ਨਿਊਜ਼ੀਲੈਂਡ ’ਚ ਕੁਈਨਜ਼ਟਾਊਨ ਦੀ ਨਵੀਂ ਮਸਜਿਦ ਦੇ ਬਾਹਰ ਇਸਲਾਮ ਵਿਰੋਧੀ ਪੋਸਟਰ ਲਗਾਏ

420
Share

ਨਫ਼ਰਤ: ਇਨਸਾਨੀਅਤ ਦੀ ਦੁਸ਼ਮਣ
ਆਕਲੈਂਡ, 23 ਦਸੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਕੁਈਨਜ਼ਟਾਊਨ ਵਿਖੇ ਅਜੇ ਦੋ ਕੁ ਹਫਤੇ ਪਹਿਲਾਂ ਨਵੀਂ ਮਸਜਿਦ ਖੋਲ੍ਹੀ ਗਈ ਸੀ, ਪਰ ਹੁਣ ਉਥੇ ਵੀ ਨਫਰਤ ਦੀ ਹਵਾ ਨੇ ਮਾਹੌਲ ਜ਼ਹਿਰੀਲਾ ਕਰ ਦਿੱਤਾ ਹੈ। ਇਸ ਇਸਲਾਮਿਕ ਸੈਂਟਰ ਦੇ ਬਾਹਰ ਨਫਰਤ ਫੈਲਾਉਂਦੇ ਪੋਸਟਰ ਲਗਾਏ ਗਏ ਸਨ ਜਿਨ੍ਹਾਂ ਨੂੰ ਭਾਵੇਂ ਸਥਾਨਕ ਲੋਕਾਂ ਨੇ ਹਟਾ ਦਿੱਤਾ ਹੈ, ਪਰ ਪੁਲਿਸ ਇਸ ਸਬੰਧੀ ਪੂਰੀ ਜਾਂਚ ਕਰ ਰਹੀ ਹੈ। ਕੁਈਨਜ਼ਟਾਊਨ ਲੇਕ ਦੇ ਮੇਅਰ ਜਿਸ ਬਾਊਲਟ ਨੇ ਕਿਹਾ ਹੈ ਕਿ ਇਸ ਦੇਸ਼ ਵਿਚ ਨਫਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਉਥੇ ਦੇ ਸਕੂਲਾਂ ਵਿਚ 47 ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੇ ਬੱਚੇ ਪੜ੍ਹਦੇ ਹਨ ਅਤੇ ਇਹ ਨਫਰਤ ਸਹਿਣਯੋਗ ਨਹੀਂ ਹੈ। ਉਨ੍ਹਾਂ ਨਫਰਤ ਫੈਲਾਉਣ ਵਾਲਿਆਂ ਨੂੰ ਕਿਹਾ ਕਿ ਜੇਕਰ ਉਹ ਇਥੇ ਰਹਿਣਾ ਪਸੰਦ ਨਹੀਂ ਕਰਦੇ ਤਾਂ ਉਹ ਹੋਰ ਕਿਤੇ ਜਾ ਸਕਦੇ ਹਨ।
ਨਫਰਤ ਫੈਲਾਉਣ ਵਾਲੀਆਂ ਤਸਵੀਰਾਂ ਫ੍ਰੈਂਚ ਦੇ ਇਕ ਵਿਅੰਗਾਤਮਕ ਮੈਗਜ਼ੀਨ ‘ਚਾਰਲੀ ਹੈਬਡੋ’ ਦੀਆਂ ਸਨ। ਇਹ ਮੈਗਜ਼ੀਨ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਵੱਖ-ਵੱਖ ਧਰਮਾਂ ਉਤੇ ਕਾਰਟੂਨ ਬਣਾ ਕੇ ਵਿਅੰਗ ਕਸਦਾ ਰਹਿੰਦਾ ਹੈ। ਸਿੱਖਾਂ ਬਾਰੇ ਵੀ ਇਹ ਮੈਗਜ਼ੀਨ ਕਾਰਟੂਨ ਛਾਪ ਚੁੱਕਾ ਹੈ। ਸੋ ਨਫ਼ਰਤ ਹਮੇਸ਼ਾਂ ਇਨਸਾਨੀਅਤ ਦੀ ਦੁਸ਼ਮਣ ਰਹੀ ਹੈ ਅਤੇ ਪੜ੍ਹੀ-ਲਿਖੀ ਦੁਨੀਆ ਹੋਣ ਦੇ ਬਾਵਜੂਦ ਵੀ ਇਹ ਫੈਲਦੀ ਜਾ ਰਹੀ ਹੈ।


Share