ਨਿਊਜ਼ੀਲੈਂਡ ‘ਚ ਬਿਜ਼ਨਸ ਕਰਨ ਵਾਲਿਆਂ ਦੀਆਂ ਕਤਾਰਾਂ

582
Share

ਨਿਵੇਸ਼ਕ: ਖੋਲ੍ਹੋ ਬਾਰਡਰ-ਖੋਲ੍ਹਾਂਗੇ ਬਿਜ਼ਨਸ
ਮਿਲੀਅਨ ਡਾਲਰ ਉਡਾਰੀ ਦੀ ਉਡੀਕ ‘ਚ
ਆਕਲੈਂਡ, 28 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇਸ਼ ਦੇ ਦਰਵਾਜੇ 19 ਮਾਰਚ 2020 ਤੋਂ ਕਰੋਨਾ ਵਾਰਿਸ ਦੇ ਚਲਦਿਆਂ ਗੈਰ ਨਿਊਜ਼ੀਲੈਂਡੰ ਦੇ ਲਈ ਬੰਦ ਹਨ। ਹੁਣ ਤੱਕ ਦੇਸ਼ ਵਿਚ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 1477 ਹੈ ਜੋ ਕਿ ਬਾਕੀ ਮੁਲਕਾਂ ਦੇ ਮੁਕਾਬਲੇ ਕਾਫੀ ਘੱਟ ਹੈ ਇਸ ਕਰਕੇ ਦੂਜੇ ਮੁਲਕਾਂ ਦੇ ਲੋਕ ਇਥੇ ਆ ਕੇ ਵਸਣਾ ਚਾਹੁੰਦੇ ਹਨ ਅਤੇ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਹਨ। ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਇਨਵੈਸਟਰ ਕੈਟਾਗਿਰੀ (ਨਿਵੇਸ਼ਕ ਸ਼੍ਰੇਣੀ) ਨੰਬਰ-1 ਅਤੇ ਨੰਬਰ-2 ਅਧੀਨ ਆਉਣ ਵਾਲੇ ਨਿਵੇਸ਼ਕਾਂ ਦੀ ਇਥੇ ਕਤਾਰ ਲੱਗੀ ਪਈ ਹੈ। 3 ਮਿਲੀਅਨ ਡਾਲਰ ਤੋਂ ਲੈ ਕੇ 10 ਮਿਲੀਅਨ ਡਾਲਰ ਤੱਕ ਨਿਵੇਸ਼ਕ ਲੋਕ ਇਥੇ ਆ ਕੇ ਕੋਈ ਵਪਾਰ ਸਥਾਪਿਤ ਕਰਨਾ ਚਾਹੁੰਦੇ ਹਨ। ਨਿਵੇਸ਼ਕ ਚਾਹੁੰਦੇ ਹਨ ਦੇਸ਼ ਬਾਰਡਰ ਖੋਲ੍ਹੇ ਅਤੇ ਉਹ ਇਥੇ ਆ ਕੇ ਬਿਜ਼ਨਸ ਖੋਲ੍ਹਣ। ਇਸ ਵੇਲੇ 270 ਅਜਿਹੇ ਨਿਵੇਸ਼ਕਾਂ ਦੀਆਂ ਅਰਜ਼ੀਆਂ ਇਮੀਗ੍ਰੇਸ਼ਨ ਕੋਲ ਫੈਸਲੇ ਦੀ ਉਡੀਕ ਵਿਚ ਪਈਆਂ ਹਨ। ਇਨ੍ਹਾਂ ਉਤੇ ਇਸ ਕਰਕੇ ਫੈਸਲਾ ਨਹੀਂ ਹੋ ਰਿਹਾ ਕਿਉਂਕਿ ਇਸ ਵੇਲੇ ਦੇਸ਼ ਅੰਦਰ ਦਾਖਲ ਹੋਣ ਲਈ ਗੈਰ ਨਿਊਜ਼ੀਲੈਂਡਾਂ ਉਤੇ ਰੋਕ ਲੱਗੀ ਹੋਈ ਹੈ। ਸਿਰਫ ਦੇਸ਼ ਦੇ ਨਾਗਰਿਕ ਅਤੇ ਪੱਕੇ ਲੋਕ ਜਾਂ ਫਿਰ ਜਿਨ੍ਹਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ, ਉਹ ਆ ਸਕਦੇ ਹਨ। ਸੰਕਟਮਈ ਹਾਲਤਾਂ ਦੇ ਵਿਚ ਕੰਮ ਕਰਨ ਵਾਲਿਆਂ ਦੇ ਲਈ ਇਸ ਵੇਲੇ ਛੋਟ ਦਿੱਤੀ ਜਾ ਰਹੀ ਹੈ ਅਤੇ ‘ਬਿਜ਼ਨਸ ਨਿਊਜ਼ੀਲੈਂਡ’ ਸੰਸਥਾ ਸੋਚਦੀ ਹੈ ਕਿ ਇਸ ਸ਼੍ਰੇਣੀ ਨੂੰ ਵੀ ਅਜਿਹੀ ਛੋਟ ਦੇ ਵਿਚ ਰੱਖਣਾ ਚਾਹੀਦਾ ਹੈ। ਅਮਰੀਕਾ ਦੀ ਇਕ ਟੈਕਨਾਲੋਜੀ ਕੰਪਨੀ ਇਥੇ ਆਉਣ ਨੂੰ ਬਹੁਤ ਕਾਹਲੀ ਹੈ ਕਿਉਂਕਿ ਪੂਰੇ ਦੇਸ਼ ਦੇ ਵਿਚ ਇਸ ਵੇਲੇ ਅਲਟ੍ਰਾ ਫਾਸਟ ਬ੍ਰੌਡਬੈਂਡ ਇੰਟਨੈਟ ਸੇਵਾ ਹੈ।
ਵਰਨਣਯੋਗ ਹੈ ਕਿ ਇਸੇ ਮਹੀਨੇ ਮਾਈਕ੍ਰੋਸਾਫਟ ਕੰਪਨੀ ਨੂੰ ਨਿਊਜ਼ੀਲੈਂਡ ਦੇ ਵਿਚ 100 ਮਿਲੀਅਨ ਤੋਂ ਜਿਆਦਾ ਡਾਲਰ ਨਿਵੇਸ਼ ਕਰਨ ਦੀ ‘ਓਵਰਸੀਜ਼ ਇਨਵੈਸਟਮੈਂਟ ਆਫਿਸ’ ਤੋਂ ਪ੍ਰਵਾਨਗੀ ਮਿਲ ਚੁੱਕੀ ਹੈ। ਮਾਈਕ੍ਰੋਸਾਫਟ ਇਥੇ ਡਾਟਾ ਸੈਂਟਰ ਬਣਾਏਗੀ ਜਿਸ ਦਾ ਐਲਾਨ ਬੀਤੀ 6 ਮਈ ਨੂੰ ਪ੍ਰਧਾਨ ਮੰਤਰੀ ਨੇ ਕੀਤਾ ਸੀ।


Share