ਨਿਊਜ਼ੀਲੈਂਡ ’ਚ ਕਿਸਾਨਾਂ ਦੇ ਹੱਕ ਵਿਚ ਕੱਲ੍ਹ 2 ਘੰਟੇ ਜਹਾਜ਼ ਲੈ ਕੇ ਘੁੰਮੇਗਾ ‘ਫਲਾਇੰਗ ਬੈਨਰ’

469
Share

-..ਕਿਉਂਕ 88% ਲੋਕਾਂ ਨੂੰ ਯਾਦ ਰਹਿੰਦੀ ਹੈ ਫਲਾਇੰਗ ਅਤੇ 79% ਪੜ੍ਹ ਕੇ ਯਾਦ ਕਰ ਲੈਂਦੇ ਨੇ ਲਿਖਿਆ ਸੁਨੇਹਾ
-ਬਾਅਦ ਦੁਪਹਿਰ ਸਵਾ 2 ਵਜੇ ਤੋਂ 4 ਵਜੇ ਤੱਕ ਸਾਊਥ ਔਕਲੈਂਡ ਦੇ ਲਗਪਗ ਸਾਰੇ ਹਿਸਿਆਂ, ਬੀਚਾਂ ਅਤੇ ਸੈਂਡਰਿੰਗਮ ਪਾਰਕ ਵਿਖੇ ਕਿਸਾਨੀ ਫਲੈਗ ਮਾਰਚ ਉਤੇ (ਸਮਾਂ ਦੁਪਹਿਰ 2-4) ਦਿਸੇਗਾ ਸਭ ਨੂੰ
ਆਕਲੈਂਡ, 13 ਫਰਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕਹਿੰਦੇ ਨੇ ਜਦੋਂ ਗੱਲ ਹਮਾਇਤ ਕਰਨ ਦੀ ਹੋਵੇ, ਜੋਸ਼ ਅੰਤਰਰਾਸ਼ਟਰੀ ਸਤਰ ਉਤੇ ਪਹੁੰਚ ਚੁਕਿਆ ਹੋਵੇ, ਪਰ ਉਪਰੋਂ ਬਾਰਡਰ ਬੰਦ ਹੋਣ ਤਾਂ ਕੋਈ ਨਾ ਕੋਈ ਰਸਤਾ ਲੱਭ ਆਪਣਾ ਸੁਨੇਹਾ ਧੁਰ ਉਪਰ ਤੱਕ ਪੁੱਜਦਾ ਕਰਨ ਵਾਲੇ ਉਚੀ ਉਡਾਰੀ ਮਾਰ ਹੀ ਜਾਂਦੇ ਹਨ।
ਇਥੇ ਨਿਊਜ਼ੀਲੈਂਡ ਵਸਦੇ ਪੰਜਾਬੀ ਨੌਜਵਾਨਾਂ ਦੇ ਜੋਸ਼ ਦੀ ਦਾਦ ਦੇਣੀ ਬਣਦੀ ਹੈ ਕਿ ਇਨ੍ਹਾਂ ਨੇ ਇਕ ਪੰਜਾਬੀਆਂ ਦੇ ਕਿਸਾਨੀ ਸ਼ੰਘਰਸ਼ ਲਈ ਉਦਮ ਕਰਕੇ ਕੱਲ੍ਹ 14 ਫਰਵਰੀੇ ਦਿਨ ਐਤਵਾਰ ਨੂੰ 2 ਘੰਟੇ ਲਈ ‘ਏਅਰਬੱਬਲ ਏਰੀਅਲ ਐਡਵਰਟਾਈਜਿੰਗ’ ਦੀ ਤਰਜ਼ ਉਤੇ ਜਹਾਜ਼ ਹੀ ਭਾੜੇ ਉਤੇ ਲੈ ਲਿਆ ਹੈ।
ਕੱਲ੍ਹ 1000 ਤੋਂ 1100 ਫੁੱਟ ਦੀ ਉਚਾਈ ਉਤੇ ਕਿਸਾਨਾਂ ਦੇ ਹੱਕ ਵਿਚ ਲਿਖੇ 7 ਫੁੱਟੇ ਅੱਖਰ ਜਦੋਂ ਹਵਾ ਦੇ ਵਿਚ ਮੰਡਰਾਉਣਗੇ ਤਾਂ ਇਹ ਨੀਲੇ-ਨੀਲੇ ਅੱਖਰ ਸੁਨਿਹਿਰੇ ਇਤਿਹਾਸ ਵਿਚ ਬਦਲ ਜਾਣਗੇ। ਦੱਸ ਦਈਏ ਕਿ ਇਥੇ ਜਹਾਜ਼ ਥੱਲੇ ਫਲਾਇੰਗ ਹੋਣ ਵਾਲਾ ਹਰ ਅੱਖਰ ਧਰਤੀ ਤੋਂ ਖੜ ਕੇ ਕਿਸੇ ਪਾਸਿਓਂ ਵੀ ਪੜਿ੍ਹਆ ਜਾ ਸਕੇਗਾ। ਕੁੱਲ 35-40 ਅੱਖਰ ਇਕੋ ਲਾਈਨ ਦੇ ਵਿਚ ਜਹਾਜ਼ ਦੇ ਥੱਲੇ-ਥੱਲੇ ਸੁਨੇਹਾ ਛੱਡਦੇ ਉਡਣਗੇ। ਜਹਾਜ਼ ਦੇ ਰਾਹੀਂ ਹੋਣ ਵਾਲੀ ਅਜਿਹੀ ਐਡਵਰਟਾਈਜਿੰਗ 88% ਲੋਕਾਂ ਨੂੰ ਯਾਦ ਰਹਿੰਦੀ ਹੀ ਰਹਿੰਦੀ ਹੈ ਅਤੇ 79% ਲੋਕ ਬੈਨਰ ਉਤੇ ਲਿਖਿਆ ਪੜ੍ਹ ਕੇ ਯਾਦ ਵੀ ਕਰ ਲੈਂਦੇ ਹਨ ਅਤੇ ਚੇਤਿਆਂ ਵਿਚ ਵਸਾ ਲੈਂਦੇ ਹਨ। ਇਥੇ ਫਲਾਇੰਗ ਬੈਨਰ ਦਾ ਮਤਲਬ ਆਪਣੇ ਸੁਨੇਹੇ ਨੂੰ ਅੰਤਰਰਾਸ਼ਟਰੀ ਆਵਾਜ਼ ਬਨਾਉਣਾ ਹੈ। ਕੱਲ੍ਹ ਨੂੰ ਜਦੋਂ ਇਹ ਦੋਵੇਂ ਦੇਸ਼ ਇਕ ਦੂਜੇ ਨਾਲ ਗੱਲਬਾਤ ਕਰਨਗੇ ਤਾਂ ਅਜਿਹੇ ਮੁੱਦਿਆਂ ਨੂੰ ਯਾਦ ਰੱਖਿਆ ਜਾਵੇਗਾ ਅਤੇ ਕਿਸਾਨਾਂ ਦੀ ਕੀਤੀ ਗੱਲ ਚੇਤਿਆਂ ਵਿਚ ਵਸੇਗੀ।
ਜਹਾਜ਼ ਦੇ ਥੱਲੇ ਉਡਣ ਵਾਲਾ ਲੰਬਾ ਸਾਰਾ ਬੈਨਰ (#farmersprotes  support indian farmers) ਭਾਰਤੀ ਕਿਸਾਨਾਂ ਦੀ ਹਮਾਇਤ ਵਿਚ ਲਿਖਿਆ ਗਿਆ ਹੈ। ਨਿਊਜ਼ੀਲੈਂਡ ਵਸਦੇ ਮੁੰਡਿਆਂ ਅਤੇ ਕੁਝ ਅਦਾਰਿਆਂ ਦੇ ਸਹਿਯੋਗ ਨਾਲ ਇਹ ਸਾਰਾ ਖਰਚਾ ਚੁੱਕਿਆ ਗਿਆ ਹੈ। ਸੋ ਕੱਲ੍ਹ ਸਵਾ ਕੁ 2 ਵਜੇ ਇਹ ਜਹਾਜ਼ ਆਰਡਮੋਰ ਤੋਂ ਉਡੇਗਾ ਤੇ ਸਾਊਥ ਔਕਲੈਂਡ ਤੋਂ ਇਲਾਵਾ ਸਿਟੀ, ਡੈਵਨਪੋਰਟ ਦੇ ਸਾਰੇ ਬੀਚਾਂ ਉਤੇ ਘੁੰਮਦੇ ਲੋਕਾਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੇਗਾ। ਸੋ ਕੱਲ੍ਹ ਉਡਦੇ ਜਹਾਜ਼ ਥੱਲੇ ਕਿਸਾਨੀ ਹਮਾਇਤ ਦੇ ਵਿਚ ਲਿਖੇ ਸ਼ਬਦਾਂ ਨੂੰ ਵੇਖਣ ਅਤੇ ਸ਼ੇਅਰ ਕਰਨ ਦਾ ਮੌਕਾ ਹੱਥੋਂ ਨਾ ਜਾਣ ਦਿਓ।
ਵਰਨਣਯੋਗ ਹੈ ਕਿ ਕੱਲ੍ਹ ਬਾਅਦ ਦੁਪਹਿਰ 2 ਤੋਂ 4 ਵਜੇ ਤੱਕ ਸੈਂਡਰਿੰਗਮ ਪਾਰਕ ਵਿਖੇ ‘ਕਿਸਾਨੀ ਫਲੈਗ ਮਾਰਚ’ ਰੱਖਿਆ ਗਿਆ ਹੈ ਉਥੇ ਵੀ ਪਹੁੰਚਣ ਦੀ ਅਪੀਲ ਕੀਤੀ ਗਈ ਹੈ।


Share