ਨਿਊਜ਼ੀਲੈਂਡ ‘ਚ ਕਮਿਊਨਿਟੀ ਕਰੋਨਾ ਦਾ ਆਖਰੀ ਕੇਸ ਮਿਲੇ ਨੂੰ 100 ਦਿਨ ਪੂਰੇ ਹੋਏ

282
Share

ਔਕਲੈਂਡ, 9 ਅਗਸਤ (ਹਰਜਿੰਦਰ ਸਿੰਘ ਬਸਿਆਲਾ/(ਪੰਜਾਬ ਮੇਲ)-ਕਰੋਨਾ ਦੇ ਅਦਿੱਖ ਜਿਹੇ ਰੋਗਾਣੂਆ ਨੇ ਜਿੱਥੇ ਪੂਰਾ ਵਿਸ਼ਵ ਆਪਣੇ ਚਪੇਟ ਦੇ ਵਿਚ ਲੈ ਕੇ ਸਾਰੇ ਕੰਮ ਕਾਰ ਚੌਪਟ ਕਰ ਲੋਕਾਂ ਦੇ ਬਿਜ਼ਨਸ ਜ਼ੀਰੋ ਕਰ ਦਿੱਤੇ ਹਨ ਉਥੇ ਨਿਊਜ਼ੀਲੈਂਡ ਵਿਚ ਕਰੋਨਾ ਦਾ ਨਵਾਂ ਕੇਸ ਕਮਿਊਨਿਟੀ ਦੇ ਵਿਚ ਆਏ ਨੂੰ 100 ਦਿਨ ਦਾ ਸਮਾਂ ਹੋ ਗਿਆ ਹੈ। ਦੂਜੇ ਸ਼ਬਦਾਂ ਦੇ ਵਿਚ ਕਹਿਣਾ ਹੋਵੇ ਤਾਂ ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਜਿੰਨੇ ਵੀ ਕਰੋਨਾ ਦੇ ਐਕਟਿਵ ਕੇਸ ਹਨ ਉਹ ਸਿਰਫ ਦੂਜੇ ਦੇਸ਼ਾਂ ਤੋਂ ਇਥੇ ਪਰਤ ਰਹੇ ਨਾਗਰਿਕਾਂ, ਪੱਕੇ ਵਸਨੀਕਾਂ ਜਾਂ ਫਿਰ ਜਰੂਰੀ ਲੋਕਾਂ ਦੇ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਮੈਡੀਕਲ ਸਹੂਲਤਾਂ ਵਾਲੇ ਏਕਾਂਤਵਾਸ ਪ੍ਰਬੰਧ (ਹੋਟਲਾਂ) ਹੇਠ ਰੱਖਿਆ ਜਾ ਰਿਹਾ ਹੈ। ਸਮਾਜ ਦੇ ਵਿਚ ਪਿਛਲੇ 100 ਦਿਨਾਂ ਤੋਂ ਕੋਈ ਵੀ ਅਜਿਹਾ ਨਹੀਂ ਮਿਲਿਆ ਜਿਸ ਨੂੰ ਕਰੋਨਾ ਨੇ ਘੇਰਿਆ ਹੋਵੇ। ਇਸ ਸੈਂਕੜੇ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਹੈ ਅਤੇ ਦੂਜੇ ਦੇਸ਼ਾਂ ਦੇ ਲੋਕ ਇਸ ਪ੍ਰਾਪਤੀ ਪਿੱਛੇ ਕੀਤੀ ਕਾਰਗੁਜ਼ਾਰੀ ਲੱਭਣ ਦੀ ਕੋਸ਼ਿਸ਼ ਵਿਚ ਹਨ।
ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦਿਆ ਕਿ ਦੇਸ਼ ਵਿੱਚ ਕੋਵਿਡ -19 ਦਾ ਅੱਜ ਵੀ ਕੋਈ ਨਵਾਂ ਬਾਹਰ ਤੋਂ ਆਏ ਲੋਕਾਂ ਵਿਚੋਂ ਸਾਹਮਣੇ ਨਹੀਂ ਆਆਿ। ਇਸ ਤਰ੍ਹਾਂ ਦਾ ਇਹ ਲਗਾਤਾਰ ਚੌਥਾ ਦਿਨ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੁਆਰਾ ਅੱਜ ਸਵੇਰੇ ਖੁਸ਼ੀ ਪ੍ਰਗਟ ਕੀਤੀ ਗਈ ਤੇ ਲਾਪਰਵਾਹੀ ਵਿਰੁੱਧ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਦੇਸ਼ਾਂ ਵਿੱਚ ਵੇਖਿਆ ਹੈ ਕਿ ਵਾਇਰਸ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਹ ਉਨ੍ਹਾਂ ਥਾਵਾਂ ‘ਤੇ ਵੀ ਫੈਲ ਸਕਦਾ ਹੈ ਜਿੱਥੇ ਪਹਿਲਾਂ ਇਸ ਦਾ ਨਿਯੰਤਰਣ ਹੁੰਦਾ ਸੀ ਅਤੇ ਸਾਨੂੰ ਨਿਊਜ਼ੀਲੈਂਡ ਦੇ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਕੇਸ ਨੂੰ ਜਲਦੀ ਤੋਂ ਠੀਕ ਕਰਨ ਦੇ ਲਈ ਤਿਆਰ ਰਹਿਣ ਦੀ ਲੋੜ ਹੈ। ਹਾਲ ਹੀ ਵਿੱਚ ਵਿਕਟੋਰੀਆ, ਹਾਂਗ ਕਾਂਗ ਅਤੇ ਵੀਅਤਨਾਮ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧਾ ਵੇਖਿਆ ਗਿਆ ਹੈ, ਉਹ ਸਾਰੇ ਖੇਤਰ ਜਿਨਾਂ ‘ਚ ਪਹਿਲਾਂ ਕੋਵਿਡ -19 ਦਾ ਪ੍ਰਭਾਵ ਸੀ।।
ਸਿਹਤ ਮੰਤਰਾਲੇ ਨੇ ਕਿਹਾ ਕਿ ਐਕਟਿਵ ਕੇਸਾਂ ਦੀ ਹੁਣ ਕੁੱਲ ਗਿਣਤੀ 23 ਉੱਤੇ ਹੀ ਹੈ ਤੇ ਦੇਸ਼ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 1219 ਹੀ ਹੈ। ਕੱਲ੍ਹ 4,249 ਟੈੱਸਟ ਕੀਤੇ ਗਏ ਅਤੇ 542 ਟੈੱਸਟ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਵਿੱਚੋਂ ਵੀ ਕੀਤੇ ਗਏ। ਜਿਸ ਨਾਲ ਦੇਸ਼ ਵਿੱਚ ਪੂਰੇ ਕੀਤੇ ਗਏ ਕੁੱਲ ਟੈੱਸਟਾਂ ਦੀ ਗਿਣਤੀ 494,481 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਹਾਲੇ ਅਲਰਟ ਲੈਵਲ 1 ਦੌਰਾਨ ਲੋਕਾਂ ਲਈ ਪਬਲਿਕ ਵਿੱਚ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ ਕਿਉਂਕਿ ਕੋਵਿਡ -19 ਦਾ ਕਮਿਊਨਿਟੀ ‘ਚ ਫੈਲਣ ਦਾ ਕੋਈ ਸਬੂਤ ਨਹੀਂ ਹੈ। ਫੇਸ ਮਾਸਕ ਸਭ ਤੋਂ ਵੱਧ ਫ਼ਾਇਦੇਮੰਦ ਉਸ ਵੇਲੇ ਹੋਣਗੇ ਜਦੋਂ ਕਰੋਨਾ ਕਮਿਊਨਿਟੀ ‘ਚ ਮੌਜੂਦ ਹੋਵੇਗਾ ਅਤੇ ਲੋਕੀ ਉਨ੍ਹਾਂ ਹਾਲਤਾਂ ਵਿੱਚ ਹੋਣ ਜਿੱਥੇ ਉਹ ਇੱਕ ਦੂਜੇ ਦੇ ਨੇੜੇ ਹੋਣ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1569 ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,219 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ। ਸੋ ਨਿਊਜ਼ੀਲੈਂਡ ਨੇ ਕਰੋਨਾ ਨੂੰ ਬਾਏ-ਬਾਏ ਕੇ 100 ਦਾ ਅਨੂਠਾ ਸੈਂਕੜਾ ਬਣਾ ਲਿਆ ਹੈ।


Share