ਨਿਊਜ਼ੀਲੈਂਡ ਦੀ 53ਵੀਂ ਸੰਸਦ ਦੇ ਲਈ ਲੇਬਰ ਪਾਰਟੀ ਨੂੰ ਸਪਸ਼ਟ ਬਹੁਮਤ-ਜੈਸਿੰਡਾ ਅਰਡਨ ਬਣੇਗੀ ਮੁੜ ਪ੍ਰਧਾਨ ਮੰਤਰੀ

475
Share

ਕੀਵੀ ਸੰਸਦੀ ਚੋਣਾਂ-ਰੁਝਾਨੀ ਰਿਜਲੱਟ ਆਏ
ਆਕਲੈਂਡ, 18 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੀ 53ਵੀਂ ਸੰਸਦੀ ਚੋਣਾਂ ਦੀਆਂ ਵੋਟਾਂ ਦਾ 3 ਅਕਤੂਬਰ ਤੋਂ ਸ਼ੁਰੂ ਹੋਇਆ ਕੰਮਕਾਜ ਅੱਜ ਸ਼ਾਮ 7 ਵਜੇ ਅਮਨ ਅਮਾਨ ਦੇ ਨਾਲ 2567 ਸਥਾਨਾਂ ਉਤੇ ਸਮਾਪਤ ਹੋ ਗਿਆ। ਇਨ੍ਹਾਂ ਵੋਟਾਂ ਦੇ ਨਾਲ ਹੀ ਦੋ ਜਨਮੱਤ ਵੀ ਕੀਤੇ ਗਏ ਜਿਸ ਦੇ ਵਿਚ ਇਕ ਭੰਗ ਦੀ ਖੇਤੀ ਅਤੇ ਉਸਦੀ ਮੈਡੀਕਲ ਵਰਤੋਂ ਸਬੰਧੀ ਸੀ ਜਦ ਕਿ ਦੂਜਾ ਲਾਇਲਾਜ ਬਿਮਾਰੀ ਦੇ ਚਲਦਿਆਂ ਆਪਣੀ ਇੱਛਾ ਮੁਕਤੀ ਦਾ ਸੀ ਤਾਂ ਕਿ ਲੰਬਾਂ ਸਮਾਂ ਤਕਲੀਫ ਦੇ ਵਿਚ ਰਹਿਣ ਤੋਂ ਨਿਜਾਤ ਪਾਈ ਜਾ ਸਕੇ। ਅਡਵਾਂਸ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸਵੇਰੇ 9 ਵਜੇ ਹੁਣ ਤੱਕ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ ਸੀ। ਅੱਜ ਵੋਟਿੰਗ ਦਾ ਸਮਾਂ ਖਤਮ ਹੋਣ ਬਾਅਦ ਰਹਿੰਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਕੀਤਾ ਗਿਆ।  ਨਿਊਜ਼ੀਲੈਂਡ ਦੀ ਸੰਸਦ ਦੇ ਵਿਚ ਕੁੱਲ 120 ਸੰਸਦ ਮੈਂਬਰ ਹੁੰਦੇ ਹਨ ਜਿਨ੍ਹਾਂ ਵਿਚੋਂ ਇਸਵਾਰ 72 ਵੋਟਾਂ ਦੀ ਗਿਣਤੀ (ਹਲਕਾਬੰਦੀ) ਦੇ ਅਧਾਰ ਉਤੇ ਚੁਣ ਕੇ ਆਉਣੇ ਹਨ ਜਦ ਕਿ ਬਾਕੀ ਦੇ 48 ਸਾਂਸਦ ਪਾਰਟੀ ਨੂੰ ਪਈਆਂ ਵੋਟਾਂ ਦੀ ਗਿਣਤੀ ਦੇ ਅਧਾਰ ਉਤੇ ਆਉਣੇ ਹਨ ਜਿਨ੍ਹਾਂ ਨੂੰ ਲਿਸਟ ਐਮ. ਪੀ. ਵਜੋਂ ਜਾਣਿਆ ਜਾਂਦਾ ਹੈ। ਆਮ ਚੋਣਾਂ ਦੇ ਆਏ ਰੁਝਾਨੀ ਨਤੀਜਿਆਂ ਦੀ ਮੋਟੇ ਤੌਰ ਉਤੇ ਵੇਖਿਆ ਜਾਵੇ ਤਾਂ ਮੌਜੂਦਾ ਸੱਤਾ ਵਿਚ ਚੱਲ ਰਹੀ ਲੇਬਰ ਪਾਰਟੀ ਨੇ ਸਪਸ਼ਟ ਬਹੁਮਤ ਹਾਸਿਲ ਕਰ ਲਿਆ।  ਪ੍ਰਧਾਨ ਮੰਤਰੀ ਆਪਣੇ ਇਲਾਕੇ ਮਾਊਂਟ ਐਲਬਰਟ ਤੋਂ 23198 ਵੋਟਾਂ ਲੈ ਗਏ ਜਦ ਕਿ ਉਨ੍ਹਾਂ ਦੀ ਵਿਰੋਧੀ ਨੂੰ ਮਲੀਸਾ ਲੀਅ ਨੂੰ ਸਿਰਫ 6621 ਵੋਟਾਂ ਹੀ ਮਿਲੀਆਂ। ਲੇਬਰ ਪਾਰਟੀ ਨੂੰ ਰੁਝਾਨੀ ਨਤੀਜਿਆਂ ਤੋਂ ਬਾਅਦ 64 ਸੀਟਾਂ,  ਨੈਸ਼ਨਲ ਦੀ 35 ਸੀਟਾਂ, ਐਕਟ ਪਾਰਟੀ ਨੂੰ 10 ਸੀਟਾਂ, ਗ੍ਰੀਨ ਪਾਰਟੀ ਨੂੰ 10 ਸੀਟਾਂ, ਮਾਓਰੀ ਪਾਰਟੀ ਨੂੰ ਇਕ ਸੀਟ ਅਤੇ  ਨਿਊਜ਼ੀਲੈਂਡ ਫਸਟ ਨੂੰ ਇਕ ਵੀ ਸੀਟ ਨਹੀਂ ਮਿਲੀ।
ਅੱਜ ਆਏ ਰੁਝਾਨੀ ਨਤੀਜੇ ਆਖਰੀ ਨਤੀਜੇ ਨਹੀਂ ਸਨ ਸਰਕਾਰੀ ਤੌਰ ‘ਤੇ ਰਸਮੀ ਨਤੀਜੇ 6 ਨਵੰਬਰ ਨੂੰ ਐਲਾਨੇ ਜਾਣੇ ਹਨ ਜਦ ਕਿ ਦੋਵੇਂ ਜਨਮੱਤਾਂ ਦਾ ਰੁਝਾਨੀ ਐਲਾਨ 30 ਅਕਤੂਬਰ ਨੂੰ ਕੀਤਾ ਜਾਵੇਗਾ ਅਤੇ ਆਖਰੀ ਰਿਜਲੱਟ 6 ਨਵੰਬਰ ਨੂੰ ਵੋਟਾਂ ਦੇ ਨਾਲ ਹੀ ਦੱਸਿਆ ਜਾਵੇਗਾ।
ਭਾਰਤੀ ਉਮੀਦਵਾਰਾਂ ਦਾ ਲੇਖਾ-ਜੋਖਾ
ਪ੍ਰਿਅੰਕਾ ਰਾਧਾਕ੍ਰਿਸ਼ਨਾ ਦੂਜੀ ਵਾਰ ਬਣੀ ਸੰਸਦ ਮੈਂਬਰ:
ਚੇਨਈ ਦੀ ਜੰਪਮਲ ਅਤੇ ਸਿੰਗਾਪੁਰ ਪੜ੍ਹੀਲਿਖੀ ਪ੍ਰਿਅੰਕਾ ਰਾਧਾਕ੍ਰਿਸ਼ਨਾ (41) 2017 ਦੀਆਂ ਆਮ ਚੋਣਾਂ ਦੇ ਵਿਚ ਲੇਬਰ ਪਾਰਟੀ ਦੀ ਲਿਸਟ ਐਮ. ਪੀ. ਵਜੋਂ ਸੰਸਦ ਦੇ ਵਿਚ ਆਪਣੀ ਥਾਂ ਬਨਾਉਣ ਵਿਚ ਕਾਮਯਾਬ ਹੋ ਗਈ ਸੀ। ਰਾਧਾਕ੍ਰਿਸ਼ਨਨ ਨੂੰ 2019 ਦੇ ਵਿਚ ਪਾਰਲੀਮੈਂਟਰੀ ਪ੍ਰਾਈਵੇਟ ਸੈਕਟਰੀ (ਏਥਨਿਕ ਅਫੇਅਰਜ਼) ਬਣਾਇਆ ਗਿਆ ਸੀ। ਪ੍ਰਿਅੰਕਾ ਰਾਧਾ ਕ੍ਰਿਸ਼ਨਨ ਨੂੰ 12440 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਹਲਕੇ ਮਾਉਂਗਾਕਾਕੂ ਦੇ ਨੈਸ਼ਨਲ ਪਾਰਟੀ ਦੇ ਉਮਦੀਵਾਰ ਡੇਨਿਸ ਲੀਅ ਨੂੰ 13010 ਵੋਟਾਂ ਪਈਆਂ।
ਡਾ. ਗੌਰਵ ਮਿਰਾਨਲ ਸ਼ਰਮਾ ਪਹਿਲੀ ਵਾਰ ਬਣੇ ਸੰਸਦ ਮੈਂਬਰ:
ਕਿੱਤੇ ਪੱਖੋਂ ਡਾਕਟਰ ਗੌਰਵ ਮਿਰਾਨਲ ਸ਼ਰਮਾ ਹਮਿਲਟਨ ਸ਼ਹਿਰ ਜਿੱਥੇ ਨਿਊਜ਼ੀਲੈਂਡ ਦਾ ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਸੀ, ਵਿਖੇ ਵੈਸਟ ਹਲਕੇ ਤੋਂ ਲੇਬਰ ਦੇ ਉਮੀਦਵਾਰ ਸਨ ਅਤੇ ਉਹ ਇਹ ਚੋਣ ਗਏ ਹਨ।  ਡਾ. ਗੌਰਵ ਨੂੰ 16950 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਨੂੰ ਟਿਮ ਨੂੰ 12525 ਵੋਟਾਂ ਪਈਆਂ।  ਪਿਛਲੀ ਵਾਰ ਡਾ. ਗੌਰਵ ਸ਼ਰਮਾ ਨੂੰ 11,487 ਵੋਟਾਂ ਪਈਆਂ ਸਨ।
ਸ. ਕੰਵਲਜੀਤ ਸਿੰਘ ਬਖਸ਼ੀ ਲਿਸਟ ਐਮ. ਪੀ. ਵਜੋਂ ਇਸ ਵਾਰ ਪਾਰਲੀਮੈਂਟ ਜਾਂਦੇ ਨਜ਼ਰ ਨਹੀਂ ਆਉਂਦੇ-ਵੋਟਰਾਂ ਦਾ ਕੀਤਾ ਧੰਨਵਾਦ
ਨਿਊਜ਼ੀਲੈਂਡ ਦੀ 49ਵੀਂ ਸੰਸਦ ਦੇ ਵਿਚ ਨੈਸ਼ਨਲ ਪਾਰਟੀ ਵੱਲੋਂ ਪਹਿਲੀ ਵਾਰ ਇਕ ਦਸਤਾਰਧਾਰੀ ਸਿੱਖ ਸ. ਕੰਵਲਜੀਤ ਸਿੰਘ ਬਖਸ਼ੀ (59) ਨੇ ਪੈਰ ਧਰਿਆ ਸੀ ਅਤੇ ਹੁਣ ਉਹ ਲਗਾਤਾਰ ਪੰਜਵੀਂ ਵਾਰ ਇਸ ਪਾਰਲੀਮੈਂਟ ਦੇ ਵਿਚ ਲਿਸਟ ਐਮ. ਪੀ. (ਮਿਕਸਡ ਮੈਂਬਰ ਪ੍ਰੋਪੇਸ਼ਨਲ) ਦੀ ਦੌੜ ਵਿਚ ਸਨ। ਪਰ ਉਨ੍ਹਾਂ ਦੀ ਨੈਸ਼ਨਲ ਪਾਰਟੀ ਨੂੰ ਓਨੀ ਵੱਡੀ ਸਫਲਤਾ ਨਹੀਂ ਮਿਲੀ ਹੈ ਜਿਸ ਤੋਂ ਸਪਸ਼ਟ ਹੋ ਜਾਂਦਾ ਕਿ ਕਿ ਉਹ ਲਿਸਟ ਐਮ. ਪੀ. ਵਜੋਂ ਚੁਣੇ ਜਾਣਗੇ।
ਰੈਕਿੰਗ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਉਨ੍ਹਾਂ ਤੋਂ ਪਹਿਲਾਂ 12 ਦੇ ਕਰੀਬ ਹੋਰ ਸੰਸਦ ਮੈਂਬਰ ਲਿਸਟ ਦੀ ਉਪਰਲੀ ਰੈਂਕਿੰਗ ਦੇ ਵਿਚ ਸਨ ਜੋ ਵੋਟਾਂ ਵਿਚ ਹਾਰ ਗਏ ਹਨ ਅਤੇ ਹੁਣ ਲਿਸਟ ਐਮ. ਪੀ. ਵਜੋਂ ਪਾਰਲੀਮੈਂਟ ਜਾਣਗੇ ਜਿਸ ਕਰਕੇ ਸ. ਕੰਵਲਜੀਤ ਸਿੰਘ ਬਖਸ਼ੀ ਦਾ ਇਸ ਵਾਰ ਪਾਰਲੀਮੈਂਟ ਪਹੁੰਚਣਾ ਮੁਸ਼ਕਿਲ ਲਗਦਾ ਹੈ। ਸ. ਬਖਸ਼ੀ 13,000 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਏ ਹਨ। ਸ. ਬਖਸ਼ੀ ਨੇ ਹੁਣ ਤੱਕ ਦਿੱਤੇ ਸਹਿਯੋਗ ਲਈ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਹੈ।
ਡਾ.ਪਰਮਜੀਤ ਕੌਰ ਪਰਮਾਰ ਵੀ ਇਸ ਵਾਰ ਲਿਸਟ ਐਮ. ਪੀ. ਵਜੋਂ ਪਾਰਲੀਮੈਂਟ ਜਾਂਦੇ ਨਜ਼ਰ ਨਹੀਂ ਆਉਂਦੇ
2014 ਦੀਆਂ ਆਮ ਚੋਣਾਂ ਦੇ ਵਿਚ ਨੈਸ਼ਨਲ ਪਾਰਟੀ ਵੱਲੋਂ ਪਹਿਲੀ ਵਾਰ ਡਾ. ਪਰਮਜੀਤ ਕੌਰ ਪਰਮਾਰ (50) ਨੇ ਲਿਸਟ ਐਮ. ਪੀ. ਵਜੋਂ ਆਪਣਾ ਦਾਖਲ ਸੁਨਿਸ਼ਤ ਕੀਤਾ ਸੀ। ਇਸ ਤੋਂ ਬਾਅਦ 2017 ਦੀਆਂ ਚੋਣਾਂ ਦੇ ਵਿਚ ਫਿਰ ਦੁਬਾਰਾ ਉਹ ਲਿਸਟ ਸੰਸਦੀ ਮੈਂਬਰ ਚੁਣੇ ਗਏ। 2013 ਦੇ ਵਿਚ ਇਹ ਫੈਮਿਲੀ ਕਮਿਸ਼ਨ ਦੀ ਮੈਂਬਰ ਬਣੀ। ਦੋ ਵਾਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਇੰਡੀਆ ਗਈ। ਡਾ. ਪਰਮਜੀਤ ਪਰਮਾਰ ਨੇ ਇਥੇ ਨਿਉਰੋਸਾਇੰਸ (ਤੰਤੂ ਵਿਗਿਆਨ) ਦੇ ਵਿਚ ਪੀ. ਐਚ. ਡੀ. ਕੀਤੀ ਹੋਈ ਹੈ ਅਤੇ ਇਕ ਸਾਇੰਸਦਾਨ ਵੱਜੋਂ ਵੀ ਕੰਮ ਕੀਤਾ ਹੈ। ਅੱਜ ਆਮ ਚੋਣਾਂ 2020 ਦੇ ਆਏ ਨਤੀਤਿਆਂ ਅਨੁਸਾਰ ਡਾ. ਪਰਮਜੀਤ ਪਰਮਾਰ ਤੀਜੀ ਵਾਰ ਪਾਰਲੀਮੈਂਟ ਦੇ ਵਿਚ ਲਿਸਟ ਐਮ. ਪੀ. ਵਜੋਂ ਜਾਣ ਵਾਲੇ ਸਨ ਪਰ ਨੈਸ਼ਨਲ ਪਾਰਟੀ ਨੇਤਾਵਾਂ ਦੀ ਹੋਈ ਬੁਰੀ ਤਰਾਂ ਹਾਰ ਕਾਰਨ ਉਹ ਵੀ ਇਸ ਵਾਰ ਲਿਸਟ ਰੈਂਕਿੰਗ (27) ਦੇ ਹਿਸਾਬ ਨਾਲ ਪਾਰਲੀਮੈਂਟ ਜਾਂਦੇ ਨਜ਼ਰ ਨਹੀਂ ਆ ਰਹੇ। ਡਾ. ਪਰਮਾਰ ਨੂੰ 6638 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਹਲਕੇ ਮਾਊਂਟ ਰੌਸਕਿਲ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਮਾਈਕਲ ਵੁੱਡ ਨੂੰ 14680 ਵੋਟਾਂ ਪਈਆਂ। ਇਸ ਤਰ੍ਹਾਂ ਡਾ. ਪਰਮਜੀਤ ਪਰਮਾਰ 9502 ਵੋਟਾਂ ਨਾਲ ਹਾਰ ਗਈ।
ਬਲਜੀਤ ਕੌਰ ਨਹੀਂ ਬਣੇ ਸੰਸਦ ਮੈਂਬਰ: ਪਰ ਭਾਰਤੀ ਉਮੀਦਵਾਰਾਂ ਚੋਂ ਵੋਟਾਂ ਸਭ ਤੋਂ ਵੱਧ
ਪੰਜਾਬੀ ਕੁੜੀ ਬਲਜੀਤ ਕੌਰ (ਸਿੱਧਵਾਂ ਬੇਟ) ਪਿਛਲੀ ਵਾਰ ਵੀ ਲੇਬਰ ਪਾਰਟੀ ਵੱਲੋਂ ਚੋਣ ਲੜੀ ਸੀ ਅਤੇ ਇਸ ਵਾਰ ਫਿਰ ਉਸਨੇ ਪੋਰਟ ਵਾਇਕਾਟੋ ਤੋਂ ਚੋਣ ਲੜੀ ਹੈ, ਪਰ ਉਹ ਸੰਸਦ ਮੈਂਬਰ ਦੀ ਚੋਣ ਨਹੀਂ ਜਿੱਤ ਸਕੇ। ਇਸ ਵਾਰ ਬਲਜੀਤ ਕੌਰ ਨੂੰ 9321 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਨੈਸ਼ਨਲ ਪਾਰਟੀ ਦੇ ਐਂਡਰੀਉ ਬੈਲੀ ਨੂੰ 13577 ਵੋਟਾਂ ਪਈਆਂ। ਭਾਰਤੀ ਉਮੀਦਵਾਰਾਂ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਸਾਰੇ ਭਾਰਤੀ ਉਮੀਦਵਾਰਾਂ ਤੋਂ ਵੱਧ ਵੋਟਾਂ ਬਲਜੀਤ ਕੌਰ ਹਾਸਿਲ ਕਰਨ ਵਿਚ ਕਾਮਯਾਬ ਰਹੀ। ਉਨ੍ਹਾਂ ਨੇ ਲਿਸਟ ਐਮ. ਪੀ. ਵਜੋਂ ਆਪਣਾ ਨਾਂਅ ਦਾਖਲ ਨਹੀਂ ਸੀ ਕੀਤਾ। ਬਲਜੀਤ ਕੌਰ ਦਾ ਮੁਕਾਬਲਾ ਵੀ ਸਖਤ ਸੀ ਅਤੇ ਭਾਰਤੀਆਂ ਦੀਆਂ ਵੋਟਾਂ ਵੀ ਘੱਟ ਸਨ ਪਰ ਫਿਰ ਵੀ ਉਸਦੀ ਕਾਰਗੁਜ਼ਾਰੀ ਬੇਹਦ ਵਧੀਆ ਰਹੀ। ਬਲਜੀਤ ਕੌਰ ਸਿਰਫ 4256 ਵੋਟਾਂ ਨਾਲ ਹਾਰੀ।


Share