚਿਰ ਮਹਾਂਮਾਰੀ ਦਾ ਐਲਾਨ ਬਣਿਆ ਰਹਿੰਦਾ ਹੈ ਓਨੀ ਦੇਰ ਤੱਕ ਲਾਗੂ ਰਹਿਣਾ ਚਾਹੀਦਾ ਹੈ। ਜਦੋਂ ਇਹ ਮਹਾਂਮਾਰੀ ਖਤਮ ਹੋ ਜਾਵੇਗੀ ਉਦੋਂ ਉਹ ਪ੍ਰਵਾਸੀ ਕਾਮੇ ਸੋਚ ਸਕਦੇ ਹਨ ਕਿ ਦੇਸ਼ ਪਰਤਣਾ ਹੈ। ਸੋ ਅੰਤ ਇਹ ਹੀ ਕਹਿ ਸਕਦੇ ਹਾਂ ਕਿ ਜਦੋਂ ਕਾਮਿਆਂ ਦੀ ਲੋੜ ਹੁੰਦੀ ਹੈ ਤਾਂ ‘ਵੈਲਕਮ’, ‘ਥੈਂਕਸ’ ਨਾਲ ਸਵਾਗਤ ਹੁੰਦਾ ਹੈ ਅਤੇ ਜਦੋਂ ਹੁਣ ਭਵਿੱਖ ਦੇ ਵਿਚ ਲੋੜ ਹੋਣ ਦੇ ਬਾਵਜੂਦ ਵੀ ਸਾਂਭੇ ਨਾ ਜਾਣ ਤਾਂ ਸਲਾਹ ਦੇ ਦਿਓ ਕਿ ਆਪਣੇ-ਆਪਣੇ ਘਰਾਂ ਨੂੰ ਚਲੇ ਜਾਓ।
ਇਸ ਵੇਲੇ ਭਾਰਤੀ ਕਾਮਿਆਂ ਦੀ ਗਿਣਤੀ ਵੀ ਇਥੇ ਚੌਖੀ ਹੈ। ਕੁਝ ਕਾਮੇ ਭਾਰਤ ਤੋਂ ਵਾਪਿਸ ਪਰਤਣ ਦੀ ਆਸ ਵਿਚ ਹਨ ਪਰ ਅੱਜ ਦੇ ਬਿਆਨ ਨੇ ਤਾਂ ਇੰਝ ਕਰ ਦਿੱਤਾ ਹੈ ਜਿਵੇਂ ਉਨ੍ਹਾਂ  ਦੀਆਂ ਆਸਾਂ ਵੀ ਕਰੋਨਾ ਵਿਦੇਸ਼ ਮੰਤਰੀ ਦੇ ਰਾਹੀਂ ਨਿਗਲ ਗਿਆ ਹੋਵੇ। ਲੋੜ ਹੈ ਰਾਜਨੀਤੀ ਦੇ ਵਿਚ ਸ਼ਾਮਿਲ ਭਾਰਤੀ ਲੋਕਾਂ ਨੂੰ ਅੱਗੇ ਆਉਣ ਦੀ। ਵੀਜ਼ਾ ਅਵਧੀਆਂ 100% ਖੁੱਲ੍ਹੀਆਂ ਰਹਿਣੀਆਂ ਚਾਹੀਦੀਆਂ ਹਨ ਤਾਂ ਕਿ ਬਾਰਡਰ ਖੁੱਲ੍ਹਣ ਬਾਅਦ ਕਾਰੋਬਾਰੀ ਅਦਾਰਿਆਂ ਨੂੰ ਆਪਣੇ ਹੀ  ਪੁਰਾਣੇ ਤਜਰਬੇਕਾਰ ਕਾਮੇ ਮਿਲ ਸਕਣ।


Share