ਨਿਊਜ਼ੀਲੈਂਡ ‘ਚ ਕੰਵਲਜੀਤ ਬਖਸ਼ੀ ਤੇ ਡਾ ਪਰਮਜੀਤ ਪਰਮਾਰ ਦੇ ਸੰਸਦੀ ਸਫਰ ਨੂੰ ਤਿੰਨ ਸਾਲ ਦੀ ਬ੍ਰੇਕ

433
Share

-ਭਾਰਤੀ ਉਮੀਦਵਾਰਾਂ ਦੇ ਨਹੀਂ ਹੋ ਸਕੇ ਵਾਰੇ ਨਿਆਰੇ
ਆਕਲੈਂਡ, 19 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਹੱਕ ਵਿਚ ਵਗੀ ਹਨ੍ਹੇਰੀ ਨੇ ਜਿੱਥੇ ਉਸਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ, ਉਥੇ 3 ਦਰਜਨਾਂ ਤੋਂ ਵੱਧ ਨਵੇਂ ਐੱਮ.ਪੀ. ਬਣ ਗਏ ਹਨ ਅਤੇ ਕਈਆਂ ਨੂੰ ਸਾਲਾਂ ਬਾਅਦ ਜਾਣਾ ਪਿਆ ਹੈ।
ਸ. ਕੰਵਲਜੀਤ ਸਿੰਘ ਬਖਸ਼ੀ ਨੇ ਬਣਨਾ ਸੀ ਪੰਜਵੀਂ ਵਾਰ ਸਾਂਸਦ: ਨਿਊਜ਼ੀਲੈਂਡ ਦੀ 49ਵੀਂ ਸੰਸਦ ਵਿਚ ਨੈਸ਼ਨਲ ਪਾਰਟੀ ਵੱਲੋਂ ਪਹਿਲੀ ਵਾਰ ਇਕ ਦਸਤਾਰਧਾਰੀ ਸਿੱਖ ਸ. ਕੰਵਲਜੀਤ ਸਿੰਘ ਬਖਸ਼ੀ (59) ਨੇ ਪੈਰ ਧਰਿਆ ਸੀ ਅਤੇ ਹੁਣ ਉਹ ਲਗਾਤਾਰ ਪੰਜਵੀਂ ਵਾਰ ਇਸ ਪਾਰਲੀਮੈਂਟ ਵਿਚ ਲਿਸਟ ਐੱਮ.ਪੀ. (ਮਿਕਸਡ ਮੈਂਬਰ ਪ੍ਰੋਪੇਸ਼ਨਲ) ਦੇ ਤੌਰ ‘ਤੇ ਪਹੁੰਚਣ ਦੀ ਤਿਆਰੀ ਵਿਚ ਸਨ ਪਰ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਦੇ ਹੱਕ ‘ਚ ਆਈ ਹਨ੍ਹੇਰੀ ਨੇ ਉਨ੍ਹਾਂ ਨੂੰ ਪਾਰਲੀਮੈਂਟ ਦੀ ਸੀਟ ਤੋਂ ਕਾਫੀ ਦੂਰ ਕਰ ਦਿੱਤਾ। ਇਸ ਹਨ੍ਹੇਰੀ ਨੇ 40 ਦੇ ਕਰੀਬ ਨਵੇਂ ਮੈਂਬਰ ਪਾਰਲੀਮੈਂਟ ਬਣਾ ਦਿੱਤੇ ਪਰ ਤਿੰਨ ਦਹਾਕਿਆਂ ਤੱਕ ਦੇ ਸਾਂਸਦ ਬਾਹਰ ਕਰ ਦਿੱਤੇ।
ਮਾਣ ਰਹੇਗਾ: ਨਵੀਂ ਦਿੱਲੀ ਵਿਖੇ ਪੈਦਾ ਹੋਏ ਸ. ਬਖਸ਼ੀ ਦੀ ਸਤਿਕਾਰਯੋਗ ਪਿਤਾ ਸ. ਜਗਦੇਵ ਸਿੰਘ ਬਖਸ਼ੀ ਵੀ ਰਾਜਨੀਤਿਕ ਆਗੂ ਸਨ। ਸ. ਕੰਵਲਜੀਤ ਸਿੰਘ ਬਖਸ਼ੀ ਨੇ ਦਸੰਬਰ 2008 ਵਿਚ ਪਾਰਲੀਮੈਂਟ ਸ਼ੈਸ਼ਨ ਦੇ ਵਿਚ ਪਹਿਲੀ ਵਾਰ ਦਿੱਤੇ ਭਾਸ਼ਣ ਵਿਚ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਗਜਾਈ ਸੀ। ਭਾਸ਼ਣ ਦੇ ਅੰਤ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਵਚਨ ‘ਬੇਗਮਪੁਰਾ ਸਹਰ ਕੋ ਨਾਓ’ ਦੇ ਨਾਲ ਸਮਾਪਤੀ ਕਰਦਿਆਂ ਨਿਊਜ਼ੀਲੈਂਡ ਨੂੰ ਅਜਿਹਾ ਦੇਸ਼ ਮੰਨਿਆ ਸੀ, ਜਿੱਥੇ ਕੋਈ ਦੁੱਖ ਅਤੇ ਚਿੰਤਾ ਨਹੀਂ ਹੈ। ਉਨ੍ਹਾਂ ਦੇ ਉਦਮ ਸਦਕਾ ਪਹਿਲੀ ਵਾਰ ਪਾਰਲੀਮੈਂਟ ਵਿਚ ਵਿਸਾਖੀ ਮਨਾਈ ਗਈ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਮਾਗਮ ਕੀਤਾ ਗਿਆ। ਸ. ਬਖਸ਼ੀ ਹੁਣ ਤੱਕ ਪਾਰਟੀ ਵੋਟ ਦੇ ਆਧਾਰ ਉਤੇ ਲਿਸਟ ਐੱਮ.ਪੀ. ਬਣਦੇ ਆਏ ਸਨ। ਉਂਝ ਉਹ ਵੋਟਾਂ ਲਈ ਵੀ ਉਮੀਦਵਾਰ ਹੁੰਦੇ ਹਨ ਪਰ ਵੋਟਾਂ ਦੇ ਆਧਾਰ ਉਤੇ ਬਹੁਤ ਫਰਕ ਰਹਿ ਜਾਂਦਾ ਰਿਹਾ ਹੈ। ਪਹਿਲੀ ਵਾਰ ਉਨ੍ਹਾਂ ਨੂੰ ਪਾਰਟੀ ਰੈਕਿੰਗ ਵਿਚ ਨੰਬਰ 38 ਉਤੇ ਰੱਖਿਆ ਗਿਆ ਸੀ, ਉਸ ਤੋਂ ਬਾਅਦ ਉਹ ਅਗਲੀਆਂ ਚੋਣਾਂ ਵਿਚ ਉਪਰ ਜਾਂਦੇ ਰਹੇ ਅਤੇ ਇਸ ਵਾਰ 24ਵੇਂ ਨੰਬਰ ਉਤੇ ਸਨ। ਸ. ਬਖਸ਼ੀ ਨੂੰ ਇਸ ਵਾਰ 3148 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਪੈਨਮਿਊਰ-ਉਟਾਹੂਹੂ ਹਲਕੇ ਦੀ ਜੇਤੂ ਉਮੀਦਵਾਰ ਜੈਨੀ ਸਾਲੇਸਾ ਨੂੰ 16251 ਵੋਟਾਂ ਪਈਆਂ। ਸ. ਬਖਸ਼ੀ ਨੇ ਸਮੁੱਚੀ ਭਾਰਤੀ ਕਮਿਊਨਿਟੀ ਦਾ ਧੰਨਵਾਦ ਕੀਤਾ ਹੈ।
ਡਾ. ਪਰਮਜੀਤ ਕੌਰ ਪਰਮਾਰ ਨੇ ਪਹੁੰਚਣਾ ਸੀ ਤੀਜੀ ਵਾਰ: 2014 ਦੀਆਂ ਆਮ ਚੋਣਾਂ ਦੇ ਵਿਚ ਨੈਸ਼ਨਲ ਪਾਰਟੀ ਵੱਲੋਂ ਪਹਿਲੀ ਵਾਰ ਡਾ. ਪਰਮਜੀਤ ਕੌਰ ਪਰਮਾਰ (50) ਨੇ ਲਿਸਟ ਐੱਮ.ਪੀ. ਵਜੋਂ ਆਪਣਾ ਦਾਖਲਾ ਸੁਨਿਸ਼ਤ ਕੀਤਾ ਸੀ। ਇਸ ਤੋਂ ਬਾਅਦ 2017 ਦੀਆਂ ਚੋਣਾਂ ਦੇ ਵਿਚ ਫਿਰ ਦੁਬਾਰਾ ਉਹ ਲਿਸਟ ਸੰਸਦੀ ਮੈਂਬਰ ਚੁਣੇ ਗਏ। 2013 ਦੇ ਵਿਚ ਇਹ ਫੈਮਿਲੀ ਕਮਿਸ਼ਨ ਦੀ ਮੈਂਬਰ ਬਣੀ। ਦੋ ਵਾਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਇੰਡੀਆ ਗਈ। ਡਾ. ਪਰਮਜੀਤ ਪਰਮਾਰ ਨੇ ਇਥੇ ਨਿਉਰੋਸਾਇੰਸ (ਤੰਤੂ ਵਿਗਿਆਨ) ਦੇ ਵਿਚ ਪੀ.ਐੱਚ.ਡੀ. ਕੀਤੀ ਹੋਈ ਹੈ ਅਤੇ ਇਕ ਸਾਇੰਸਦਾਨ ਵਜੋਂ ਵੀ ਕੰਮ ਕੀਤਾ ਹੈ। ਆਮ ਚੋਣਾਂ 2020 ਦੇ ਆਏ ਨਤੀਤਿਆਂ ਅਨੁਸਾਰ ਡਾ. ਪਰਮਜੀਤ ਪਰਮਾਰ ਤੀਜੀ ਵਾਰ ਪਾਰਲੀਮੈਂਟ ਦੇ ਵਿਚ ਲਿਸਟ ਐੱਮ.ਪੀ. ਵਜੋਂ ਪਹੁੰਚ ਗਏ ਹਨ। ਲਿਸਟ ਰੈਂਕਿੰਗ ਵਿਚ ਉਨ੍ਹਾਂ ਦਾ 27ਵਾਂ ਸਥਾਨ ਸੀ। ਡਾ. ਪਰਮਾਰ ਨੂੰ 6638 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਹਲਕੇ ਮਾਊਂਟ ਰੌਸਕਿਲ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਮਾਈਕਲ ਵੁੱਡ ਨੂੰ 14680 ਵੋਟਾਂ ਪਈਆਂ। ਜੈਸਿੰਡਾ ਦੀ ਹਨ੍ਹੇਰੀ ਵਿਚ ਇਹ ਵੀ ਸਾਂਸਦ ਵਾਲੀ ਹਰੀ ਕੁਰਸੀ ਤੋਂ ਕਾਫੀ ਦੂਰ ਚਲੇ ਗਏ ਹਨ।
ਦੋਹਾਂ ਨੇਤਾਵਾਂ ਦੇ ਸੰਸਦੀ ਸਫਰ ਨੂੰ ਤਿੰਨ ਸਾਲ ਦੀ ਬ੍ਰੇਕ ਮਿਲ ਚੁੱਕੀ ਹੈ। ਇਸ ਵਾਰ ਇਨ੍ਹਾਂ ਦੇ ਵਾਰੇ ਨਿਆਰੇ ਨਹੀਂ ਹੋ ਸਕੇ। ਕਈ ਲੋਕਾਂ ਨੇ ਚੁੱਟਕੀ ਲੈਂਦਿਆਂ ਇਹ ਵੀ ਕਿਹਾ ਹੈ ਕਿ ਹੁਣ ਥੋੜ੍ਹਾ ਆਰਾਮ ਵੀ ਕਰ ਲੈਣ। ਨੈਸ਼ਨਲ ਦੀ ਪ੍ਰਧਾਨ ਜੂਠਿਥ ਨੇ ਆਪਣੇ ਜੇਤੂ ਭਾਸ਼ਣ ‘ਚ ਕਿਹਾ ਸੀ ਕਿ ਉਨ੍ਹਾਂ ਦੀ ਅਗਲੀਆਂ ਚੋਣਾਂ ਦੀ ਕੰਪੇਨ ਵੋਟਾਂ ਦੇ ਅਗਲੇ ਦਿਨ ਤੋਂ ਸ਼ੁਰੂ ਹੋ ਜਾਣੀ ਹੈ। ਉਨ੍ਹਾਂ ਕਿਹਾ ਸੀ ਕਿ ਨੈਸ਼ਨਲ ਦੁਬਾਰਾ ਆਵੇਗੀ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਦੋਵੇਂ ਨੇਤਾ ਰਾਜਨੀਤੀ ਦੇ ਵਿਚ ਕਿੰਨਾ ਕੁ ਸਰਗਰਮ ਰਹਿੰਦੇ ਹਨ।

ਕੈਪਸ਼ਨ
ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਡਾ. ਪਰਮਜੀਤ ਕੌਰ ਪਰਮਾਰ।


Share