ਨਿਊਜ਼ੀਲੈਂਡ ‘ਚ ਅੰਮ੍ਰਿਤਧਾਰੀ ਵਰਕਰ ਨੂੰ ਬਿਨਾਂ ਕ੍ਰਿਪਾਨ ਪਹਿਨ ਕੰਮ ‘ਤੇ ਆਉਣ ਲਈ ਕਿਹਾ-ਪਰ ਉਹ ਸਿੱਖੀ ਪ੍ਰਤੀ ਦ੍ਰਿੜ

227
Share

ਦਬਦੇ ਹੱਕ:…ਅਖੇ ਕਿਰਪਾਨ ਪਹਿਨਣੀ ਤਾਂ ਪੁਲਿਸ ਦੀ ਚਿੱਠੀ ਲਿਆਓ
-ਪਿਛਲੇ 9 ਮਹੀਨਿਆਂ ਤੋਂ ਉਸੇ ਕੰਪਨੀ ‘ਚ ਕਿਰਪਾਨ ਪਹਿਨ ਕੇ ਹੀ ਕੰਮ ਕਰ ਰਿਹਾ
ਔਕਲੈਂਡ, 18 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਚ ਕ੍ਰਿਪਾਨ ਦੀ ਕਾਨੂੰਨੀ ਮਾਨਤਾ ਵਾਲਾ ਇਕ ਸੋਧ ਬਿਲ ਭਾਵੇਂ ਪਾਰਲੀਮੈਂਟ ਦੇ ਵਿਚ ਹੈ ਪਰ ‘ਕ੍ਰਾਈਮ ਐਕਟ 1961 ਸੈਕਸ਼ਨ 202 (ਏ) (4)’ ਦੇ ਤਹਿਤ ਬਿਨਾਂ ਕਾਰਨ ਚਾਕੂ (ਕ੍ਰਿਪਾਨ) ਨੂੰ ਜਨਤਾ ਵਿਚ ਨਹੀਂ ਲਿਜਾਇਆ ਜਾ ਸਕਦਾ ਬਸ਼ਰਤੇ ਕਿ ਇਸਦਾ ਕੋਈ ਜਾਇਜ ਕਾਰਨ ਹੋਵੇ। ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਕ੍ਰਿਪਾਨ ਪਹਿਨਣਾ ਇਕ ਜਾਇਜ ਕਾਰਨ ਮੰਨਿਆ ਜਾਂਦਾ ਹੈ, ਜਿਸ ਦੀ ਸਿੱਖਾਂ ਨੂੰ ਇਥੇ ਛੋਟ ਦਿੱਤੀ ਗਈ ਹੈ। ਜਿੰਨੀ ਦੇਰ ਤੱਕ ਇਹ ਕ੍ਰਿਪਾਨ ਕਿਸੀ ਨੂੰ ਹਾਨੀ ਪਹੁੰਚਾਉਣ ਲਈ ਨਹੀਂ ਵਰਤੀ ਗਈ ਹੋਵੇ ਓਨੀ ਦੇਰ ਤੱਕ ਇਸਨੂੰ ਅਪਰਾਧਿਕ ਸ਼੍ਰੇਣੀ ਦੇ ਵਿਚ ਨਹੀਂ ਰੱਖਿਆ ਜਾਂਦਾ। ਇਸ ਹੱਕ ਦੇ ਬਾਵਜੂਦ ਉਟਾਹੂਹੂ ਦੀ ਇਕ ਟਰਾਂਸਪੋਰਟ ਕੰਪਨੀ ਦੇ ਵਿਚ ਟਰੱਕ ਡ੍ਰਾਈਵਰ ਵਜੋਂ ਅਕਤੂਬਰ 2019 ਤੋਂ ਸ੍ਰੀ ਸਾਹਿਬ (ਛੋਟੀ ਕਿਰਪਾਨ) ਪਹਿਨ ਕੇ ਕੰਮ ਕਰਦੇ ਇਥੋਂ ਦੇ ਨਾਗਰਿਕ ਸ. ਅਮਨਦੀਪ ਸਿੰਘ ਨੂੰ ਲਗਪਗ 8-9 ਮਹੀਨੇ ਬਾਅਦ ਜਾ ਕੇ ਕ੍ਰਿਪਾਨ ਪਹਿਨਣ ਦੀ ਮੁਸ਼ਕਿਲ ਆ ਗਈ ਹੈ। ਕੰਪਨੀ ਨੇ ਇਹ ਸਾਰੀਆਂ ਦਲੀਲਾਂ ਰੱਦ ਕਰਦਿਆਂ ਇਸ ਨੌਜਵਾਨ ਨੂੰ ਨਿਊਜ਼ੀਲੈਂਡ ਪੁਲਿਸ ਦੀ ਚਿੱਠੀ ਲਿਆਉਣ ਲਈ ਕਿਹਾ ਜਿਸ ਦੇ ਵਿਚ ਕਿਹਾ ਜਾਵੇ ਕਿ ਕ੍ਰਿਪਾਨ ਪਹਿਨ ਕੇ ਕੰਮ ਵਾਲੇ ਸਥਾਨ ਉਤੇ ਕੰਮ ਕਰਨ ਦੀ ਕਾਨੂੰਨੀ ਇਜ਼ਾਜਤ ਹੈ। 4 ਜੂਨ ਦੀ ਇਸ ਮੰਗ ਤੋਂ ਬਾਅਦ ਅੱਜ ਤੱਕ ਪੁਲਿਸ ਨੇ ਇਸਨੂੰ ਚਿੱਠੀ ਨਹੀਂ ਉਪਲਬਧ ਕਰਵਾਈ। ਲਾਕਡਾਊਨ ਵਰਗੀ ਔਖੀ ਘੜੀ ਦੇ ਵਿਚ ਸਭ ਨੂੰ ਕੰਮ ਦੀ ਜਰੂਰਤ ਹੈ ਪਰ ਇਕ ਚਿੱਠੀ ਕਰਕੇ ਇਸਨੂੰ ਕੰਮ ‘ਤੇ ਜਾਣ ਲਈ ਪ੍ਰੇਸ਼ਾਨੀ ਹੋ ਰਹੀ ਹੈ। ਕੰਪਨੀ ਕਹਿੰਦੀ ਹੈ ਕਿ ਬਿਨਾਂ ਕ੍ਰਿਪਾਨ ਪਹਿਨੇ ਕੰਮ ‘ਤੇ ਆ ਜਾਓ ਪਰ ਇਹ ਨੌਜਵਾਨ ਸਿੱਖੀ ਉਤੇ ਦ੍ਰਿੜ ਹੈ ਅਤੇ ਕ੍ਰਿਪਾਨ ਲਾਹ ਕੇ ਕੰਮ ਉਤੇ ਜਾਣ ਨੂੰ ਤਿਆਰ ਨਹੀਂ ਹੋਇਆ ਅਤੇ ਪਿਛਲੇ ਕਈ ਦਿਨਾਂ ਤੋਂ ਕੰਮ ‘ਤੇ ਵੀ ਨਹੀਂ ਗਿਆ। ਇਸ ਸਬੰਧੀ ਇਕ ਪੰਜਾਬੀ ਪੁਲਿਸ ਸਾਰਜੰਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਉਤੇ ਉਨ੍ਹਾਂ ਦੀ ਕਾਨੂੰਨੀ ਟੀਮ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਇਸਦਾ ਹੱਲ ਕੱਢ ਦੇਣਗੇ। ਇਹ ਮਾਮਲਾ ਅੱਗੇ ਸੀਨੀਅਰ ਅਫਸਰਾਂ ਕੋਲ ਵਲਿੰਗਟਨ ਭੇਜਿਆ ਹੋਇਆ ਹੈ।
ਵਰਨਣਯੋਗ ਹੈ ਕਿ 5 ਸਤੰਬਰ 2014 ਨੂੰ  ਉਦੋਂ ਦੇ ਐਕਟਿੰਗ ਜਸਟਿਸ ਮੰਤਰੀ ਨੇ ਵੀ ਕ੍ਰਿਪਾਨ ਪਹਿਨਣ ਸਬੰਧੀ ਇਕ ਸਪਸ਼ਟ ਸ਼ਬਦਾਂ ਦੇ ਵਿਚ ਸ੍ਰੀ ਫਿਲ ਗੌਫ ਨੂੰ ਪੱਤਰ ਦੇ ਜਵਾਬ ਵਿਚ ਲਿਖਿਆ ਸੀ ਕਿ ਕ੍ਰਾਈਮ ਐਕਟ ਦੇ ਸੈਕਸ਼ਨ 202 ਅਧੀਨ ਕ੍ਰਿਪਾਨ ਜੇਕਰ ਕਿਸੀ ਨੂੰ ਹਾਨੀ ਪਹੁੰਚਾਉਣ ਲਈ ਵਰਤ ਜਾਂਦੀ ਹੈ ਤੰ ਇਹ ਜ਼ੁਰਮ ਹੋ ਸਕਦੀ ਹੈ। ਜੇਕਰ ਕਿਰਪਾਨ ਦੇ ਕਾਰਨ ਕਿਸੇ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਤਾਂ ਇਸਨੂੰ ਜੁਰਮ ਨਹੀਂ ਮੰਨਿਆ ਜਾ ਸਕਦਾ। ਇਸ ਤੋਂ ਇਲਾਵਾ ਜਨਤਕ ਥਾਵਾਂ ਉਤੇ ਧਾਰਮਿਕ ਰਸਮਾਂ ਲਈ ਕਿਰਪਾਨ ਦਾ ਵਰਤਣਾ ਇਕ ਜਾਇਜ ਕਾਰਨ ਦੇ ਵਿਚ ਆਉਂਦਾ ਹੈ।
ਵਰਨਣਯੋਗ ਹੈ ਕਿ ਏਵੀਏਸ਼ਨ ਸਕਿਉਰਿਟੀ ਦੇ ਵਿਚ ਵੀ 6 ਸੈਂਟੀਮੀਟਰ ਕ੍ਰਿਪਾਨ ਪਹਿਨਣ ਦੀ ਇਜਾਜਤ ਹੈ ਅਤੇ ਇਥੇ ਅੰਮ੍ਰਿਤਧਾਰੀ ਨੌਜਵਾਨ ਕੰਮ ਕਰਦੇ ਹਨ। ਨਿਊਜ਼ੀਲੈਂਡ ਤੋਂ ਬਾਹਰ ਜਾਣ ਵਾਲੀਆਂ ਫਲਾਈਟਾਂ ਦੇ ਵਿਚ ਇਹ 6 ਸੈਂਟੀਮੀਟਰ ਵਾਲੀ ਕ੍ਰਿਪਾਨ ਪਹਿਨੀ ਜਾ ਸਕਦੀ ਹੈ। ਇਸੇ ਤਰ੍ਹਾਂ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ ਵੀ ਕ੍ਰਿਪਾਨ ਪਹਿਨ ਕੇ ਦਰਸ਼ਕ ਵਜੋਂ ਜਾਇਆ ਜਾ ਸਕਦਾ ਹੈ।
ਸੋ ਜੇਕਰ ਹੱਕ ਦਬਾਏ ਜਾਂਦੇ ਹਨ ਤਾਂ ਇਨ੍ਹਾਂ ਨੂੰ ਸਮੇਂ ਸਿਰ ਉਭਾਰਨ ਦੀ ਲੋੜ ਹੈ ਨਹੀਂ ਤਾਂ ਅਜਿਹੀਆਂ ਉਦਾਹਰਣਾਂ ਸੈਟ ਹੋ ਜਾਣਗੀਆਂ ਕਿ ਬਹੁ ਸਭਿਆਚਾਰਕ ਇਸ ਮੁਲਕ ਦੇ ਵਿਚ ਤੁਹਾਡੀ ਧਾਰਮਿਕ ਆਜ਼ਾਦੀ ਅਧੂਰੀ ਰਹਿ ਜਾਵੇਗੀ।

News Pic:

NZ P93  ੧੩ 1ug-੨

ਸ. ਅਮਨਦੀਪ ਸਿੰਘ।


Share