ਨਿਊਜ਼ੀਲੈਂਡ ਆਰਡਰ ਆਫ ਮੈਰਿਟ -‘ਮੈਂਬਰਜ਼’ (MNZM)

134
Share

ਦਿੱਲੀ ਦੇ ਪੰਜਾਬੀ ਕਾਰੋਬਾਰੀ ਸ੍ਰੀ ਸਮੀਰ ਹਾਂਡਾ ਨੂੰ ਵੀ ਮਿਲਿਆ ‘ਮੈਂਬਰਜ਼’ ਸਨਮਾਨ

ਔਕਲੈਂਡ, 7 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ) – ਗੱਲ ਚਾਹੇ ਚੜ੍ਹਦੇ ਪੰਜਾਬ ਦੀ ਹੋਵੇ ਜਾਂ ਲਹਿੰਦੇ ਪੰਜਾਬ ਦੀ, ਪੰਜਾਬੀਆਂ ਦਾ ਦਿਲ ਇਕ ਪੰਜਾਬੀ ਨੂੰ ਮਿਲੇ ਅੰਤਰਰਾਸ਼ਟਰੀ ਮਾਨ-ਸਨਮਾਨ ਜਰੂਰ ਮਾਣ ਮਹਿਸੂਸ ਕਰਦਾ ਹੈ। ਅੱਜ ਦੇਸ਼ ਦੀ ਰਾਜਰਾਣੀ ਮਹਾਰਾਣੀ ਏਲਿਜ਼ਾਬੇਥ-2 ਦੇ ਜਨਮ ਦਿਵਸ ਮੌਕੇ ‘ਕੁਈਨ ਬਰਥਡੇਅ ਆਨਰਜ਼’ ਦੀ ਸੂਚੀ ਵਿਚ ਲਹਿੰਦੇ ਪੰਜਾਬ ਦੇ ਪੰਜਾਬੀ ਪਰਿਵਾਰ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਪੈਦਾ ਹੋਏ ਸ੍ਰੀ ਸਮੀਰ ਹਾਂਡਾ ਦਾ ਨਾਂਅ ਵੀ ਸ਼ਾਮਿਲ ਹੈ। ਉਚ ਵਕਾਰੀ ਪੰਜ ਸਨਮਾਨਾਂ ਦੇ ਵਿਚੋਂ ਇਕ ਸਨਮਾਨ ਐਮ. ਐਨ. ਜ਼ੈਡ. ਐਮ. (ਮੈਂਬਰਜ਼) ਦੇ ਲਈ ਸ੍ਰੀ ਸਮੀਰ ਹਾਂਡਾ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਆਪਣਾ ਜੀਵਨ ਪ੍ਰਸੰਗ ਦੱਸਦਿਆਂ ਇਸ ਪੱਤਰਕਾਰ ਦੇ ਨਾਲ ਬਹੁਤ ਹੀ ਰੌਚਿਕ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਹ ਮਾਣ ਨਾਲ ਕਹਿੰਦੇ ਹਨ ਕਿ ਉਹ ਪੰਜਾਬੀ ਹਨ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ। 57 ਸਾਲਾ ਸ੍ਰੀ ਸਮੀਰ ਹਾਂਡਾ ਦਿੱਲੀ ਜਨਮੇ, ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, 3 ਸਾਲ ਨੌਕਰੀ ਕਰਨ ਉਪਰੰਤ 1988 ਵਿਚ ਮਸਕਟ ਚਲੇ ਗਏ, ਫਿਰ 1990 ਦੇ ਵਿਚ ਐਮ. ਬੀ. ਏ. ਕਰਨ ਸਿਡਨੀ (ਆਸਟਰੇਲੀਆ) ਗਏ। ਯੋਗਤਾ ਨੰਬਰ ਪੂਰੇ ਹੋਣ ਕਰਕੇ ਨਿਊਜ਼ੀਲੈਂਡ ਦੀ ਰੈਸੀਡੈਂਸੀ ਉਥੇ ਬੈਠਿਆਂ ਨੂੰ ਮਿਲ ਗਈ। ਇਸੇ ਦੌਰਾਨ ਉਨ੍ਹਾਂ ਦਾ ਮਿਲਾਪ ਇਕ ਮੈਕਸੀਸਨ ਕੁੜੀ (ਮਿਸ ਡੋਰੀ) ਨਾਲ ਹੁੰਦਾ ਹੈ ਅਤੇ ਉਹ ਜੀਵਨ ਸਾਥੀ ਬਣ ਜਾਂਦੀ ਹੈ। ਮੈਕਸੀਨ ਲੋਕਾਂ ਅਤੇ ਪੰਜਾਬੀਆਂ ਦੀ ਇਕ ਗੱਲ ਸਾਂਝੀ ਹੈ ਕਿ ਉਹ ਮੱਕੀ ਦੇ ਬਣੇ ਭੋਜਨ ਪਦਾਰਥਾਂ ਨੂੰ ਬਹੁਤ ਪਸੰਦ ਕਰਦੇ ਹਨ। ਮੱਕੀ ਦੀ ਰੋਟੀ ਅਤੇ ਮੈਕਸੀਨ ਟੋਰੀਲਾ ਇਨ੍ਹਾਂ ਦੇ ਰਸੋਈ ਦੇ ਛਾਬੇ ਦਾ ਹਿੱਸਾ ਬਣ ਗਏ ਅਤੇ ਜੀਵਨ ਗੱਡੀ ਰੇੜੇ੍ਹ ਪੈ ਗਈ। ਇਨ੍ਹਾਂ ਦੇ ਪਰਿਵਾਰਕ ਮੈਂਬਰ ਲੁਧਿਆਣਾ ਅਤੇ ਅੰਬਾਲਾ ਵਿਖੇ ਰਹਿੰਦੇ ਹਨ। ਉਹ ਅਕਸਰ ਇੰਡੀਆ ਫੇਰੀ ਦੌਰਾਨ ਦਿੱਲੀ ਗੁਰਦੁਆਰਾ ਸਾਹਿਬਾਨਾਂ ਵਿਖੇ ਅਤੇ ਸ੍ਰੀ ਦਰਬਾਰ ਸਾਹਿਬ ਜਾ ਕੇ ਨਤਮਸਤਿਕ ਹੁੰਦੇ ਹਨ।
ਇਸ ਦੌਰਾਨ ਉਨ੍ਹਾਂ ਨੂੰ ਫੀਜ਼ੀ ਵਿਖੇ ਪੁੰਜਸ ਕੰਪਨੀ ਦੇ ਵਿਚ ਸੇਲਜ਼ ਵਿਭਾਗ ਦੀ ਨੌਕਰੀ ਮਿਲ ਗਈ ਤੇ ਉਹ 1992 ਦੇ ਵਿਚ ਉਥੇ ਚਲੇ ਗਏ। 1995 ਦੇ ਵਿਚ ਉਹ ਵਾਪਿਸ ਨਿਊਜ਼ੀਲੈਂਡ ਆ ਜਾਂਦੇ ਹਨ ਅਤੇ ਇਥੇ ਆ ਕੇ ਉਨ੍ਹਾਂ ‘ਪੈਟਨਜ ਰੈਫਰੀਜਰੇਸ਼ਨ’ ਕੰਪਨੀ ਦੇ ਵਿਚ ਨੌਕਰੀ ਕਰਦੇ ਹਨ ਅਤੇ ਆਪਣੀ ਮਿਹਨਤ ਕੇ ਕਾਬਲੀਅਤ ਦੇ ਨਾਲ ਇਕ ਦਿਨ ਇਸੇ ਕੰਪਨੀ ਦੇ ਚੀਫ ਐਗਜ਼ੀਕਿਊਟਿਵ ਬਣ ਜਾਂਦੇ ਹਨ। 20 ਸਾਲ ਇਸ ਕੰਪਨੀ ਦੇ ਵਿਚ ਰਹਿੰਦਿਆ ਕੰਪਨੀ ਦਾ ਬਿਜ਼ਨਸ ਭਾਰਤ (ਨੋਇਡਾ) ਸਮੇਤ ਚਾਰ ਮੁਲਕਾਂ ਦੇ ਵਿਚ ਫੈਲਾਅ ਦਿੱਤਾ। ਕੰਪਨੀ ਆਪਣਾ ਹੈਡ ਆਫਿਸ ਜਦੋਂ ਮੈਲਬੌਰਨ ਲੈ ਕੇ ਜਾਣ ਲੱਗੀ ਤਾਂ ਇਨ੍ਹਾਂ  ਉਥੇ ਜਾਣ ਨਾਲੋਂ ਆਪਣਾ ਹੋਰ ਕਾਰੋਬਾਰ ਸ਼ੁਰੂ ਕਰ ਲਿਆ। ਉਨ੍ਹਾਂ ਗਲੋਬਲ ਨਿਊਜ਼ੀਲੈਂਡ ਕੰਪਨੀ ਬਣਾ ਕੇ ਵੱਖ-ਵੱਖ ਅਦਾਰਿਆਂ ਨੂੰ ਆਪਣਾ ਸਾਮਾਨ ਵੇਚਣਾ ਸ਼ੁਰੂ ਕੀਤਾ ਜਿਸ ਵਿਚ ਮਾਈਟਰ-10 ਤੇ ਵੇਅਰਹਾਊਸ ਆਦਿ ਸ਼ਾਮਿਲ ਹਨ।
ਭਾਰਤ ਨਿਊਜ਼ੀਲੈਂਡ ਬਿਜਨਸ ਸਬੰਧ: 1988 ਦੇ ਵਿਚ ਬਣੀ ਇੰਡੀਆ-ਨਿਊਜ਼ੀਲੈਂਡ ਬਿਜਨਸ ਕੌਂਸਿਲ ਦੇ ਨਾਲ ਉਹ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਇਹ ਬੋਰਡ ਮੈਂਬਰ ਰਹੇ ਅਤੇ ਪਿਛਲੇ 2 ਸਾਲਾਂ ਤੋਂ ਚੇਅਰਮੈਨ ਹਨ। ਇਸਦੇ ਵਿਚ ਸਥਾਨਿਕ ਲੋਕਾਂ ਤੋਂ ਇਲਾਵਾ ਭਾਰਤੀ ਕਾਰੋਬਾਰੀ ਵੀ ਅਹਿਮ ਅਹੁੱਦਿਆਂ ’ਤੇ ਹਨ ਅਤੇ 250 ਦੇ ਕਰੀਬ ਹੋਰ ਮੈਂਬਰ ਹਨ।
ਨਿਊਜ਼ੀਲੈਂਡ ਦੇ ਰਾਜਨੀਤਕ ਲੋਕਾਂ ਦੀ ਇੰਡੀਆ ਫੇਰੀ ਵੇਲੇ ਇਹ ਅਕਸਰ ਉਨ੍ਹਾਂ ਦੇ ਨਾਲ ਜਾਂਦੇ ਹਨ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀਅ, ਸਾਬਕਾ ਵਿਦੇਸ਼ ਮੰਤਰੀ ਵਿਨਸਨ ਪੀਟਰਜ਼ ਅਤੇ ਵਪਾਰ ਮੰਤਰੀ ਦੇ ਨਾਲ ਉਹ ਇੰਡੀਆ ਸਮੇਤ ਹੋਰ ਵੀ ਕਈ ਮੁਲਕਾਂ ਦੇ ਵਿਚ ਜਾ ਚੁੱਕੇ ਹਨ। ਉਹ ਬੈਂਕ ਆਫ ਇੰਡੀਆ ਨਿਊਜ਼ੀਲੈਂਡ ਦੇ ਬੋਰਡ ਮੈਂਬਰ ਹਨ। ਉਹ ਨਿਊਜ਼ੀਲੈਂਡ ਏਸ਼ੀਅਨ ਲੀਡਰਜ਼ ਦੇ ਵਾਈਸ ਚੇਅਰ ਵੀ ਹਨ। ਉਹ ਔਕਲੈਂਡ ਹੈਲਥ ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਹਨ ਅਤੇ ਫੰਡ ਰੇਜਿੰਗ ਕਰਦੇ ਰਹਿੰਦੇਹਨ। 23 ਅਤੇ 24 ਜੂਨ ਨੂੰ ਉਹ ਹੈਂਡਰਸਨ ਵਿਖੇ ਇਕ ਸ਼ਿਖਰ ਸੰਮੇਲਨ ਵੀ ਕਰਵਾ ਰਹੇ ਹਨ।
ਭਾਰਤੀ ਕਮਿਊਨਿਟੀ ਵੱਲੋਂ ਉਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਬਾਦ!

Share