ਨਿਊਜ਼ੀਲੈਂਡ ‘ਚ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੀ ਭੇਦਭਰੀ ਹਾਲਤ ‘ਚ ਮੌਤ

524
ਗਗਨਦੀਪ ਸਿੰਘ (ਗਗਨ)  
Share

ਔਕਲੈਂਡ, 10 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਇਥੇ ਅੱਜ ਸਵੇਰੇ ਵੱਡੀ ਦੁਖਦਾਈ ਖਬਰ ਆਈ ਜਦੋਂ ਇਕ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ (ਗਗਨ) ਅੱਜ ਇਸ ਫਾਨੀ ਦੁਨੀਆ ਤੋਂ ਸਦਾ ਲਈ ਕੂਚ ਕਰ ਗਿਆ। ਉਸਦੀ ਮੌਤ ਅਜੇ ਭੇਦਭਰੀ ਬਣੀ ਹੋਈ ਹੈ ਅਤੇ ਪੁਲਿਸ ਇਸ ਦੇ ਵਿਚ ਪਰਿਵਾਰ ਦਾ ਸਹਿਯੋਗ ਕਰ ਰਹੀ ਹੈ। ਇਹ ਨੌਜਵਾਨ ਜਿੱਥੇ ਬਹੁਤ ਵਧੀਆ ਕਬੱਡੀ ਖਿਡਾਰੀ ਸੀ ਉਥੇ ਰੈਸਲਿੰਗ (65 ਕਿਲੋ ਵਰਗ) ਦਾ ਗੋਲਡ ਮੈਡਲਿਸਟ ਵੀ ਰਿਹਾ ਹੈ। ਇਸ ਨੌਜਵਾਨ ਦਾ ਜੱਦੀ ਪਿੰਡ ਖੁਰਦਾਂ (ਦਸੂਹਾ) ਜ਼ਿਲ੍ਹਾ ਹੁਸ਼ਿਆਰਪੁਰ ਸੀ। ਇਹ ਮੁੰਡਾ ਇਥੇ 2011 ‘ਚ ਪੜ੍ਹਨ ਆਇਆ ਸੀ ਤੇ ਬਿਜ਼ਨਸ ਦਾ ਕੋਰਸ ਕੀਤਾ ਹੋਇਆ ਸੀ। ਇਸ ਵੇਲੇ ਉਹ ਚੰਗੀ ਮਿਹਨਤ ਅਤੇ ਨੌਕਰੀ ਕਰਕੇ ਦੇਸ਼ ਦਾ ਨਾਗਰਿਕ ਵੀ ਬਣ ਚੁੱਕਾ ਸੀ। ਪਿੱਛੇ ਪਰਿਵਾਰ ਦੇ ਵਿਚ ਇਸਦੇ ਸਤਿਕਾਰਯੋਗ ਪਿਤਾ ਸ. ਕਸ਼ਮੀਰ ਸਿੰਘ-ਮਾਤਾ ਜੋਗਿੰਦਰ ਕੌਰ, ਦਾਦਾ ਸ. ਕਿਸ਼ਨ ਸਿੰਘ ਅਤੇ ਦਾਦੀ ਸ੍ਰੀਮਤੀ ਦਰਸ਼ਨ ਕੌਰ ਹਨ ਜਦ ਕਿ  ਛੋਟਾ ਭਰਾ ਅਮਰੀਕਾ ਦੇ ਵਿਚ ਅਤੇ ਛੋਟੀ ਭੈਣ ਕੈਨੇਡਾ ‘ਚ ਰਹਿੰਦੀ ਹੈ। ਸਾਰਾ ਪਰਿਵਾਰ ਇਸ ਵੇਲੇ ਗਹਿਰੇ ਸਦਮੇ ਵਿਚ ਹੈ। ਇਹ ਮੁੰਡਾ ਅਜੇ ਕੁਆਰਾ ਸੀ ਅਤੇ ਇਸੇ ਸਾਲ ਦੇ ਸ਼ੁਰੂ ਵਿਚ ਪਿੰਡ ਜਾ ਕੇ ਵੀ ਆਇਆ ਸੀ।
ਇਸ ਨੌਜਵਾਨ ਦੇ ਫੁੱਫੜ ਸ. ਅਮਰ ਸਿੰਘ ਲਾਹੌਰੀਆ ਅਤੇ ਉਨ੍ਹਾਂ ਦਾ ਬੇਟਾ ਐਸ. ਪੀ. ਸਿੰਘ ਇਸ ਨੌਜਵਾਨ ਦੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਐਸ. ਪੀ. ਸਿੰਘ ਦੇ ਮਾਮੇ ਦਾ ਇਹ ਮੁੰਡਾ ਬਹੁਤ ਹੀ ਫੁਰਤੀਲਾ ਅਤੇ ਵਧੀਆ ਖਿਡਾਰੀ ਸੀ ਜਿਸ ਕਾਰਨ ਸਾਰੇ ਖਿਡਾਰੀਆਂ ਅਤੇ ਖੇਡ ਕਲੱਬਾਂ ਨੂੰ ਬਹੁਤ ਸਦਮਾ ਪੁੱਜਾ ਹੈ।
ਅਫਸੋਸ ਪ੍ਰਗਟ: ਪੰਜਾਬੀ ਮੀਡੀਆ ਕਰਮੀਆਂ ਵੱਲੋਂ ਪਰਿਵਾਰ ਦੇ ਨਾਲ ਗਹਿਰਾ ਸੋਗ ਪ੍ਰਗਟ ਕੀਤਾ ਜਾਂਦਾ ਹੈ।
ਨਿਊਜ਼ੀਲੈਂਡ ਸਿੱਖ ਗੇਮਜ਼ ਦੇ ਸਾਰੇ ਮੈਂਬਰਜ਼ ਵੱਲੋਂ ਇਸ ਦੁੱਖ ਦੀ ਘੜੀ ਮ੍ਰਿਤਕ ਦੇ ਪਰਿਵਾਰ ਅਤੇ ਉਸਦੇ ਫੁੱਫੜ ਜੀ ਸਮੇਤ ਸਾਰੇ ਲਾਹੌਰੀਆ ਪਰਿਵਾਰ ਦੇ ਨਾਲ ਡੂੰਘਾ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ।
ਵਾਈਕਾਟੋ ਸ਼ਹੀਦੇ-ਆਜ਼ਮ-ਭੱਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮੈਲਟਿੱਨ ਦੇ ਪ੍ਰਧਾਨ ਅਤੇ ਕਬੱਡੀ ਕੁਮੈਂਟੇਟਰ ਜਰਨੈਲ ਸਿੰਘ ਰਾਹੋਂ, ਮੀਤ ਪ੍ਰਧਾਨ ਕਮਲਜੀਤ ਕੌਰ ਸੰਘੇੜਾ, ਵਰਿੱਦਰ ਸਿੱਧੂ, ਗੁਰਵਿੰਦਰ ਬੁੱਟਰ, ਖੁਸ਼ਮੀਤ ਕੌਰ ਸਿੱਧੂ, ਵਾਈਕਾਟੋ ਮਲਟੀਕਲਚਰਲ ਕੌਂਸਲ ਦੇ ਪ੍ਰਧਾਨ ਰਵਿੰਦਰ ਸਿੰਘ ਪੁਵਾਰ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਅ ਕੀਤਾ
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ: ਤੋਂ ਸ. ਤੀਰਥ ਸਿੰਘ ਅਟਵਾਲ ਨੇ ਸਮੂਹ ਫੈਡਰੇਸ਼ਨ ਮੈਂਬਰਜ਼ ਅਤੇ ਸਹਿਯੋਗੀ ਖੇਡ ਕੱਲਬਾਂ ਵੱਲੋਂ ਗਗਨਦੀਪ ਸਿੰਘ ਮੌਤ ਉਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਲਾਹੌਰੀਆ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦਿਲੋਂ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਬਹੁਤ ਹੀ ਵਧੀਆ ਖਿਡਾਰੀ ਸੀ ਅਤੇ ਵਧੀਆ ਸੁਭਾਅ ਦਾ ਮਾਲਕ ਸੀ। ਇਸ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਅਕਹਿ ਅਤੇ ਅਸਹਿ ਦੁੱਖ ਪੁੱਜਾ ਹੈ।
ਸ. ਯੰਗਬਹਾਦਰ ਸਿੰਘ ਕੈਨੇਡਾ ਜੋ ਕਿ ਗਗਨ ਦੇ ਰਿਸ਼ਤੇਦਾਰ ਵੀ ਹਨ ਅਤੇ ਕੈਨੇਡਾ ਦੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਦੇ ਹਨ, ਨੇ ਵੀ ਗਹਿਰੇ ਅਫਸੋਸ ਦਾ ਪ੍ਰਗਟ ਕੀਤਾ ਹੈ।
ਆਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਮੁੱਚੇ ਤੌਰ ‘ਤੇ ਗਗਨਦੀਪ ਸਿੰਘ ਦੀ ਹੋਈ ਇਸ ਮੌਤ ਉਤੇ ਬਹੁਤ ਅਫਸੋਸ ਪ੍ਰਗਟ ਕੀਤਾ ਹੈ। ਇਹ ਨੌਜਵਾਨ ਇਸ ਕਲੱਬ ਦੇ ਲਈ ਕਬੱਡੀ ਖੇਡਦਾ ਰਿਹਾ ਹੈ ਅਤੇ ਇਕ ਵਧੀਆ ਸਟਾਪਰ  ਸੀ।
ਸ਼ਾਨਾ ਗਰੁੱਪ ਖੁਰਦਾਂ ਦੇ ਸਮੂਹ ਨੌਜਵਾਨਾਂ ਨੇ ਪੰਜਾਬ ਤੋਂ ਇਸ ਮੁੰਡੇ ਦੀ ਅਚਨਚੇਤ ਹੋਈ ਮੌਤ ਉਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਹ ਨੌਜਲਾਨ ਸ਼ਾਨਾ ਗਰੁੱਪ ਦੇ ਮੈਂਬਰ ਵੀ ਸੀ ਅਤੇ ਅਕਸਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦਾ ਸੀ।


Share