ਨਿਊਯਾਰਕ ਦੇ ਲੌਂਗ ਆਈਲੈਂਡ ਐਕਸਪ੍ਰੈਸਵੇਅ ’ਤੇ ਪ੍ਰੋਪੇਨ ਗੈਸ ਨਾਲ ਭਰੇ ਟੈਂਕ ਧਮਾਕੇ ਨਾਲ ਫਟੇ

125
Share

ਫਰਿਜ਼ਨੋ, 23 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਨਿਊਯਾਰਕ ’ਚ ਮੰਗਲਵਾਰ ਸਵੇਰੇ ਲੌਂਗ ਆਈਲੈਂਡ ਐਕਸਪ੍ਰੈੱਸ ਵੇਅ ’ਤੇ ਹੋਏ ਇੱਕ ਹਾਦਸੇ ਤੋਂ ਬਾਅਦ ਲਗਭਗ 300 ਪ੍ਰੋਪੇਨ ਗੈਸ ਦੇ ਟੈਂਕਾਂ ਵਾਲਾ ਇੱਕ ਟਰੈਕਟਰ-ਟ੍ਰੇਲਰ ਦੇ ਧਮਾਕੇ ਨਾਲ ਫਟਣ ਦੀ ਘਟਨਾ ਵਾਪਰੀ ਹੈ। ਪੁਲਿਸ ਦੇ ਅਨੁਸਾਰ, ਇਹ ਹਾਦਸਾ ਸੜਕ ’ਤੇ ਪਈ ਬਰਫ਼ ਕਾਰਨ ਵਾਪਰਿਆ ਹੈ। ਇਸ ਹਾਦਸੇ ਸੰਬੰਧੀ ਇੱਕ ਫੁਟੇਜ ਤੋਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਕਵੀਨਜ਼ ਦੇ ਜੰਕਸ਼ਨ ਬੁਲੇਵਰਡ ਨੇੜੇ ਹਾਈਵੇ ਦੀ ਪੂਰਬੀ ਸਰਵਿਸ ਰੋਡ ’ਤੇ ਅੱਧੀ ਰਾਤ ਤੋਂ ਬਾਅਦ ਵੱਡੇ ਪੱਧਰ ’ਤੇ ਇਹ ਹਾਦਸਾ ਹੋਇਆ ਹੈ, ਜਿਸ ਵਿਚ ਪ੍ਰੋਪੇਨ ਗੈਸ ਦੇ 294 ਟੈਂਕ ਇੱਕ ਜ਼ੋਰਦਾਰ ਧਮਾਕੇ ਨਾਲ ਫਟੇ ਹਨ। ਨਿਊਯਾਰਕ ਪੁਲਿਸ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਜਾਂਚਕਰਤਾਵਾਂ ਨੇ ਦੱਸਿਆ ਕਿ ਗੈਸ ਦੇ ਟੈਕਾਂ ਨਾਲ ਭਰਿਆ ਇਹ ਟੈਂਕਰ ਬਰਫ ’ਤੇ ਖਿਸਕਣ ਤੋਂ ਬਾਅਦ ਕਿਸੇ ਹੋਰ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਪਲਟ ਗਿਆ ਸੀ, ਜਿਸ ਕਰਕੇ ਬਾਅਦ ਵਿਚ ਗੈਸ ਨਾਲ ਭਰੇ ਟੈਂਕ ਅੱਗ ਲੱਗਣ ਕਾਰਨ ਫਟ ਗਏ ਸਨ। ਹਾਈਵੇ ਉੱਪਰ ਹੋਏ ਇਸ ਜ਼ਬਰਦਸਤ ਹਾਦਸੇ ਵਿਚ ਟੈਂਕਰ ਦੇ ਡਰਾਈਵਰ ਦਾ ਕਿਸੇ ਤਰ੍ਹਾਂ ਦਾ ਕੋਈ ਸਰੀਰਕ ਨੁਕਸਾਨ ਨਹੀਂ ਹੋਇਆ ਹੈ।


Share