ਨਿਊਜ਼ੀਲੈਂਡ ’ਚ ਕਰੋਨਾ ਦੀ ਇਕ ਨਵੀਂ ਕਿਸਮ ਸਾਹਮਣੇ ਆਈ ਸੀ-ਡੈਲਟਾ ਤੋਂ ਦੁੱਗਣੀ ਹੈ ਖਤਰਨਾਕ

1303
Share

-ਇਸ ਵਾਇਰਸ ਉਤੇ ਵੈਕਸੀਨ ਬੇਅਸਰ ਰਹਿਣ ਦੀ ਸੰਭਾਵਨਾ
ਔਕਲੈਂਡ, 31 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਚ ਇਕ ਨਵੀਂ ਕਿਸਮ ਦਾ ਕਰੋਨਾ ਜੂਨ ਮਹੀਨੇ ਪਾਇਆ ਗਿਆ ਸੀ ਜੋ ਕਿ ਸ਼ੁਰੂਆਤੀ ਦੌਰ ਦੇ ਵਿਚ ਸਾਊਥ ਅਫਰੀਕਾ (ਮਈ 2021) ਵਿਖੇ ਪਾਇਆ ਗਿਆ ਸੀ। ਇਹ ਕੇਸ ਬਾਰਡਰ ਤੋਂ ਆਇਆ ਕੇਸ ਸੀ।  ਇਹ ਕਰੋਨਾ ਵਾਇਰਸ ਪਹਿਲੇ ਨਾਲੋਂ ਕਾਫੀ ਤਬਦੀਲੀ ਭਰਿਆ ਹੈ ਅਤੇ ਮੌਜੂਦਾ ਡੈਲਟਾ ਤੋਂ ਕਾਫੀ ਖਤਰਨਾਕ ਹੈ। ਇਹ ਕਰੋਨਾ ਵਾਇਰਸ ਤੁਹਾਡੇ ਜੀਨ ਦੇ ਵਿਚ ਆਪਣੀ ਥਾਂ ਬਣਾ ਲੈਂਦਾ ਹੈ। ਇਸ ਕਰੋਨਾ ਵਾਇਰਸ ਨੂੰ ਮੈਡੀਕਲ ਨਾਂਅ ਸੀ.1.1.2 ਦਿੱਤਾ ਗਿਆ ਹੈ। ਇਸ ਦੀ ਫੈਲਣ ਦੀ ਰਫਤਾਰ ਕਿਸੇ ਦੂਸਰੇ ਵੈਰੀਏਂਟ ਦੀ ਜਗ੍ਹਾ ਦੁੱਗਣੀ ਹੈ।
ਟੀਕਾਕਰਨ ਪ੍ਰੋਗਰਾਮ ਲਈ ਚੁਣੌਤੀਆਂ:
ਵਾਇਰੋਲੋਜਿਸਟ ਦਾ ਕਹਿਣਾ ਹੈ ਕਿ ਇਹ ਸਪਾਈਕ ਪ੍ਰੋਟੀਨ 3.1.2 ਲਾਈਨ ਵਿੱਚ ਇਕੱਠੇ ਹੋਏ ਬਹੁਤ ਸਾਰੇ ਪਰਿਵਰਤਨ ਦਾ ਨਤੀਜਾ ਹੈ, ਜੋ ਇਸਨੂੰ 2019 ਵਿੱਚ ਚੀਨ ਦੇ ਵੁਹਾਨ ਵਿੱਚ ਪਛਾਣੇ ਗਏ ਅਸਲ ਵਾਇਰਸ ਤੋਂ ਬਹੁਤ ਵੱਖਰਾ ਬਣਾਉਂਦਾ ਹੈ। ਇਹ ਵਧੇਰੇ ਛੂਤਕਾਰੀ ਹੈ ਅਤੇ ਤੇਜ਼ੀ ਨਾਲ ਫੈਲਣ ਦੀ ਸਮਰੱਥਾ ਰੱਖਦਾ ਹੈ। ਸਪਾਈਕ ਪ੍ਰੋਟੀਨ ਦੇ ਬਹੁਤ ਸਾਰੇ ਪਰਿਵਰਤਨ ਹੁੰਦੇ ਹਨ, ਇਸ ਲਈ ਇਹ ਇਮਿਊਨ ਸਿਸਟਮ (ਸਰੀਰ ਨੂੰ ਰੋਗਾਣੂਆਂ ਤੋਂ ਬਚਾ ਕੇ ਰੱਖਣ ਵਾਲੀ ਪ੍ਰਣਾਲੀ) ਤੋਂ ਬਚ ਸਕਦਾ ਹੈ ਅਤੇ ਵਿਸ਼ਵ ਭਰ ਵਿੱਚ ਚੱਲ ਰਹੇ ਟੀਕਾਕਰਣ ਪ੍ਰੋਗਰਾਮ ਲਈ ਇੱਕ ਚੁਣੌਤੀ ਹੈ।
ਕਰੋਨਾ ਅੱਪਡੇਟ ਨਿਊਜ਼ੀਲੈਂਡ ’ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 49 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਆਕਲੈਂਡ ਕਮਿਊਨਿਟੀ ਦੇ ਤਾਜ਼ਾ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 611 ਹੋ ਗਈ ਹੈ। ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਆਕਲੈਂਡ ਵਿੱਚ ਪਾਜ਼ੇਟਿਵ ਕੇਸਾਂ ਵਿੱਚੋਂ 6 ਕੇਸ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਹਨ। ਉਨ੍ਹਾਂ ਕਿਹਾ ਕਮਿਊਨਿਟੀ ਵਿੱਚ ਅੱਜ ਆਏ 49 ਨਵੇਂ ਕੇਸ ਸਾਰੇ ਹੀ ਆਕਲੈਂਡ ਵਿੱਚੋਂ ਹਨ ਅਤੇ ਇਹ 6 ਦਿਨਾਂ ਵਿੱਚ ਸਭ ਤੋਂ ਘੱਟ ਹਨ।  ਇਸ ਵੇਲੇ 596 ਕੇਸ ਆਕਲੈਂਡ ਵਿੱਚ ਅਤੇ 15 ਕੇਸ ਵੈਲਿੰਗਟਨ ਦੇ ਹਨ।
ਕੋਵਿਡ -19 ਦੇ ਨਾਲ ਸੰਬੰਧਿਤ ਮੌਜੂਦਾ ਕਮਿਊਨਿਟੀ ਕੇਸਾਂ ਵਿੱਚੋਂ ਹਸਪਤਾਲ ਵਿੱਚ 33 ਲੋਕ ਹਨ। ਇਨ੍ਹਾਂ ਵਿੱਚੋਂ 32 ਕੇਸ ਸਥਿਰ ਹਾਲਤ ‘ਚ ਵਾਰਡ ਦੇ ਵਿੱਚ ਹੈ ਅਤੇ 8 ਕੇਸ ਆਈਸੀਯੂ ਵਿੱਚ ਹਨ। ਜਦੋਂ ਕਿ 2 ਮਰੀਜ਼ ਵੈਂਟੀਲੇਟਰ ‘ਤੇ ਹਨ।
ਗੌਰਤਲਬ ਹੈ ਕਿ ਅੱਜ ਰਾਤ 11.59 ਵਜੇ ਤੋਂ ਆਕਲੈਂਡ 13 ਸਤੰਬਰ ਦਿਨ ਸੋਮਵਾਰ ਤੱਕ ਘੱਟੋ ਘੱਟ ਦੋ ਹੋਰ ਹਫ਼ਤਿਆਂ ਲਈ ਅਲਰਟ ਲੈਵਲ 4 ਵਿੱਚ ਰਹੇਗਾ ਅਤੇ ਬਾਕੀ ਦੇਸ਼ ਅਲਰਟ ਲੈਵਲ 3 ‘ਤੇ ਚਲਾ ਜਾਵੇਗਾ। ਇਹ ਅਲਰਟ ਲੈਵਲ 3 ਇੱਕ ਹਫ਼ਤੇ ਲਈ ਲਾਗੂ ਰਹੇਗਾ ਅਤੇ 6 ਸਤੰਬਰ ਨੂੰ ਇਸ ਦੀ ਸਮੀਖਿਆ ਕੀਤੀ ਜਾਏਗੀ। ਜਦੋਂ ਕਿ ਨੌਰਥਲੈਂਡ ਦੇ ਗੰਦੇ ਪਾਣੀ ਦੇ ਟੈੱਸਟ, ਜੋ ਕਿ 2 ਸਤੰਬਰ ਦਿਨ ਵੀਰਵਾਰ ਨੂੰ ਹੋਣ ਵਾਲੇ ਹਨ ਦੇ ਨਤੀਜੇ ਸਹੀ ਰਹਿੰਦੇ ਹਨ ਤਾਂ ਨੌਰਥਲੈਂਡ 2 ਸਤੰਬਰ ਦਿਨ ਵੀਰਵਾਰ ਦੀ ਅੱਧੀ ਰਾਤ 11.59 ਵਜੇ ਤੋਂ ਅਲਰਟ ਲੈਵਲ 3 ‘ਤੇ ਜਾ ਸਕਦਾ ਹੈ।


Share