ਨਿਊਜ਼ੀਲੈਂਡ ‘ਚ ਵੀਜ਼ਾ ਮੁੱਕਣ ਬਾਅਦ ਰਹਿਣ ਵਾਲਿਆਂ ਦੀ ਲੁੱਕਵੀਂ ਜ਼ਿੰਦਗੀ ਹੈ ਦਰਦਾਂ ਭਰੀ-ਇਕ ਭਾਰਤੀ ਕੁੜੀ

560

ਓਵਰਸਟੇਅ: ਜੁੜਦੇ ਕਿਸੇ-ਟੁੱਟਦਾ ਵਿਸ਼ਵਾਸ਼
ਆਕਲੈਂਡ, 10 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਕਿਸੇ ਵੀ ਬਾਹਰਲੇ ਦੇਸ਼ ਦੇ ਵਿਚ ਵੀਜ਼ਾ ਮੁੱਕਣ ਤੋਂ ਬਾਅਦ ਰਹਿਣਾ ਗੈਰ ਕਾਨੂੰਨੀ ਹੋ ਸਕਦਾ ਹੈ। ਕਈਆਂ ਦਾ ਵਿਦੇਸ਼ ਆਉਣਾ ਸੂਰਜ ਵੱਲ ਮੁੱਖ ਕਰਨਾ ਹੁੰਦਾ ਹੈ, ਪਰ ਉਹ ਸੂਰਜ ਉਨ੍ਹਾਂ ਦੀ ਚਿਰ ਸਥਾਈ ਜ਼ਿੰਦਗੀ ਦੇ ਵਿਚ ਬਣਿਆ ਰਹੇ ਅਜਿਹਾ ਕਈ ਵਾਰ ਨਹੀਂ ਹੁੰਦਾ। ਬੁਰੇ ਦੌਰ ਦੇ ਬੱਦਲ ਕਈ ਵਾਰ ਰੌਸ਼ਨੀ ਦੀਆਂ ਕਿਰਨਾਂ ਨੂੰ ਧਰਤੀ ਤੱਕ ਨਹੀਂ ਪਹੁੰਚਣ ਦਿੰਦੇ ਜਿਸ ਸਦਕਾ ਧੁੱਪ ਨਾਲ ਮੌਲਣ ਵਾਲੇ ਪੌਦੇ ਕਈ ਵਾਰ ਲੰਮਾ ਸਮਾਂ ਖੁੱਲ੍ਹੇ ਵਾਤਾਵਰਣ ਦੀ ਉਡੀਕ ਵਿਚ ਹੀ ਲੰਘਾ ਦਿੰਦੇ ਹਨ। ਨਿਊਜ਼ੀਲੈਂਡ ਦੇ ਵਿਚ ਬਿਨਾਂ ਵੀਜ਼ਾ ਰਹਿਣ ਵਾਲੇ ਨੂੰ ਓਵਰਸਟੇਅਰ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ ਕਿ ਜਿੰਨ੍ਹਾ ਚਿਰ ਉਸਨੂੰ ਇਥੇ ਰਹਿਣ ਦਾ ਕਾਨੂੰਨੀ ਅਧਿਕਾਰ ਸੀ ਉਹ ਪੂਰਾ ਹੋ ਚੁੱਕਾ ਹੈ ਅਤੇ ਹੁਣ ਇਹ ਵਾਧੂ ਰਹਿ ਰਿਹਾ ਹੈ ਜੋ ਗੈਰ ਕਾਨੂੰਨੀ ਵੀ ਮੰਨਿਆ ਜਾ ਸਕਦਾ ਹੈ। ਪਹਿਲਾਂ ਪਹਿਲ ਬਹੁਤ ਸਾਰੇ ਪੁਰਸ਼ ਅਜਿਹੀ ਸਥਿਤੀ ਦੇ ਵਿਚੋ ਲੰਘਦੇ ਸਨ ਪਰ ਅੱਜਕੱਲ੍ਹ ਭਾਰਤੀ ਕੁੜੀਆਂ ਵੀ ਓਵਰਸਟੇਅਰ ਚੱਲ ਰਹੀਆਂ ਹਨ। ਇਕ ਭਾਰਤੀ ਕੁੜੀ ਨੇ ਆਪਣੇ ਕੌੜੇ ਕਸੈਲੇ ਤਜ਼ਰਬੇ ਇਥੇ ਦੇ ਰਾਸ਼ਟਰੀ ਮੀਡੀਏ ਨਾਲ ਸਾਂਝੇ ਕੀਤੇ ਹਨ। ਭਾਰਤ ਤੋਂ ਇਹ ਕੁੜੀ 19 ਸਾਲ ਦੀ ਉਮਰ ਵਿਚ ਸੰਨ 2012 ‘ਚ ਇਥੇ ਪੜ੍ਹਾਈ ਦੇ ਨਾਲ-ਨਾਲ ਵੱਡੇ ਸੁਪਨਿਆਂ ਸੰਗ ਆਈ ਸੀ। 2018 ਤੱਕ ਪੀ. ਆਰ. ਨਾ ਮਿਲਣ ਕਾਰਨ ਅਤੇ ਵੀਜ਼ਾ ਸ਼ਰਤਾਂ ਕਾਰਨ ਇਹ ਕੁੜੀ ਓਵਰਸਟੇਅਰ ਹੋ ਗਈ। ਉਸਨੇ ਆਪਣੀ ਓਵਰਸਟੇਅਰ ਦੀ ਲੁੱਕਵੀਂ ਜ਼ਿੰਦਗੀ ਬਾਰੇ ਦੱਸਿਆ ਹੈ ਕਿ ਕਿਵੇਂ ਉਸਨੂੰ ਕੰਮ ਮਿਲਣ ਦੀ ਮੁਸ਼ਕਿਲ, ਤਨਖਾਹ ਪੂਰੀ ਨਾ ਮਿਲਣ ਦੀ ਮੁਸ਼ਕਿਲ ਅਤੇ ਇਥੋਂ ਤੱਕ ਲੋਕਾਂ ਦੀ ਗਲਤ ਨਿਗ੍ਹਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ‘ਇਮੀਗ੍ਰੇਸ਼ਨ ਦਾ ਸਟੂਡੈਂਟ ਵੀਜ਼ਾ ਰੈਜੀਡੈਂਸੀ ਪਾਥਵੇਅ’ ਰਸਤਿਆਂ ਨੂੰ ਸੁਖਾਲਾ ਤੇ ਪੱਧਰਾ ਕਰਨ ਦੀ ਬਜਾਏ ਊਬੜ-ਖਾਬੜ ਕਰ ਰਿਹਾ ਹੈ। ਇਸ ਕੁੜੀ ਨੇ ਲਗਪਗ ਇਕ ਲੱਖ ਡਾਲਰ ਹੁਣ ਤੱਕ ਪੜ੍ਹਾਈ-ਲਿਖਾਈ ਆਦਿ ਵਾਸਤੇ ਖਰਚ ਦਿੱਤਾ ਹੈ। ਇਸ ਕੁੜੀ ਨੇ ਦੱਸਿਆ  ਕਿਵੇਂ ਉਸਦੀ ਲੁੱਕਵੀਂ ਜ਼ਿੰਦਗੀ ਦੇ ਵਿਚ ਕਿੱਸੇ ਜੁੜਦੇ ਗਏ।  ਇਕ ਕੰਮ ਵਾਲੇ ਨਾਲ ਜਦੋਂ ਉਹ ਸਫਾਈ ਵਾਲੇ ਕੰਮ ਵਾਸਤੇ ਕਈ ਤਾਂ ਕਾਰ ਚਾਲਕ ਨੇ ਉਸਦਾ ਹੱਥ ਫੜ ਲਿਆ ਅਤੇ ਗਲਤ ਹਰਕਤਾਂ ਕਰਨ ਲੱਗਾ, ਜਿਸ ਕਾਰਨ ਉਸਦਾ ਵਿਸ਼ਵਾਸ਼ ਹੀ ਟੁੱਟ ਗਿਆ । ਇਸ ਕੁੜੀ ਨੇ ਵਾਰ-ਵਾਰ ਫੀਸਾਂ ਭਰੀਆਂ, ਇਮੀਗ੍ਰੇਸ਼ਨ ਸਲਾਹਕਾਰ ਅਤੇ ਵਕੀਲ ਆਦਿ ਕੀਤੇ ਪਰ ਪੀ.ਆਰ. ਵਾਲੀ ਗੱਲ ਨਾ ਬਣ ਸਕੀ। ਇਸ ਕੁੜੀ ਦਾ ਮੀਡੀਆ ਦੇ ਵਿਚ ਆਪਣੀ ਗੱਲ ਰੱਖਣ ਦਾ ਮਤਲਬ ਇਹ ਹੈ ਕਿ ਇਕ ਓਵਰਸਟੇਅਰ ਦੀ  ਲੁੱਕਵੀਂ ਜ਼ਿੰਦਗੀ ਕਿੰਨੀ ਕਠਿਨ ਹੈ, ਪਰ ਸਰਕਾਰਾਂ ਦੀ ਸਖਤ ਨੀਤੀਆਂ ਦੇ ਥੱਲੇ ਉਨ੍ਹਾਂ ਦੇ ਨਰਮ ਸੁਪਨੇ ਕਿਵੇਂ ਦੱਬੇ ਜਾਂਦੇ ਹਨ।?