ਨਿਊਜ਼ੀਲੈਂਡ ‘ਚ ਮੁੜ ਫੈਲੇ ਕਰੋਨਾ ਨੇ ਨਵੇਂ ਆਏ 13 ਕੇਸਾਂ ਨਾਲ ਸਪੀਡ ਫੜੀ-ਸਰਕਾਰ ਪੈੜ ਦੱਬਣ ‘ਤੇ ਲੱਗੀ

585
Share

ਕਰੋਨਾ ਅੱਪਡੇਟ: ਕੁੱਲ ਸੰਖਿਆ ਹੋਈ 69
ਔਕਲੈਂਡ, 16 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਪਿਛਲੇ ਮੰਗਲਵਾਰ ਤੋਂ ਮੁੜ ਦੁਬਾਰਾ ਸ਼ੁਰੂ ਹੋਏ ਕਰੋਨਾ ਨੇ ਮੁੜ ਸਪੀਡ ਫੜ ਲਈ ਹੈ ਤੇ ਹੁਣ ਕੁੱਲ ਗਿਣਤੀ 69 ਹੋ ਗਈ ਹੈ। ਅੱਜ ਹੋਰ 13 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ 12 ਕਮਿਊਨਿਟੀ ਤੋਂ ਹਨ ਅਤੇ 1 ਕੇਸ ਆਈਸੋਲੇਸ਼ਨ ਸਹੂਲਤਾਂ ਵਾਲੇ ਸਥਾਨ ਤੋਂ ਆਇਆ ਹੈ। ਸੋਸ਼ਲ ਮੀਡੀਆ ਉਤੇ ਫੈਲਦੀਆਂ ਕਈ ਨਕਲੀ ਖਬਰਾਂ ਤੋਂ ਸਰਕਾਰ ਨੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।  ਡਾਇਰੈਕਟਰ ਜਨਰਲ ਡਾ. ਬਲੂਮਫੀਲਡ ਨੇ ਕਿਹਾ ਕਿ ਕਮਿਊਨਿਟੀ ਦੇ ਸਾਰੇ 12 ਕੇਸ ਆਕਲੈਂਡ ਅਧਾਰਿਤ ਹਨ ਅਤੇ ਕਿਸੇ ਨੇ ਵੀ ਇਸ ਖੇਤਰ ਤੋਂ ਬਾਹਰ ਯਾਤਰਾ ਨਹੀਂ ਕੀਤੀ। ਸਭ ਦਾ ਮੌਜੂਦਾ ਕਲੱਸਟਰ ਨਾਲ ਸਬੰਧ ਹੈ। ਇਸ ਵੇਲੇ 3 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ ਇਰ ਮਿਡਲਮੋਰ ਹਸਪਤਾਲ ਅਤੇ 2 ਆਕਲੈਂਡ ਹਸਪਤਾਲ ਵਿੱਚ ਹਨ। ਅੱਜ ਤੱਕ ਕਲੱਸਟਰ ਨਾਲ ਜੁੜੇ 66 ਲੋਕੰ ਨੂੰ ਕੁਆਰੰਟੀਨ ਕੀਤਾ ਗਿਆ ਹੈ। ਆਈਸੋਲੇਸ਼ਨ ਵਿੱਚੋਂ ਇੱਕ ਬੱਚੇ ਦਾ ਕੇਸ ਆਇਆ ਹੈ ਜੋ ਅਫ਼ਗ਼ਾਨਿਸਤਾਨ ਤੋਂ ਆਇਆ ਹੈ ਅਤੇ ਪੁਲਮੈਨ ਹੋਟਲ ‘ਚ ਮੈਨੇਜਡ ਆਈਸੋਲੇਸ਼ਨ ਵਿੱਚ ਹੈ। ਨਿਊਜ਼ੀਲੈਂਡ ਵਿੱਚ ਹੁਣ ਤੱਕ  ਕੋਵਿਡ -19 ਦੇ 1271 ਮਾਮਲੇ ਪੁਸ਼ਟੀ ਹੋਏ ਹਨ। ਕਮਿਊਨਿਟੀ ਦੇ ਵਿਚੋਂ 49 ਕੇਸ ਹਨ। ਸ਼ਨੀਵਾਰ ਨੂੰ 23,682 ਟੈੱਸਟ ਕੀਤੇ ਗਏ, ਜਿਸ ਨਾਲ ਹੁਣ ਦੇਸ਼ ਵਿੱਚ ਕੁੱਲ ਕੀਤੇ ਟੈੱਸਟਾਂ ਦੀ ਗਿਣਤੀ 571,942 ਹੋ ਗਈ ਹੈ। ਮੌਤਾਂ ਦੀ ਗਿਣਤੀ 22 ਹੀ ਹੈ।

ਔਕਲੈਂਡ ਦੀਆਂ ਬੱਸਾਂ ਦੇ ਵਿਚ ਸਿਰਫ ਜ਼ਰੂਰੀ ਸੇਵਾਵਾਂ ਵਾਲੇ ਹੀ ਸਫਰ ਕਰ ਸਕਣਗੇ-2 ਮੀਟਰ ਦਾ ਰੱਖਣਾ ਹੋਏਗਾ ਫਾਸਲਾ
ਔਕਲੈਂਡ : ਨਿਊਜ਼ੀਲੈਂਡ ਦੇ ਵਿਚ ਪਿਛਲੇ ਮੰਗਲਵਾਰ ਲਗਪਗ 102 ਦਿਨ ਬਾਅਦ ਸਥਾਨਿਕ ਭਾਈਚਾਰੇ ਦੇ ਵਿਚੋਂ ਇਕੋ ਪਰਿਵਾਰ ਦੇ ਚਾਰ ਮੈਂਬਰ ਕਰੋਨਾ ਪੀੜਤ ਪਾਏ ਗਏ ਸਨ ਅਤੇ ਪ੍ਰਧਾਨ ਮੰਤਰੀ ਨੇ ਅਗਲੇ ਹੀ ਦਿਨ ਬੁੱਧਵਾਰ ਤੋਂ ਔਕਲੈਂਡ ਖੇਤਰ ਵਿਚ ਕਰੋਨਾ ਤਾਲਾਬੰਦੀ ਪੱਧਰ-3 ਲਾਗੂ ਕਰ ਦਿੱਤੀ ਸੀ ਜੋ ਕਿ ਪਹਿਲਾਂ ਤਿੰਨ ਦਿਨ ਲਈ ਸੀ ਅਤੇ ਫਿਰ ਸ਼ੁੱਕਰਵਾਰ ਨੂੰ 12 ਹੋਰ ਦਿਨਾਂ ਲਈ 26 ਅਗਸਤ ਤੱਕ ਵਧਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਦੇਸ਼ ਦੇ ਬਾਕੀ ਹਿੱਸਿਆਂ ਵਿਚ ਤਾਲਾਬੰਦੀ ਦਾ ਪੱਧਰ-2 ਲਾਗੂ ਕੀਤਾ ਗਿਆ ਹੈ। ਪੱਧਰ-3 ਉਤੇ ਜਨਤਕ ਟ੍ਰਾਂਸਪੋਰਟ ਸਿਰਫ ਜਰੂਰੀ ਸੇਵਾਵਾਂ ਦੇਣ ਵਾਲੇ ਮੁਲਾਜਮਾਂ ਲਈ ਵਰਤੀਆ ਜਾ ਸਕਣੀਆਂ ਅਤੇ 2 ਮੀਟਰ ਦਾ ਫਾਸਲਾ ਜਰੂਰੀ ਹੈ। ਜਨਤਕ ਟ੍ਰਾਂਸਪੋਰਟ ਵਰਤਣ ਵਾਸਤੇ ਫੇਸ ਮਾਸਕ ਪਹਿਨਣਾ ਵੀ ਜਰੂਰੀ ਕੀਤਾ ਗਿਆ ਹੈ। ਬੱਸਾਂ ਪਹਿਲਾਂ ਦੀ ਤਰ੍ਹਾਂ ਹੀ ਚੱਲਣਗੀਆਂ ਪਰ ਦੇਰ ਰਾਤ ਵਾਲੀਆਂ ਬੱਸਾਂ ਨੂੰ ਘਟਾਇਆ ਗਿਆ ਹੈ। ਸੋਮਵਾਰ ਤੋਂ ਸਕੂਲ ਬੱਸਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਰੇਲਾਂ ਵੀ ਅੱਗੇ ਨਾਲੋਂ ਘੱਟ ਚੱਲਣਗੀਆਂ। ਰੇਲ ਦੇ ਬਾਅਦ ਅਗਲੀ ਰੇਲ ਦਾ ਸਮਾਂ 30 ਮਿੰਟ ਬਾਅਦ ਵੀ ਆਵੇਗਾ ਅਤੇ ਇਸ ਦੌਰਾਨ ਕੀਵੀ ਰੇਲ ਵੱਲੋਂ ਰਿਪੇਅਰ ਦਾ ਕੰਮ ਵੀ ਕੀਤਾ ਜਾਵੇਗਾ। ਸਾਈਕਲਿੰਗ ਵਾਸਤੇ ਵੀ 2 ਮੀਟਰ ਦਾ ਫਾਸਲਾ ਰੱਖਣ ਲਈ ਕਿਹਾ ਗਿਆ ਹੈ।


Share