ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਸਕਿੱਲਡ ਮਾਈਗ੍ਰਾਂਟ ਅਤੇ ਪੇਰੇਂਟ ਕੈਟਾਗਿਰੀ ਲਈ ਈ.ਓ.ਆਈ. 6 ਮਹੀਨਿਆਂ ਤੱਕ ਮੁਲਤਵੀ

591
Share

ਇਮੀਗ੍ਰੇਸ਼ਨ: ਠਹਿਰੋ ਬਈ…ਅਜੇ ਨਾ ਵਿਖਾਓ ਪੈਸਾ ਅਤੇ ਦਿਲਚਸਪੀ
-2021 ਦੇ ਵਿਚ ਇਸ ਫੈਸਲੇ ਨੂੰ ਦੁਬਾਰਾ ਵਿਚਾਰਿਆ ਜਾਵੇਗਾ
ਆਕਲੈਂਡ, 19 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਇਮੀਗ੍ਰੇਸ਼ਨ ਨੂੰ ਕਰੋਨਾ ਬਿਮਾਰੀ ਨੇ ਐਨਾ ਕੁ ਦੂਸਰੇ ਕੰਮਾਂ ਵਿਚ ਲਾਇਆ ਹੋਇਆ ਹੈ ਕਿ ਉਹ ਚਾਹੁੰਦੀ ਹੈ ਕਿ ਪਹਿਲਾਂ ਜਿਹੜੇ ਨਿਊਜ਼ੀਲੈਂਡ ਦੇ ਵਿਚ ਮੌਜੂਦ ਹਨ ਜਾਂ ਜਿਹੜੇ ਸਰਹੱਦਾਂ ਦੇ ਬੰਦ ਹੋਣ ਦੇ ਬਾਵਜੂਦ ਇਥੇ ਵਾਪਿਸ ਪਰਤ ਆਉਣ ਦੇ ਯੋਗ ਹਨ ਉਨ੍ਹਾਂ ਨੂੰ ਇਥੇ ਬੁਲਾਇਆ ਜਾਵੇ। ਇਸ ਗੱਲ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਹੁਨਰਮੰਦ ਪ੍ਰਵਾਸੀਆਂ (ਸਕਿੱਡ ਮਾਈਗ੍ਰਾਂਟ ਸ਼੍ਰੇਣੀ) ਅਤੇ ਮਾਪਿਆਂ ਦੀ ਰਿਹਾਇਸ਼ (ਪੇਰੇਂਟ ਸ਼੍ਰੇਣੀ) ਅਧੀਨ ਲੱਗਣ ਵਾਲੀਆਂ ਪੀ. ਆਰ. ਦੀਆਂ ਅਰਜ਼ੀਆਂ ਲਈ ਵਿਖਾਈ ਜਾਣ ਵਾਲੀ ਦਿਲਚਸਪੀ ‘ਐਕਸਪ੍ਰੈਸ਼ਨ ਆਫ ਇੰਟਰਸਟ’ (ਈ. ਓ. ਆਈ.) ਨੂੰ 6 ਮਹੀਨਿਆਂ ਤੱਕ ਮੁਲਤਵੀ ਕਰ ਦਿੱਤਾ ਹੈ। ਇਸ ਵਿਚ ਆਪਣੀ ਯੋਗਤਾ ਅਤੇ ਤਨਖਾਹ ਆਦਿ ਦਾ ਪੈਸਾ-ਧੇਲਾ ਦਿਖਾਇਆ ਜਾਂਦਾ ਹੈ ਤਾਂ ਕਿ ਦੱਸਿਆ ਜਾਵੇਗਾ ਕਿ ਮੈਂ ਪੱਕੀ ਅਰਜ਼ੀ ਲਾਉਣ ਦੇ ਯੋਗ ਹਾਂ। ਇਸ ਤੋਂ ਬਾਅਦ ਇਮੀਗ੍ਰੇਸ਼ਨ ਹਰੀ ਝੰਡੀ ਦੇ ਦਿੰਦੀ ਹੈ ਕਿ ਲਾ ਲਓ ਆਪਣੀ ਅਰਜ਼ੀ ਤੁਸੀਂ ਯੋਗ ਹੈ। ਪਰ ਅੱਜਕਲ੍ਹ ਇਮੀਗ੍ਰੇਸ਼ਨ ਆਪਣਾ ਸਾਰਾ ਧਿਆਨ ਇਥੇ ਪਹਿਲਾਂ ਤੋਂ ਮੌਜੂਦ ਲੋਕਾਂ ਦੀਆਂ ਅਰਜ਼ੀਆਂ ਨੂੰ ਨਿਬੇੜਨ ਵਿਚ ਲਾ ਰਹੀ ਅਤੇ ਜਿਹੜੇ ਇਥੇ ਵਾਪਿਸ ਪਰਤ ਸਕਦੇ ਹਨ ਉਨ੍ਹਾਂ ਨੂੰ ਲਿਆਉਣ ਵੱਲ ਲੱਗੀ ਹੋਈ ਹੈ। ਇਹ ਫੈਸਲਾ 6 ਮਹੀਨਿਆਂ ਬਾਅਦ ਅਗਲੇ ਸਾਲ ਦੁਬਾਰਾ ਵਿਚਾਰਿਆ ਜਾਵੇਗਾ। ਸਰਕਾਰ ਨੇ ਅਪ੍ਰੈਲ ਮਹੀਨੇ ਇਨ੍ਹਾਂ ਸ਼੍ਰੇਣੀਆਂ ਅਧੀਨ ਈ. ਓ. ਆਈ. ਲੈਣੇ ਬੰਦ ਕਰ ਦਿੱਤੇ ਸਨ। ਵਰਨਣਯੋਗ ਹੈ ਕਿ 10 ਅਗਸਤ ਤੋਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਵਿਜ਼ਟਰ ਵੀਜ਼ੇ ਦੀਆਂ ਅਰਜ਼ੀਆਂ ਆਦਿ ਵੀ ਤਿੰਨ ਮਹੀਨੇ ਤੱਕ ਲੈਣੀਆਂ ਬੰਦ ਕੀਤੀਆਂ ਹੋਈਆਂ ਹਨ।


Share