ਨਿਊਜ਼ੀਲੈਂਡ ਚੋਣਾਂ ਦੇ ਸਰਕਾਰੀ ਨਤੀਜਿਆਂ ‘ਚ ਪ੍ਰਿਅੰਕਾ ਰਾਧਾਕ੍ਰਿਸ਼ਨਨ ਅਤੇ ਗੌਰਵ ਸ਼ਰਮਾ ਨੇ ਰਚਿਆ ਇਤਿਹਾਸ

490
ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ ਮੰਤਰੀ ਬਣੀ ਸ੍ਰੀਮਤੀ ਪ੍ਰਿਅੰਕਾ ਰਾਧਾ ਕ੍ਰਿਸ਼ਨਨ ਅਤੇ ਸਾਂਸਦ ਸ੍ਰੀ ਗੌਰਵ ਸ਼ਰਮਾ
Share

ਪਹਿਲੀ ਵਾਰ ਵੋਟਾਂ ‘ਤੇ ਜਿੱਤੇ ਦੋ ਭਾਰਤੀ
-ਪ੍ਰਿਅੰਕਾ ਰਾਧਾਕ੍ਰਿਸ਼ਨਨ 635 ਵੋਟਾਂ ਅਤੇ 6267 ਵੋਟਾਂ ਨਾਲ ਜੇਤੂ ਕਰਾਰ
ਆਕਲੈਂਡ, 6 ਨਵੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਹਰ ਤਿੰਨ ਸਾਲ ਬਾਅਦ ਆਮ ਚੋਣਾਂ ਹੁੰਦੀਆਂ ਹਨ। 17 ਅਕਤੂਬਰ ਨੂੰ ਖਤਮ ਹੋਈਆਂ ਵੋਟਾਂ ਬਾਅਦ ਹੋਈ ਗਿਣਤੀ ਦੇ ਵਿਚ ਆਏ ਰੁਝਾਨੀ ਨਤੀਜਿਆਂ ਦੇ ਬਾਅਦ ਅਤੇ ਅੰਤਿਮ ਨਤੀਜੇ ਸਰਕਾਰੀ ਤੌਰ ‘ਤੇ ਘੋਸ਼ਿਤ ਕੀਤੇ ਗਏ। ਇਨ੍ਹਾਂ ਦੇ ਵਿਚ ਭਾਰਤੀਆਂ ਦੇ ਇਕ ਖਾਸ ਮਾਣ ਵਾਲੀ ਗੱਲ ਇਹ ਰਹੀ ਕਿ ਇਥੇ ਪਹਿਲੀ ਵਾਰ ਲੇਬਰ ਪਾਰਟੀ ਦੇ ਦੋ ਉਮੀਦਵਾਰ ਵੋਟਾਂ ਦੇ ਅਧਾਰ ਉਤੇ ਮੈਂਬਰ ਪਾਰਲੀਮੈਂਟ ਚੁਣੇ ਗਏ ਜਦ ਕਿ ਹੁਣ ਤੱਕ ਸਿਰਫ ਪਾਰਟੀ ਵੋਟ ਦੇ ਅਧਾਰ ਉਤੇ ਹੀ ਕਿਸਮਤ ਦੇ ਸਹਾਰੇ ਉਹ ਮੈਂਬਰ ਪਾਰਲੀਮੈਂਟ ਬਣਦੇ ਸਨ।

ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਦੀ ਹੋਈ।

ਪ੍ਰਿਅੰਕਾ ਰਾਧਾਕ੍ਰਿਸ਼ਨਾ ਦੂਜੀ ਵਾਰ ਬਣੀ ਸੰਸਦ ਮੈਂਬਰ ਤੇ ਪਹਿਲੀ ਭਾਰਤੀ ਮੂਲ ਦੀ ਮੰਤਰੀ ਬਣੀ:
ਚੇਨਈ ਦੀ ਜੰਪਮਲ ਅਤੇ ਸਿੰਗਾਪੁਰ ਪੜ੍ਹੀਲਿਖੀ ਪ੍ਰਿਅੰਕਾ ਰਾਧਾਕ੍ਰਿਸ਼ਨਾ (41) 2017 ਦੀਆਂ ਆਮ ਚੋਣਾਂ ਦੇ ਵਿਚ ਲੇਬਰ ਪਾਰਟੀ ਦੀ ਲਿਸਟ ਐਮ. ਪੀ. ਵਜੋਂ ਸੰਸਦ ਦੇ ਵਿਚ ਆਪਣੀ ਥਾਂ ਬਨਾਉਣ ਵਿਚ ਕਾਮਯਾਬ ਹੋ ਗਈ ਸੀ। ਰਾਧਾਕ੍ਰਿਸ਼ਨਨ ਨੂੰ 2019 ਦੇ ਵਿਚ ਪਾਰਲੀਮੈਂਟਰੀ ਪ੍ਰਾਈਵੇਟ ਸੈਕਟਰੀ (ਏਥਨਿਕ ਅਫੇਅਰਜ਼) ਬਣਾਇਆ ਗਿਆ ਸੀ। ਪ੍ਰਿਅੰਕਾ ਰਾਧਾ ਕ੍ਰਿਸ਼ਨਨ ਨੂੰ ਇਸ ਵਾਰ ਕੁੱਲ 16232 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਹਲਕੇ ਮਾਉਂਗਾਕੇਕੀ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਡੇਨਿਸ ਲੀਅ ਨੂੰ 15597 ਵੋਟਾਂ ਪਈਆਂ। ਸੰਨ 2017 ਦੇ ਵਿਚ ਪ੍ਰਿਅੰਕਾ ਨੂੰ 12 906 ਵੋਟਾਂ ਪਈਆਂ ਸਨ। ਖਾਸ ਗੱਲ ਇਸ ਵਾਰ ਇਹ ਹੈ ਕਿ

ਨਿਊਜ਼ੀਲੈਂਡ ਦੀ 53ਵੀਂ ਸੰਸਦ ਦਾ ਨਵਨਿਯੁਕਤ ਮੰਤਰੀ ਮੰਡਲ।

ਪਹਿਲੀ ਵਾਰ ਕਿਸੀ ਭਾਰਤੀ ਮੂਲ ਦੀ ਸਾਂਸਦ ਨੂੰ ਮੰੰਤਰੀ ਪਦ ਲਈ ਚੁਣਿਆ ਗਿਆ ਹੈ। ਸ੍ਰੀਮਤੀ ਰਾਧਾ ਕ੍ਰਿਸ਼ਨਨ ਦੇ ਕੋਲ ਤਿੰਨ ਮੰਤਰਾਲੇ ਰਹਿਣਗੇ ਜਿਨ੍ਹਾਂ ਵਿਚ ‘ਕਮਿਊਨਿਟੀ ਅਤੇ ਵਲੰਟੀਅਰ ਮੰਤਰਾਲਾ’, ‘ਡਾਇਵਰਸਿਟੀ-ਇਨਕਲੂਜ਼ਨ-ਏਥਨਿਕ ਮੰਤਰਾਲਾ’ ਅਤੇ ‘ਯੂਥ ਮੰਤਰਾਲਾ’ ਦਾ ਕਾਰਜ ਭਾਰ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਉਹ ‘ਸ਼ੋਸਲ ਡਿਵੈਲਪਮੈਂਟ ਅਤੇ ਇੰਪਲਾਇਮੈਂਟ’ ਦੇ ਸਹਾਇਕ ਮੰਤਰੀ ਰਹਿਣਗੇ। ਵਰਨਣਯੋਗ ਹੈ ਕਿ ਚੇਨਈ ਦੀ ਜੰਪਮਲ ਅਤੇ ਸਿੰਗਾਪੁਰ ਪੜ੍ਹੀ ਲਿਖੀ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਨਿਊਜ਼ੀਲੈਂਡ ਦੇ ਵਿਚ ਇਤਿਹਾਸ ਸਿਰਜ ਦਿੱਤਾ ਹੈ। ਅੱਜ 26 ਮੈਂਬਰੀ ਮੰਤਰੀ ਮੰਡਲ ਦੇ ਵਿਚ ਰਾਧਾ ਕ੍ਰਿਸ਼ਨਨ ਦੀ ਪੂਰੀ ਟੌਹਰ ਸੀ। ਪ੍ਰਧਾਨ ਮੰਤਰੀ ਮਾਣਯੋਗ ਸ੍ਰੀਮਤੀ ਜੈਸਿੰਡਾ ਅਰਡਨ ਨੇ ਅਗਲੇ ਤਿੰਨ ਸਾਲਾਂ ਲਈ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਜਦ ਕਿ ਮੰਤਰੀ ਮੰਡਲ ਨੇ ਆਪਣੇ ਮੰਤਰਾਲੇ ਲਈ ਸਹੁੰ ਚੁਕੀ।
ਡਾ. ਗੌਰਵ ਮਿਰਾਨਲ ਸ਼ਰਮਾ ਵੀ ਪਹਿਲੀ ਵਾਰ ਬਣੇ ਵੋਟਾਂ ਦੇ ਅਧਾਰ ‘ਤੇ ਬਣੇ ਸੰਸਦ ਮੈਂਬਰ:
ਕਿੱਤੇ ਪੱਖੋਂ ਡਾਕਟਰ ਗੌਰਵ ਮਿਰਾਨਲ ਸ਼ਰਮਾ ਹਮਿਲਟਨ ਸ਼ਹਿਰ ਦੇ ਪੱਛਮੀ ਹਲਕੇ ਤੋਂ ਇਸ ਵਾਰ ਵੋਟਾਂ ਦੇ ਅਧਾਰ ਉਤੇ ਨਿਊਜ਼ੀਲੈਂਡ ਦੇ ਮੈਂਬਰ ਪਾਰਲੀਮੈਂਟ ਬਣੇ ਹਨ। ਇਹ ਉਹ ਸ਼ਹਿਰ ਹੈ ਜਿੱਥੇ 1977 ਦੇ ਵਿਚ ਪਹਿਲਾ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਸੀ। ਡਾ. ਗੌਰਵ ਨੂੰ 20703 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਨੂੰ ਟਿਮ ਨੂੰ 14436 ਵੋਟਾਂ ਪਈਆਂ। ਪਿਛਲੀ ਵਾਰ ਡਾ. ਗੌਰਵ ਸ਼ਰਮਾ ਨੂੰ 11,487 ਵੋਟਾਂ ਪਈਆਂ ਸਨ। ਉਨ੍ਹਾਂ ਆਪਣੇ ਵਿਰੋਧੀ ਨੂੰ 6267 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ ਜੋ ਕਿ ਇਕ ਇਤਿਹਾਸ ਹੈ। ਭਾਰਤੀ ਲੋਕਾਂ ਦਾ ਵੋਟਾਂ ਦੇ ਅਧਾਰ ਉਤੇ ਜਿੱਤਣਾ ਇਕ ਵੱਡੀ ਗੱਲ ਹੈ।
ਡਾ. ਗੌਰਵ ਸ਼ਰਮਾ ਕੁਝ ਸਮਾਂ ਪਹਿਲਾਂ ਵਾਸ਼ਿੰਗਟਨ ਵਿਖੇ ਵੀ ਡਾਕਟਰੀ ਦੀ ਅਗਲੀ ਪੜ੍ਹਾਈ ਕਰਕੇ ਆਏ ਹਨ। ਡਾ. ਗੋਰਵ ਸ਼ਰਮਾ ਪਿੰਡ ਹਾਰੇਤਾ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਨਾਲ ਸਬੰਧ ਰੱਖਦੇ ਹਨ ਪਰ ਇਨ੍ਹਾਂ ਦੇ ਪਿਤਾ ਜੀ ਸ੍ਰੀ ਗਿਰਧਰ ਸ਼ਰਮਾ ਜਲੰਧਰ ਵਿਖੇ ਪੜ੍ਹਾਈ ਕਰਦੇ ਸਨ ਅਤੇ ਇਨ੍ਹਾਂ ਦਾ ਪੰਜਾਬ ਦੇ ਨਾਲ ਕਾਫੀ ਸਬੰਧ ਹੈ। ਡਾ. ਗੌਰਵ ਸ਼ਰਮਾ ਦੀ ਮਾਤਾ ਦਾ ਨਾਂਅ ਪੂਰਨਿਮਾ ਕੁਮਾਰੀ ਹੈ। ਡਾ. ਗੌਰਵ ਨੇ ਆਧੁਨਿਕ ਪਬਲਿਕ ਸਕੂਲ ਧਰਮਸ਼ਾਲਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਦੋਵੇਂ ਮਾਤਾ-ਪਿਤਾ ਨਿਊਜ਼ੀਲੈਂਡ ਰਹਿੰਦੇ ਹਨ। ਗੌਰਵ ਸ਼ਰਮਾ 12 ਕੁ ਸਾਲ ਦੀ ਉਮਰ ਵਿਚ ਨਿਊਜ਼ੀਲੈਂਡ ਆ ਗਏ ਸਨ। ਭਾਰਤੀ ਕਮਿਊਨਿਟੀ ਵੱਲੋਂ ਉਨ੍ਹਾਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

 

 


Share