ਨਿਊਜ਼ੀਲੈਂਡ ਅਤੇ ਆਸਟਰੇਲੀਆ ਦਰਮਿਆਨ ਅੱਜ ਫਲਾਈਟਾਂ ਹੋਈਆਂ ਸ਼ੁਰੂ-ਦੋਹਾਂ ਪਾਸੇ ਭਰਵਾਂ ਸਵਾਗਤ

96
ਔਕਲੈਂਡ ਹਵਾਈ ਅੱਡੇ ਉਤੇ ਅੱਜ ਦਾ ਨਜ਼ਾਰਾ ਜਦੋਂ ਆਸਟਰੇਲੀਆ ਤੋਂ ਪਹੁੰਚੀ ਫਲਾਈਟ ਦਾ ਭਰਵਾਂ ਸਵਾਗਤ ਕੀਤਾ ਗਿਆ।
Share

-ਟੈਸਮਨ ਬੱਬਲ: ਕੀਵੀ ਤੇ ਕੰਗਾਰੂ ਮਾਰਨ ਲੱਗੇ ਉਡਾਰੀ
ਔਕਲੈਂਡ, 19 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਕਾਰ ਟ੍ਰਾਂਸ-ਟੈਸਮਨ ਬੱਬਲ ਦੇ ਅਧੀਨ ਅੱਜ ਹਵਾਈ ਉਡਾਣਾ ਸ਼ੁਰੂ ਹੋ ਗਈਆਂ ਹਨ। ਦੋਹਾਂ ਦੇਸ਼ਾਂ ਦੇ ਲੋਕ ਹੁਣ ਬਿਨਾਂ ਕਿਸੇ ਕੁਆਰਨਟੀਨ ਅਤੇ 14 ਦਿਨਾਂ ਦੇ ਏਕਾਂਤਵਾਸ ਤੋਂ ਬਿਨਾਂ ਇਨ੍ਹਾਂ ਮੁਲਕਾਂ ਦੇ ਵਿਚ ਜਾ ਆ ਸਕਣਗੇ। ਅੱਜ ਜਿਵੇਂ ਹੀ ਆਸਟਰੇਲੀਆ ਤੋਂ ਪਹਿਲੀ ਉਡਾਣ ਇਥੇ ਪਹੁੰਚੀ ਤਾਂ ਜਿੱਥੇ ਏਅਰਪੋਰਟ ਸਟਾਫ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਉਥੇ ਸੈਂਕੜੇ ਲੋਕ ਹਵਾਈ ਅੱਡੇ ਉਤੇ ਆਪਣੇ ਪਰਿਵਾਰਾਂ ਨੂੰ ਲੈਣ ਪਹੁੰਚੇ ਹੋਏ ਸਨ। ਫੁੱਲਾਂ ਦੇ ਗੁਲਦਸਤਿਆਂ ਦਾ ਆਦਾਨ ਪ੍ਰਦਾਨ ਹੋਇਆ, ਲੋਕਾਂ ਦੇ ਮੇਲ-ਮਿਲਾਪ ਦੌਰਾਨ ਅੱਖਾਂ ਵਿਚ ਖੁਸ਼ੀ ਦੇ ਹੰਝੂ ਵਗ ਤੁਰੇ। ਇਕ ਸਾਲ ਤੋਂ ਬਾਅਦ ਅੱਜ ਇਹ ਪਹਿਲੀ ਅਜਿਹੀ ਫਲਾਈਟ ਸੀ ਜੋ ਕਿ ਕਰੋਨਾ-19 ਦੇ ਸਖਤ ਨਿਯਮਾਂ ਦੇ ਵਿਚ ਢਿੱਲ ਦੇਣ ਦੇ ਬਾਅਦ ਦੋਹਾਂ ਦੇਸ਼ਾਂ ਨੇ ਸ਼ੁਰੂ ਕੀਤੀ। ਇਨ੍ਹਾਂ ਉਡਾਣਾ ਦੇ ਨਾਲ ਆਉਣ ਵਾਲੇ ਦਿਨਾਂ ਵਿਚ ਦੋਹਾਂ ਦੇਸ਼ਾਂ ਨੂੰ ਇਕ ਬਿਲੀਅਨ ਡਾਲਰ ਦਾ ਫਾਇਦਾ ਹੋਣ ਵਾਲਾ ਹੈ। ਅਗਲੇ ਹਫਤੇ ਆਸਟਰੇਲੀਆ ਦੀ ਵਿਦੇਸ਼ ਮੰਤਰੀ ਮਾਰਸੀ ਪਾਇਨੀ ਵੀ ਇਥੇ ਪਹੁੰਚ ਰਹੀ ਹੈ। ਆਸਟਰੇਲੀਆ ਵਿਖੇ ਵੀ ਇਸੀ ਸ਼ਿੱਦਤ ਦੇ ਨਾਲ ਨਿਊਜ਼ੀਲੈਂਡ ਤੋਂ ਪਹੁੰਚੇ ਕੀਵੀਆਂ ਦਾ ਸਵਾਗਤ ਕੀਤਾ ਗਿਆ। ਸੋ ਅੱਜ ਟ੍ਰਾਂਸ-ਟੈਸਮਨ ਦੇ ਖੁੱਲ੍ਹਣ ਦੇ ਬਾਅਦ ਕੀਵੀ ਅਤੇ ਕੰਗਾਰੂ ਉਡਾਰਣ ਮਾਰਨ ਲੱਗੇ ਹਨ।


Share