ਨਿਊਯਾਰਕ ਦੇ ਬਰੁਕਲਿਨ ਸਬਵੇਅ ਸ਼ੂਟਿੰਗ ਦੇ ਸ਼ੱਕੀ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ

148
Share

ਫਰਿਜਨੋ, 15 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੁਝ ਦਿਨ ਪਹਿਲਾ ਨਿਊਯਾਰਕ ਦੇ ਬਰੁਕਲਿਨ ਦੇ 36 ਸਟ੍ਰੀਟ ਸਬਵੇਅ ਸਟੇਸ਼ਨ ਤੇ ਹਮਲਾਵਰ ਨੇ ਭਿਅੰਕਰ ਗੋਲੀਬਾਰੀ ਕਰਕੇ 3 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ 10 ਹੋਰ ਲੋਕਾਂ ਨੂੰ ਗੰਭੀਰ ਜਖਮੀ ਕਰ ਦਿੱਤਾ ਸੀ। ਇਸ ਸਬੰਧ ਵਿੱਚ ਪੁਲਿਸ ਮੁਲਜ਼ਮ ਦੀ ਗ੍ਰਿਫ਼ਤਾਰੀ ਨੂੰ ਲੈਕੇ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਸੀ। ਇਸੇ ਸਾਰੇ ਦੇ ਚੱਲਦਿਆਂ ਪੁਲਿਸ ਨੇ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਅਮਰੀਕਾ ਵਿਚ ਨਿਊਯਾਰਕ ਦੇ ਬਰੁਕਲਿਨ ਸਬਵੇ ‘ਤੇ ਗੋਲੀਬਾਰੀ ਦੀ ਘਟਨਾ ਦੇ ਦੋਸ਼ੀ ਫਰੈਂਕ ਜੇਮਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਦੇ ਕਰੀਬ 30 ਘੰਟਿਆਂ ਬਾਅਦ ਜੇਮਸ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ। ਜੇਮਸ ਨੇ ਖੁਦ ਹੀ ਮੈਨਹਟਨ ਦੇ ਲੋਅਰ ਈਸਟ ਸਾਈਡ ‘ਤੇ ਮੈਕਡੋਨਲਡਜ਼ ਦੇ ਨੇੜੇ ਹੋਣ ਦੀ ਪੁਲਿਸ ਨੂੰ ਟਿੱਪ ਦਿੱਤੀ ਸੀ। ਜੇਮਸ ਨੇ ਘਟਨਾ ਤੋਂ ਪਹਿਲਾਂ ਨਸਲਵਾਦ, ਹਿੰਸਾ ਅਤੇ ਮਾਨਸਿਕ ਬਿਮਾਰੀ ਨਾਲ ਆਪਣੇ ਸੰਘਰਸ਼ ਦੇ ਬਾਰੇ ਵਿਚ ਕਈ ਵੀਡੀਓ ਆਪਣੇ ਯੂਟਿਊਬ ਚੈਨਲ ‘ਤੇ ਸਾਂਝੀਆਂ ਕੀਤੀਆਂ ਸਨ। ਪੁਲਸ ਨੂੰ ਅਜੇ ਤੱਕ ਉਸ ਦੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਉਚਿਤ ਮਕਸਦ ਪਤਾ ਨਹੀਂ ਲੱਗ ਸਕਿਆ ਹੈ। ਇਕ ਵੀਡੀਓ ਵਿਚ ਜੇਮਸ ਨੇ ‘ਕਿਆਮਤ ਦੇ ਪੈਗੰਬਰ’ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ, ‘ਇਸ ਰਾਸ਼ਟਰ ਦਾ ਜਨਮ ਹਿੰਸਾ ਨਾਲ ਹੋਇਆ ਸੀ, ਇਸ ਨੂੰ ਹਿੰਸਾ ਜਾਂ ਇਸ ਦੇ ਖ਼ਤਰੇ ਵਿਚ ਜ਼ਿੰਦਾ ਰੱਖਿਆ ਗਿਆ ਅਤੇ ਇਹ ਹਿੰਸਾ ਨਾਲ ਹੀ ਖ਼ਤਮ ਹੋਵੇਗਾ।’ ਜੇਮਸ ਨੇ ਸਬਵੇਅ ਵਿੱਚ ਬਹੁਤ ਸਾਰੇ ਬੇਘਰੇ ਲੋਕਾਂ ਬਾਰੇ ਵੀ ਸ਼ਿਕਾਇਤ ਕੀਤੀ ਸੀ ਅਤੇ ਇਸ ਲਈ  ਨਿਊਯਾਰਕ ਸਿਟੀ ਦੇ ਮੇਅਰ ਨੂੰ ਦੋਸ਼ੀ ਠਹਿਰਾਇਆ ਸੀ। ਉਸਨੇ 27 ਮਾਰਚ ਨੂੰ ਇੱਕ ਵੀਡੀਓ ਵਿੱਚ ਕਿਹਾ ਸੀ, “ਤੁਸੀਂ ਕੀ ਕਰ ਰਹੇ ਹੋ ਭਾਈ? ਮੈਂ ਜਿੱਥੇ ਵੀ ਜਾਂਦਾ ਹਾਂ ਬੱਸ, ਬੇਘਰ ਲੋਕਾਂ ਨੂੰ ਵੇਖਦਾ ਹਾਂ। ਇਹ ਬਹੁਤ ਗਲਤ ਹੈ, ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ।” ਜੇਮਜ਼ ਨੇ 6 ਅਪ੍ਰੈਲ ਦੀ ਵੀਡੀਓ ‘ਚ ਗੈਰ-ਗੌਰੇ ਲੋਕਾਂ ਨਾਲ ਹੋ ਰਹੇ ਸਲੂਕ ਦੀ ਸ਼ਿਕਾਇਤ ਵੀ ਕੀਤੀ ਸੀ।

Share