ਨਿਊਯਾਰਕ ਹਸਪਤਾਲ ’ਚ ਕੋਵਿਡ ਟੀਕਾ ਲਵਾਉਣ ਦੀ ਬਜਾਏ ਮੁਲਾਜ਼ਮਾਂ ਨੇ ਛੱਡੀਆਂ ਨੌਕਰੀਆਂ

160
Share

* ਜਨੇਪਾ ਸੇਵਾਵਾਂ ਹੋਈਆਂ ਠੱਪ
ਸੈਕਰਾਮੈਂਟੋ, 13 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਯਾਰਕ ਦੇ ਦਿਹਾਤੀ ਖੇਤਰ ਵਿਚਲੇ ਇਕ ਹਸਪਤਾਲ ਦੇ ਸਟਾਫ ਨੇ ਕੋਵਿਡ-19 ਤੋਂ ਬਚਾਅ ਲਈ ਟੀਕੇ ਲਵਾਉਣ ਤੋਂ ਨਾਂਹ ਕਰ ਦਿੱਤੀ ਹੈ ਤੇ ਨੌਕਰੀਆਂ ਤੋਂ ਅਸਤੀਫੇ ਦੇ ਦਿੱਤੇ ਹਨ, ਜਿਸ ਕਾਰਨ ਹਸਪਤਾਲ ’ਚ ਜੱਚਾ- ਬੱਚਾ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਤੇ ਹਸਪਤਾਲ ਨੇ ਗਰਭਵਤੀ ਔਰਤਾਂ ਲਈ ਜਨੇਪਾ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਹਸਪਤਾਲ ਦੇ ਮੁਲਾਜ਼ਮਾਂ ਲਈ ਕੋਵਿਡ ਵੈਕਸੀਨ ਲਵਾਉਣੀ ਜ਼ਰੂਰੀ ਕਰਨ ਉਪਰੰਤ ਲੈਵਿਸ ਕਾਊਂਟੀ ਜਨਰਲ ਹਸਪਤਾਲ ਦੇ 6 ਮੁਲਾਜ਼ਮਾਂ ਨੇ ਅਸਤੀਫੇ ਦੇ ਦਿੱਤੇ ਹਨ ਤੇ 7 ਹੋਰ ਮੁਲਾਜ਼ਮ ਕੋਵਿਡ ਟੀਕਾ ਨਹੀਂ ਲਵਾਉਣਾ ਚਹੁੰਦੇ ਪਰ ਉਨ੍ਹਾਂ ਨੇ ਅਜੇ ਅਸਤੀਫੇ ਨਹੀਂ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਮੁਲਾਜ਼ਮਾਂ ਦੀ ਘਾਟ ਕਾਰਨ ਜਨੇਪਾ ਸੇਵਾਵਾਂ ਬੰਦ ਕਰ ਰਿਹਾ ਹੈ। ਲੈਵਿਸ ਕਾਊਂਟੀ ਹੈਲਥ ਸਿਸਟਮ ਦੇ ਸੀ.ਈ.ਓ. ਗੇਰਾਲਡ ਆਰ ਕੇਅਰ ਨੇ ਕਿਹਾ ਹੈ ਕਿ 24 ਸਤੰਬਰ ਤੋਂ ਬਾਅਦ ਜਨੇਪਾ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੇਵਾਵਾਂ ਆਰਜੀ ਤੌਰ ’ਤੇ ਬੰਦ ਹੋਣਗੀਆਂ ਤੇ ਹੋਰ ਨਰਸਾਂ ਦੀ ਭਰਤੀ ਉਪਰੰਤ ਜਨੇਪਾ ਸੇਵਾਵਾਂ ਮੁੜ ਆਮ ਵਾਂਗ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਕੇਅਰ ਨੇ ਕਿਹਾ ਕਿ ਸਾਡੇ ਲਈ ਮੁਲਾਜ਼ਮਾਂ ਦਾ ਟੀਕਾਕਰਣ ਕਰਵਾਉਣਾ ਤੇ ਹਸਪਤਾਲ ਦੀਆਂ ਸੇਵਾਵਾਂ ਜਾਰੀ ਰੱਖਣੀਆਂ ਇਕ ਚੁਣੌਤੀ ਹਨ। ਕੇਅਰ ਨੇ ਕਿਹਾ ਕਿ ਉਹ ਵੈਕਸੀਨ ਲਾਜ਼ਮੀ ਲਾਉਣ ਦੇ ਹੱਕ ’ਚ ਹਨ ਕਿਉਂਕਿ ਸਿਹਤ ਮੁਲਾਜ਼ਮਾਂ ਦੀ ਤੰਦਰੁਸਤੀ ਲਈ ਇਹ ਜ਼ਰੂਰੀ ਹੈ। ਕੇਅਰ ਅਨੁਸਾਰ ਲੈਵਿਸ ਕਾਊਂਟੀ ਜਨਰਲ ਹਸਪਤਾਲ ਦੇ 27% ਮੁਲਾਜ਼ਮਾਂ ਨੇ ਕੋਵਿਡ ਵੈਕਸੀਨ ਨਹੀਂ ਲਵਾਈ ਹੈ। ਇਥੇ ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਸਾਬਕਾ ਗਵਰਨਰ ਐਂਡਰੀਊ ਕੂਮੋ ਨੇ 16 ਅਗਸਤ ਨੂੰ ਜਾਰੀ ਇਕ ਆਦੇਸ਼ ’ਚ ਨਿਊਯਾਰਕ ਦੇ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਦਾ ਟੀਕਾਕਰਣ ਯਕੀਨੀ ਬਣਾਉਣ ਲਈ ਕਿਹਾ ਸੀ। ਇਸ ਆਦੇਸ਼ ’ਚ ਕਿਹਾ ਗਿਆ ਹੈ ਕਿ ਵਿਸ਼ੇਸ਼ ਤੌਰ ’ਤੇ ਹਸਪਤਾਲਾਂ ਤੇ ਮਿਆਦੀ ਸਿਹਤ ਸੰਭਾਲ ਕੇਂਦਰਾਂ ਦੇ ਮੁਲਾਜ਼ਮਾਂ ਨੂੰ 27 ਸਤੰਬਰ ਤੱਕ ਕੋਵਿਡ ਵੈਕਸੀਨ ਦੀ ਇਕ ਖੁਰਾਕ ਜ਼ਰੂਰ ਦੇ ਦਿੱਤੀ ਜਾਵੇ।

Share