ਨਿਊਜ਼ੀਲੈਂਡ ‘ਚ ਇਕ ਪ੍ਰਾਪਰਟੀ ਦੇ ਵਿਚ ਦੇਸ਼ ਦੇ ਮੂਲ ਦਰੱਖਤਾਂ ਦੀ ਕਟਾਈ ਦੇ ਵਿਰੋਧ ਵਿਚ ਨਿੱਤਰ ਪਏ ਲੋਕ-ਪੁਲਿਸ ਦਾ ਲੱਗਾ ਪਹਿਰਾ

730
ਵੈਸਟ ਔਕਲੈਂਡ ਦੇ ਵਿਚ ਇਕ ਪ੍ਰਾਪਰਟੀ ਦੇ ਵਿਚ ਦਰੱਖਤ ਕੱਟੇ ਜਾਣ ਵੇਲੇ ਵਿਰੋਧ ਕਰਦੇ ਵਾਤਾਵਰਣ ਪ੍ਰੇਮੀ ਤੇ ਕੱਟੇ ਦਰੱਖਤ 'ਤੇ ਖੜਾ ਸੰਸਦ ਸੀਟ ਦਾ ਉਮੀਦਵਾਰ ਅਤੇ ਪੁਲਿਸ ਅਫਸਰ ਹਾਲਾਤ ਕਾਬੂ ਵਿਚ ਰੱਖਣ ਲਈ ਪਹੁੰਚੇ ਹੋਏ।
Share

ਵਾਤਾਵਰਣ: ਖੜ੍ਹੇ ਰੁੱਖਾਂ ਲਈ ਬੈਠ ਗਏ ਚੰਦ ਲੋਕ
ਔਕਲੈਂਡ, 21 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਵਾਤਾਵਰਣ ਕਿੰਨਾ ਜਰੂਰੀ ਹੈ? ਅਤੇ ਇਸ ਵਾਤਾਵਰਣ ਦੇ ਇਕ ਅਹਿਮ ਹਿੱਸੇ ਦਰੱਖਤਾਂ ਲਈ ਕੋਈ ਕਦੋਂ ਧਰਨੇ ‘ਤੇ ਬੈਠ ਸਕਦਾ ਹੈ ਨਿਊਜ਼ੀਲੈਂਡ ਦੇ ਇਕ ਹਿੱਸੇ ਵਿਚ ਵੇਖਣ ਨੂੰ ਮਿਲਿਆ। ਵੈਸਟ ਔਕਲੈਂਡ ‘ਚ ਕਿਸੀ ਕੰਪਨੀ ਨੇ ਇਕ ਵੱਡੀ ਪ੍ਰਪਾਰਟੀ ਖਰੀਦੀ ਜਿਸ ਦੇ ਵਿਚ ਦਰਜਨਾਂ (46 ਦੇ ਕਰੀਬ) ਦੇਸ਼ ਦੇ ਮੂਲ ਦਰੱਖਤ (ਨੇਟਿਵ’ ਟ੍ਰੀਅ)  ਸਨ। ਦੋ ਹਫਤੇ ਪਹਿਲਾਂ ਜਦੋਂ ਦਰੱਖਤ ਕਟਾਵਿਆਂ ਨੇ ਇਨ੍ਹਾਂ ਨੂੰ ਕੱਟਣਾ ਸ਼ੁਰੂ ਕੀਤਾ ਤਾਂ ਗੁਆਂਢੀਆਂ ਦੀ ਨਿਗ੍ਹਾ ਪੈ ਗਈ ਅਤੇ ਉਨ੍ਹਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਵੇਲੇ ਤੱਕ 10 ਰੁੱਖ ਕੱਟੇ ਜਾ ਚੁੱਕੇ ਸਨ। ਇਸ ਗੱਲ ਦਾ ਪਤਾ ਇਕ ਵਾਤਾਵਰਣ ਪ੍ਰੇਮੀ ਅਤੇ ਗ੍ਰੀਨ ਪਾਰਟੀ ਦੇ ਸੰਸਦੀ ਉਮੀਦਵਾਰ ਨੂੰ ਪਤਾ ਲੱਗਾ ਤਾਂ ਉਸਨੇ ਇਹ ਕਟਾਈ ਦਾ ਕੰਮ ਕਿਸੀ ਨਾ ਕਿਸੀ ਤਰ੍ਹਾਂ ਕਈ ਦਿਨ ਤੱਕ ਰੋਕੀ ਰੱਖਿਆ ਤੇ ਗੱਲ ਅੱਗੇ ਪਹੁੰਚਾਈ। ਕਈ ਦਿਨਾਂ ਬਾਅਦ ਅੱਜ ਸਵੇਰੇ ਜਦੋਂ ਉਹ ਉਥੇ ਗਿਆ ਤਾਂ ਦੁਬਾਰਾ ਰੁੱਖ ਕੱਟੇ ਜਾ ਰਹੇ ਸਨ ਅਤੇ ਪੁਲਿਸ ਦੀ ਸੁਰੱਖਿਆ ਲਈ ਜਾ ਰਹੀ ਸੀ।
ਇਹ ਉਮੀਦਵਾਰ ਅਤੇ ਚੰਦ ਕੁ ਹੋਰ ਲੋਕ ਉਥੇ ਪਹੁੰਚ ਗਏ। ਜਦੋਂ ਸੰਸਦੀ ਉਮੀਦਵਾਰ ਦਰੱਖਤ ਕਟਾਵਿਆਂ ਨੂੰ ਰੋਕਣ ਅੱਗੇ ਵਧਿਆ ਤਾਂ ਐਨੇ ਨੂੰ ਲਗਾਤਾਰ ਕੱਟਿਆ ਜਾ ਰਿਹਾ ਇਕ ਰੁੱਖ ਕੱਟ ਕੇ ਹੇਠਾਂ ਡਿਗ ਪਿਆ ਜਿਸ ਕਰਕੇ ਇਹ ਵਾਲ-ਵਾਲ ਬਚ ਗਿਆ। ਪੁਲਿਸ ਵਾਲਿਆਂ ਵੀ ਇਸ ਮੌਕੇ ਭੱਜ ਕੇ ਆਪਣੇ ਆਪ ਨੂੰ ਬਚਾਇਆ। ਵਾਤਾਵਰਣ ਪ੍ਰੇਮੀਆਂ ਨੇ ਮੰਨਿਆ ਕਿ ਭਾਵੇਂ ਇਹ ਸਾਰਾ ਕੁਝ ਕਾਨੂੰਨੀ ਤੌਰ ਤੋਂ ਆਗਿਆ ਲੈ ਕੇ ਕੀਤਾ ਜਾ ਰਿਹਾ ਹੋਵੇ ਪਰ ਉਹ ਕੌਂਸਿਲ ਨੂੰ ਦੱਸਣਾ ਚਾਹੁੰਦੇ ਹਨ ਕਿ ਜੇਕਰ ਉਹ ਵਾਤਾਵਰਣ ਦੀ ਸਾਂਭ-ਸੰਭਾਲ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਦੱਰਖਤਾਂ ਨੂੰ ਕੱਟਣ ਦੀ ਬਜਾਏ ਉਸਦਾ ਬਦਲ ਲੱਭਣਾ ਚਾਹੀਦਾ ਹੈ। ਸੋ ਇਥੇ ਰੁੱਖਾਂ ਦੀ ਖਾਤਿਰ ਲੋਕ ਪਾਰਟੀ ਦੇ ਇਕੱਠ ਦੀ ਉਡੀਕ ਨਹੀਂ ਕਰਦੇ ਇਕੱਲੇ-ਇਕੱਲੇ ਵੀ  ਭਿੜ ਜਾਂਦੇ ਹਨ ਤੇ ਖੜ੍ਹੇ ਰੁੱਖਾਂ ਦੇ ਹੱਕ ਵਿਚ ਚੰਦ ਕੁ ਲੋਕ ਬੈਠ ਕੇ ਵੀ ਵੱਡੀ ਗੱਲ ਕਰ ਜਾਂਦੇ ਹਨ।


Share