ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੇ ਨਾਂਅ ਹੋ ਸਕਦਾ ਕੱਲ੍ਹ ਘੋਸ਼ਿਤ ਹੋਣ ਵਾਲਾ ‘ਨੋਬਲ ਪੀਸ ਪ੍ਰਾਈਜ਼’

744
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਅਤੇ ਨੋਬਲ ਪੁਰਸਕਾਰ ਸਮੇਂ ਦਿੱਤਾ ਜਾਣ ਵਾਲਾ ਗੋਲਡ ਮੈਡਲ।
Share

ਵਿਸ਼ਵ ਸ਼ਾਂਤੀ ਪੁਰਸਕਾਰ: ਮਤਲਬ ਕਿ…
ਸਨਮਾਨ, ਮਾਣ, ਮਾਨਤਾ, ਪੁੱਛ, ਕਦਰ, ਸਤਿਕਾਰ, ਆਦਰ, ਖਾਤਰ, ਇੱਜ਼ਤ, ਪ੍ਰਤਿਸ਼ਠਾ, ਅਦਬ, ਦੀਦ ਤੇ ਖ਼ਾਤਰ
ਆਕਲੈਂਡ, 8 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਵਿਸ਼ਵ ਪੁਰਸਕਾਰਾਂ ਦੀ ਮਾਊਂਟ ਐਵਰੈਸਟ ਸਰ ਕਰਨੀ ਹੋਵੇ ਤਾਂ ‘ਨੋਬਲ ਪੁਰਸਕਾਰ’ ਤੁਹਾਡੀ ਪਹੁੰਚ ਹੋ ਸਕਦੇ ਹਨ। ਨਿਊਜ਼ੀਲੈਂਡ ਵਿਸ਼ਵ ਦੇ ਵੱਡੇ ਤੋਂ ਛੋਟੇ ਮੁਲਕਾਂ ਦੀ ਕਤਾਰ ਵਿਚ 75ਵੇਂ ਸਥਾਨ ਉਤੇ ਆਉਂਦਾ ਹੈ ਅਤੇ ਸਮੁੰਦਰ ਵਿਚਕਾਰ ਵਸੇ ਇਸ ਮੁਲਕ ਦਾ ਬਾਸ਼ਿੰਦਾ ਸਰ ਏਡਮੰਡ ਹਿਲੇਰੀ 29 ਮਈ 1953 ਨੂੰ 29029 ਫੁੱਟ ਉਚੀ ਮਾਊਂਟ ਐਵਰੇਸਟ ਪਹਾੜੀ ਚੜ੍ਹ ਵਿਸ਼ਵ ਦਾ ਪਹਿਲਾ ਪਰਬਤਹੋਰੀ ਬਣ ਗਿਆ ਸੀ। ਅੱਜ ਇਸ ਦੇਸ਼ ਦੀ ਪ੍ਰਧਾਨ ਮੰਤਰੀ ਮਾਣਯੋਗ ਪ੍ਰਧਾਨ ਮੰਤਰੀ ਪੂਰੇ ਵਿਸ਼ਵ ਦਾ ਧਿਆਨ ਇਕ ਵਾਰ ਆਪਣੇ ਵੱਲ ਖਿੱਚ ਰਹੀ ਹੈ। ਕ੍ਰਾਈਸਟਚਰਚ ਵਿਖੇ 15 ਮਾਰਚ 2019 ਨੂੰ ਹੋਏ ਅੱਤਵਾਦੀ ਹਮਲੇ ਅਤੇ ਨਰਸੰਹਾਰ ਸਮੇਂ 51 ਜਾਨਾਂ ਗਵਾਉਣ ਵਾਲੇ ਮੁਸਲਮਾਨ ਭਾਈਚਾਰੇ ਨੂੰ ਜਿੱਥੇ ਇਸ ਪ੍ਰਧਾਨ ਮੰਤਰੀ ਨੇ ਆਪਣਾ ਸਮਝ ਗਲ ਨਾਲ ਲਾਇਆ ਸੀ ਉਥੇ ਹੁਣ ਕੋਵਿਡ-19 (ਕਰੋਨਾ ਵਾਇਰਸ) ਜੋ ਇਸ ਸਾਲ ਮਾਰਚ ਮਹੀਨੇ ਤੋਂ ਮੱਲੋ-ਮੱਲੀ ਗਲ ਪੈਣ ਲਈ ਕਾਹਲਾ ਪਿਆ ਸੀ, ਨੂੰ ਗਲੋਂ ਲਾਹੁਣ ਵਿਚ ਵੀ ਵੱਡਾ ਮਾਅਰਕਾ ਮਾਰਿਆ ਹੈ।
ਇਸ ਵੇਲੇ ਵਿਸ਼ਵ ਪੱਧਰ ਦੇ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਚੱਲ ਰਹੀ ਹੈ। ਸਾਇੰਸਦਾਨਾਂ ਸਮੇਤ ਕੁਝ ਘੋਸ਼ਨਾਵਾਂ ਹੋ ਚੁੱਕੀਆਂ ਹਨ ਅਤੇ ਬਾਕੀ ਹੋ ਰਹੀਆਂ ਹਨ। ਕੱਲ੍ਹ ਨਾਰਵੇ ਵਿਖੇ ‘ਨੋਬਲ ਪੀਸ ਪ੍ਰਾਈਜ’ ਦੂਜੇ ਸ਼ਬਦਾਂ ਵਿਚ ‘ਵਿਸ਼ਵ ਸ਼ਾਂਤੀ ਪੁਰਸਕਾਰ’ ਦਾ ਐਲਾਨ ਰਾਤ 10 ਵਜੇ (ਨਿਊਜ਼ੀਲੈਂਡ ਸਮਾਂ) ਹੋਣਾ ਹੈ। ਪਿਛਲੇ ਸਾਲ ਦੇ ਨੋਬਲ ਇਨਾਮ ਜੇਤੂ (ਇਥੋਪੀਅਨ ਪ੍ਰਧਾਨ ਮੰਤਰੀ ਅਬੀਏ ਅਹਿਮਦ) ਇਸ ਪੁਰਸਕਾਰ ਨੂੰ ਪੇਸ਼ ਕਰਨਗੇ।
ਇਹ ਪੁਰਸਕਾਰ ਪ੍ਰਾਪਤ ਕਰਨ ਦੇ ਵਿਚ ਉਪਰਲੀਆਂ ਤਿੰਨ ਸਖਸ਼ੀਅਤਾਂ ਦੇ ਵਿਚ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡ ਆਰਡਨ ਦਾ ਨਾਂਅ ਵੀ ਸ਼ਾਮਿਲ ਹੈ। ਜੇਕਰ ਇਹ ਐਵਾਰਡ ਜਿੱਤ ਜਾਂਦੀ ਹੈ ਤਾਂ ਨਿਊਜ਼ੀਲੈਂਡ ਦੇਸ਼ ਇਸ ਪੁਰਸਕਾਰ ਦੇ ਨਾਲ ਆਪਣੇ ਲਈ ਸਨਮਾਨ, ਮਾਣ, ਮਾਨਤਾ, ਪੁੱਛ, ਕਦਰ, ਸਤਿਕਾਰ, ਆਦਰ, ਖਾਤਰ, ਇੱਜ਼ਤ, ਪ੍ਰਤਿਸ਼ਠਾ, ਅਦਬ, ਦੀਦ ਅਤੇ ਖ਼ਾਤਰ ਆਦਿ ਮਾਅਨੇ ਰੱਖਦਾ ਸਾਰਾ ਕੁਝ ਲੈ ਆਵੇਗਾ। ਪ੍ਰਧਾਨ ਮੰਤਰੀ ਨੂੰ ਇਕ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਡਿਪਲੋਮਾ ਸਰਟੀਫਿਕੇਟ ਦਿੱਤਾ ਜਾਵੇਗਾ, ਇਕ ਗੋਲਡ ਮੈਡਲ (24 ਕੈਰੇਟ) ਦਾ ਦਿੱਤਾ ਜਾਵੇਗਾ। ਇਸ ਦੇ ਇਕ ਪਾਸੇ ਪ੍ਰਸਿੱਧ ਵਿਗਿਆਨੀ (ਅਲਫੈਡ ਨੋਬਲ-ਸਵੀਡਿਨ ਵਿਗਿਆਨੀ ਜਿਸਨੇ 355 ਖੋਜਾਂ ਕੀਤੀਆਂ) ਦਾ ਸੁਨਹਿਰੀ ਚਿੱਤਰ ਉਕਰਿਆ ਹੋਵੇਗਾ। ਇਸ ਗੋਲਡ ਮੈਡਲ ਦਾ ਭਾਰ 175 ਗ੍ਰਾਮ ਹੋਵੇਗਾ। ਨੋਬਲ ਸ਼ਾਂਤੀ ਪੁਰਸਕਾਰਾਂ ਲਈ ਸਵੀਡਨ ਦੀ ਗ੍ਰੇਟੀ ਥਨਬਰਗ ਅਤੇ ਸਾਉਦੀ ਅਰਬ ਦੀ ਲੂਆਜੈਨ ਅਲ ਹਾਥਲਾਉਲ ਵੀ ਕਤਾਰ ਦੇ ਵਿਚ ਹੈ। ਇਨ੍ਹਾਂ ਨੇ ਵੀ ਥੋੜ੍ਹੀ ਉਮਰ ਦੇ ਵਿਚ ਬਹੁਤ ਸਾਰੇ ਕਾਰਜ ਕੀਤੇ ਹੋਏ ਹਨ।
ਨੋਬਲ ਪੁਰਸਕਾਰਾਂ ਦੀ ਕਾਬਲੀਅਤ ਰੱਖਣ ਵਿਚ ਨਿਊਜ਼ੀਲੈਂਡ ਜਨਮੇ ਸਾਇੰਸਦਾਨ ਪਹਿਲਾਂ ਵੀ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ ਜਿਵੇਂ ਅਲਾਨ ਗ੍ਰਾਹਰਮ ਮੈਕਡਿਆਰਮਿਡ, ਅਰਨਸਟ ਰੁਦਰਫੋਰਡ ਅਤੇ ਮਾਉਰੀਸ ਵਿਲਕਿਨਸ। ਨਿਊਜ਼ੀਲੈਂਡ ਵਾਸੀਆਂ ਨੂੰ ਆਸ ਹੈ ਕਿ ਇਸ ਵਾਰ ‘ਨੋਬਲ ਪੀਸ ਪੁਰਸਕਾਰ’ ਜਰੂਰ ਨਿਊਜ਼ੀਲੈਂਡ ਦੇ ਹਿੱਸੇ ਆਵੇਗਾ।

 

 


Share