ਨਿਊਜ਼ੀਲੈਂਡ ਦੀ ਯੂਨੀਵਰਸਿਟੀ ਆਫ ਕੈਂਟਰਬਰੀ ’ਚ ਪੰਜਾਬੀ ਕੁੜੀ ਬਣੀ ਸਹਾਇਕ ਲੈਕਚਰਾਰ

95
ਨਿਊਜ਼ੀਲੈਂਡ ’ਚ ਸਹਾਇਕ ਲੈਕਚਰਾਰ ਬਣੀ ਡਾ: ਸਲੋਨੀ ਪਾਲ ਡਿਗਰੀ ਹਾਸਿਲ ਕਰਨ ਬਾਅਦ।
Share

ਔਕਲੈਂਡ, 21 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਕਹਿੰਦੇ ਨੇ ਜੇ ਮੰਜ਼ਿਲਾਂ ਮਿੱਥ ਲਈਆਂ ਜਾਣ, ਜ਼ਿੰਦਗੀ ਦੀ ਬੇੜੀ ਨੂੰ ਲਹਿਰਾਂ ਵਾਲੇ ਸਮੁੰਦਰ ਵਿਚ ਰੇੜ ਲਿਆ ਗਿਆ ਹੋਵੇ, ਪਰ ਤੇਜ਼ ਹਵਾਵਾਂ ਤੁਹਾਡੀ ਸਮੁੰਦਰੀ ਬੇੜੀ ਨੂੰ ਘੁੰਮਾਉਣ ਦਾ ਯਤਨ ਕਰਨ ਤਾਂ ਸਿਆਣਾ ਮਲਾਹ ਹਵਾ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਆਪਣੀ ਸਮੁੰਦਰੀ ਬੇੜੀ ਦਾ ਸਤੁੰਲਨ ਬਣਾਈ ਰੱਖਣ ਵਾਲੇ ਹਵਾਈ ਪੱਲਿਆਂ (ਸੇਅਲਜ਼) ਦੀ ਦਿਸ਼ਾ ਬਦਲ ਆਪਣੀ ਮੰਜ਼ਿਲ ਤੱਕ ਪੁੱਜ ਜਾਂਦਾ ਹੈ।
ਅਜਿਹੀ ਹੀ ਉਦਾਹਰਣ ਪੇਸ਼ ਕੀਤੀ ਹੈ ਜਲੰਧਰ ਕੈਂਟ ਦੀ ਜੰਮੀ-ਪਲੀ, ਸੋਫੀ ਪਿੰਡ ਵਿਆਹੀ ਗਈ ਅਤੇ ਨਿਊਜ਼ੀਲੈਂਡ ਦੇ ਸ਼ਹਿਰ ਕੈਂਟਰਬਰੀ ਪੜ੍ਹਨ ਆਈ ‘ਬਿਊਟੀ ਵਿਦ ਬ੍ਰੇਨ’ ਕੁੜੀ ਡਾ: ਸਲੋਨੀ ਪਾਲ (35) ਨੇ। ਇਸ ਖੋਜਕਾਰ (ਰਿਸਰਚਰ) ਕੁੜੀ ਨੇ ਅਨੁਕੂਲ ਪ੍ਰਕਾਸ਼ ਵਿਗਿਆਨ (ਅਡੈਪਟਿਵ ਆਪਟਿਕਸ ਜਾਂ ਕਹਿ ਲਈਏ ਅਜਿਹੀ ਤਕਨੀਕ ਜਿਸ ਨਾਲ ਖੁਗੋਲ ਵਿਗਆਨ ਦੀਆਂ ਮੱਧਮ ਨਜ਼ਰ ਆਉਂਦੀਆਂ ਵਸਤਾਂ ਨੂੰ ਹੋਰ ਸਪਸ਼ਟ ਵੇਖਿਆ ਜਾ ਸਕਦਾ ਹੈ) ਦੇ ਵਿਚ ਪੜ੍ਹਾਈ ਕਰਕੇ ਅੰਤਰਰਾਸ਼ਟਰੀ ਪੱਧਰ ਤੱਕ ਉਚੀਆਂ ਬੁਲੰਦੀਆਂ ਨੂੰ ਸਾਬਿਤ ਕਰਦਿਆਂ ਕੈਂਟਰਬਰੀ ਯੂਨੀਵਰਸਿਟੀ ਵਿਚ ਬਤੌਰ ਸਹਾਇਕ ਲੈਕਚਰਾਰ ਬਣ ਕੇ ਕੁੜੀਆਂ ਲਈ ਇਕ ਮਿਸਾਲ ਪੇਸ਼ ਕੀਤੀ। ਮਾਊਂਟ ਜੌਹਨ ਅਬਜ਼ਰਬੇਟਰੀ ਲੇਕ ਟੀਕਾਪੂ ਵਿਖੇ ਇਸਨੇ ਆਪਣਾ ਖੋਜਕਾਰਜ ਪੂਰਾ ਕੀਤਾ।
ਜਲੰਧਰ ਕੈਂਟ ਦੀ ਇਹ ਕੁੜੀ 6 ਕੁ ਸਾਲ ਪਹਿਲਾਂ ਸੋਫੀ ਪਿੰਡ ਵਿਖੇ ਅਮਨ ਸਮਰਾਟ ਨਾਲ ਵਿਆਹੀ ਗਈ ਸੀ। ਸਹੁਰਿਆਂ ਦੇ ਸਤਿਕਾਰ ਅਤੇ ਹੱਲਾਸ਼ੇਰੀ ਨੇ ਇਸ ਕੁੜੀ ਨੂੰ ਪੜ੍ਹਾਈ ਜਾਰੀ ਰੱਖਣ ਵਿਚ ਆਪਣਾ ਪੂਰਾ ਯੋਗਦਾਨ ਦਿੱਤਾ। 2015 ਵਿਚ ਉਹ ਆਪਣੇ ਪਤੀ ਅਮਨ ਸਮਾਰਟ ਦੇ ਨਾਲ ਨਿਊਜ਼ੀਲੈਂਡ ਅਗਲੇਰੀ ਪੜ੍ਹਾਈ ਵਾਸਤੇ ਪਹੁੰਚੀ। ਲਵਲੀ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਇਸਨੇ ਬੈਚਲਰ ਆਫ ਟੈਕਨਾਲੋਜੀ ਕੀਤੀ, ਜਦਕਿ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਇਸਨੇ ਮਾਸਟਰ ਕੀਤੀ। ਇਸ ਹੋਣਹਾਰ ਕੁੜੀ ਨੇ ਆਪਣੀ ਤੇਜ਼ ਬੁੱਧੀ ਦਾ ਪ੍ਰਦਰਸ਼ਨ ਕਰਦਿਆਂ ‘ਮਲਟੀ ਸਕੇਲ ਮੈਥਡ ਫਾਰ ਡੀਕੋਨਵੋਲੁਸ਼ਨ ਫਰਾਮ ਵੇਵਫਰੰਟ ਸੈਂਸਿੰਗ’ ਵਿਚ ਪੀ.ਐੱਚ.ਡੀ. ਕਰ ਮਾਰੀ। ਇਸਦੇ ਖੋਜ ਖੇਤਰ ’ਚ ਇਹ ਸ਼ਾਮਲ ਸੀ ਕਿ ਅਨੁਕੂਲ ਪ੍ਰਕਾਸ਼ ਸਾਇੰਸ ਦੀ ਵਰਤੋਂ ਕਰਦਿਆਂ ਕਿਸ ਤਰ੍ਹਾਂ ਸਾਫਟਵੇਅਰ ਦੇ ਰਾਹੀਂ ਉਚ ਮਿਆਰੀ ਖੁਗੋਲ ਦੀਆਂ ਸਾਫ ਤੇ ਸਪੱਸ਼ਟ ਤਸਵੀਰਾਂ ਲਈਆਂ ਜਾਣ। ਤਾਰਾ ਮੰਡਲ ਅਤੇ ਗ੍ਰਹਿਾਂ ਦੀ ਦੂਰੀ ਕਈ ਪ੍ਰਕਾਸ਼ ਸਾਲ ਵਿਚ ਹੁੰਦੀ ਹੈ ਅਤੇ ਇਨ੍ਹਾਂ ਦੀਆਂ ਤਸਵੀਰਾਂ ਲੈਣਾ ਇਕ ਵੱਡਾ ਕਾਰਜ ਮੰਨਿਆ ਜਾਂਦਾ ਹੈ।
ਪੀ.ਐੱਚ.ਡੀ. ਦੌਰਾਨ ਇਸ ਕੁੜੀ ਨੇ ਵੱਖ-ਵੱਖ ਤਰ੍ਹਾਂ ਦਾ ਫੀਲਡ ਡਾਟਾ ਇਕੱਠਾ ਕੀਤਾ। ਅੰਤਰਰਾਸ਼ਟਰੀ ਕਾਨਫਰੰਸਾਂ ਜਿਵੇਂ ਆਪਟੀਕਲ ਸੁਸਾਇਟੀ ਆਫ ਅਮਰੀਕਾ (ਓ.ਐੱਸ.ਏ.), ਹੇਡਲਬਰਗ (ਜਰਮਨੀ) ਵਿਖੇ 2015 ’ਚ, ਇਮੇਜ ਅਤੇ ਵਿਜ਼ਨ ਕੰਪਿਊਟਿੰਗ ਨਿਊਜ਼ੀਲੈਂਡ 2017 ਅਤੇ 2018, ਨਿਊਜ਼ੀਲੈਂਡ ਸੁਸਾਇਟੀ ਆਫ ਫੋਟੋ-ਆਪਟੀਕਲ ਇੰਸਟਰੂਮੈਂਟੇਸ਼ਨ ਇੰਜੀਨੀਅਰਜ਼, 2018 ’ਚ ਟੈਕਸਾਸ ਅਤੇ ਕੈਨਬਰਾ ਵਿਚ ਆਸਟਰੇਲੀਅਨ ਡਿਫੈਂਸ ਅਕੈਡਮੀ ਦੇ ਲਈ ਖੋਜ ਪੱਤਰ ਪੇਸ਼ ਕੀਤੇ।
ਵੱਡੇ ਖੋਜ ਕਾਰਜਾਂ ਨੇ ਇਸ ਨੂੰ 14 ਅਪ੍ਰੈਲ ਨੂੰ ਪੀ.ਐੱਚ.ਡੀ. ਦੀ ਡਿਗਰੀ ਦਿਵਾਈ, ਜੋ ਕਿ ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਕੀਤੀ ਗਈ ਸੀ ਤੇ ਉਨ੍ਹਾਂ ਨੇ ਮਾਣ ਵੀ ਮਹਿਸੂਸ ਕੀਤਾ ਸੀ ਕਿਉਂਕਿ ਉਸੇ ਦਿਨ ਡਾ. ਭੀਮਰਾਓ ਅੰਬੇਡਕਰ ਜੀ ਦਾ 130ਵਾਂ ਜਨਮ ਦਿਨ ਵੀ ਸੀ। ਉਨ੍ਹਾਂ ਦੇ ਨਾਂਅ ਉਤੇ ਬਣੇ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਜਲੰਧਰ (ਐੱਨ.ਆਈ.ਟੀ.) ਤੋਂ ਉਨ੍ਹਾਂ ਮੁੱਢਲੀ ਪੜ੍ਹਾਈ ਹਾਸਲ ਕੀਤੀ ਸੀ।
ਆਪਣੇ ਪੇਕਿਆਂ (ਸ਼੍ਰੀ ਵਿਜੈ ਕੁਮਾਰ-ਕਿਰਨ ਬਾਲਾ) ਅਤੇ ਸਹੁਰੇ ਪਰਿਵਾਰ (ਸ਼੍ਰੀ ਬਾਬੂ ਗੁਰਮੀਤ ਲਾਲ-ਸ਼੍ਰੀਮਤੀ ਸੰਤੋਸ਼ ਕੁਮਾਰੀ) ਵਿਚ ਇਹ ਪਹਿਲੀ ਕੁੜੀ ਹੈ, ਜਿਸ ਨੇ ਐਨੀ ਉੱਚੀ ਪੜ੍ਹਾਈ ਪੂਰੀ ਕੀਤੀ ਹੈ। ਇਸ ਕੁੜੀ ਦਾ ਸਹੁਰਾ ਪਰਿਵਾਰ ਆਪਣੀ ਇਸ ਹੋਣਹਾਰ ਨੂੰਹ ਦੀ ਵੱਡੀ ਕਾਮਯਾਬੀ ਉਤੇ ਪੂਰੇ ਪਿੰਡ ਵਿਚ ਮਾਣ ਮਹਿਸੂਸ ਕਰਦਾ ਹੈ। ਇਸ ਵੇਲੇ ਡਾ. ਸਲੋਨੀ ਪਾਲ ਆਪਣੇ ਪਤੀ ਅਮਨ ਸਮਾਰਟ ਅਤੇ ਇਕ ਬੇਟੇ ਵਿਰਾਜ ਸਮਾਰਟ ਦੇ ਨਾਲ ਖੁਸ਼ੀ-ਖੁਸ਼ੀ ਰਹਿ ਰਹੀ ਹੈ।

Share