ਨਿਊਯਾਰਕ ਦੀ ਸੁਪਰ ਮਾਰਕਿਟ ਵਿਚ ਮਾਰੇ ਗਏ ਸਾਰੇ 10 ਜਣੇ ਤੇ ਜ਼ਖਮੀ ਹੋਏ 3 ਸਿਆਹ ਫਿਆਮ ਸਨ-ਪੁਲਿਸ ਕਮਿਸ਼ਨਰ

65
Share

* ਗੋਰੇ ਦੋਸ਼ੀ ਵਿਰੁੱਧ ਹੱਤਿਆਵਾਂ ਦਾ ਮਾਮਲਾ ਦਰਜ* ਸਥਾਨਕ ਲੋਕਾਂ ਵੱਲੋਂ ਘਟਨਾ ਵਿਰੁੱਧ ਮਾਰਚ,ਇਕਜੁੱਟਤਾ ਦਾ ਸੱਦਾ

ਸੈਕਰਾਮੈਂਟੋ 16 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਯਾਰਕ ਨੇੜੇ ਬੁਫੈਲੋ ਸ਼ਹਿਰ ਦੇ ਨੀਮ ਸ਼ਹਿਰੀ ਖੇਤਰ ਵਿਚ ਸਥਿੱਤ ਸੁਪਰ ਮਾਰਕਿਟ ਵਿਚ ਬੀਤੇ ਦਿਨ ਇਕ ਬੰਦੂਕਧਾਰੀ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਮਰਨ ਵਾਲੇ ਸਾਰੇ 10 ਲੋਕ ਤੇ ਜ਼ਖਮੀ ਹੋਏ 3 ਜਣੇ ਸਿਆਹ ਫਿਆਮ ਸਨ ਤੇ ਸ਼ੱਕੀ ਦੋਸ਼ੀ ਗੋਰਾ ਸੀ ਜਿਸ ਨੂੰ ਮੌਕੇ ਉਪਰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਪ੍ਰਗਟਾਵਾ ਬੁਫੈਲੋ ਦੇ ਪੁਲਿਸ ਕਮਿਸ਼ਨਰ ਜੋਸਫ ਗਰਾਮਗਲੀਆ ਨੇ ਕੀਤਾ ਹੈ। ਸ਼ੱਕੀ ਦੋਸ਼ੀ ਨੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੂੰ ਚੁਣ ਚੁਣ ਕੇ ਮਾਰਿਆ। ਉਹ ਓਦੋਂ ਤੱਕ ਲੋਕਾਂ ਨੂੰ ਮਾਰਦਾ ਰਿਹਾ ਜਦੋਂ ਤੱਕ ਪੁਲਿਸ ਮੌਕੇ ਉਪਰ ਨਹੀਂ ਪੁੱਜੀ। ਪੁਲਿਸ ਦੇ ਮੌਕੇ ਉਪਰ ਪਹੁੰਚਣ ‘ਤੇ ਉਸ ਨੇ ਤੁਰੰਤ ਆਪਣਾ ਹੈਲਮਟ ਲਾਹਿਆ, ਆਪਣੀ ਬੰਦੂਕ ਹੇਠਾਂ ਰਖੀ ਤੇ  ਆਤਮ ਸਮਰਪਣ ਕਰ ਦਿੱਤਾ।

ਨਸਲੀ ਹਿੰਸਕ ਅੱਤਵਾਦ- ਪੁਲਿਸ ਨੇ ਇਸ ਨੂੰ ਨਸਲੀ ਹਮਲਾ ਕਰਾਰ ਦਿੱਤਾ ਹੈ ਜਦ ਕਿ ਐਫ ਬੀ ਆਈ ਨਫਰਤੀ ਅਪਰਾਧ ਤੇ ਨਸਲੀ ਹਿੰਸਕ ਅਤਿਵਾਦ ਦੇ ਨਜ਼ਰੀਏ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਕਮਿਸ਼ਨਰ ਜੋਸਫ ਗਰਾਮਗਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸ਼ੱਕੀ 18 ਸਾਲਾ ਪੇਟੋਨ ਗਨਡਰੋਨ ਵਿਰੁੱਧ ਹੱਤਿਆਵਾਂ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੌਰਾਨ ਉਸ ਵਿਰੁੱਧ ਹੋਰ ਦੋਸ਼ ਲਾਏ ਜਾਣ ਦੀ ਸੰਭਾਵਨਾ ਮੌਜੂਦ ਹੈ। ਉਨਾਂ ਹੋਰ ਕਿਹਾ ਕਿ ਮਾਰ ਗਏ ਤੇ ਜ਼ਖਮੀ ਹੋਏ ਸਾਰੇ ਲੋਕਾਂ ਦੀ ਪਛਾਣ ਕਰ ਲਈ ਗਈ ਹੈ ਤੇ ਸਬੰਧਤ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸ਼ੱਕੀ ਦੋਸ਼ੀ ਦਾ ਪਰਿਵਾਰ ਪੁਲਿਸ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ। ਬੁਫੈਲੋ ਦੇ ਮੇਅਰ ਬਾਈਰਨ ਬਰਾਊਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੱਕੀ ਦੋਸ਼ੀ ਵਧ ਤੋਂ ਵਧ ਸਿਆਹ ਫਿਆਮ ਲੋਕਾਂ ਨੂੰ ਮਾਰਨਾ ਚਹੁੰਦਾ ਸੀ। ਉਹ ਇਸੇ ਇਰਾਦੇ ਨਾਲ ਟਾਪ ਫਰੈਂਡਲੀ ਸੁਪਰ ਮਾਰਕਿਟ ਵਿਚ ਦਾਖਲ ਹੋਇਆ ਸੀ। ਇਥੇ ਜਿਕਰਯੋਗ ਹੈ ਕਿ ਪਿਛਲੇ ਸਾਲ ਗਨਡਰੋਨ ਨੇ ਆਪਣੇ ਹਾਈ ਸਕੂਲ ਵਿਚ ਹਮਲਾ ਕਰਨ ਦੀ ਧਮਕੀ ਦਿੱਤੀ ਸੀ ਜਿਸ ਉਪਰੰਤ ਉਸ ਦੀ ਮਾਨਸਿਕ ਸਿਹਤ ਸਬੰਧੀ ਜਾਂਚ ਕਰਵਾਉਣ ਲਈ ਕਿਹਾ  ਗਿਆ ਸੀ।

ਸਥਾਨਕ ਲੋਕਾਂ ਵੱਲੋਂ ਪ੍ਰਦਰਸ਼ਨ- ਘਟਨਾ ਤੋਂ ਬਾਅਦ ਗੋਲੀਬਾਰੀ ਵਾਲੇ ਸਥਾਨ ਨੇੜੇ ਸਥਾਨਕ ਲੋਕਾਂ ਤੇ ਮਾਨਵੀ ਅਧਿਕਾਰਾਂ  ਨਾਲ  ਜੁੜੇ ਗਰੁੱਪਾਂ ਨੇ ਮਾਰਚ ਕੱਢਿਆ ਜਿਸ ਵਿਚ ਸਾਰੇ ਭਾਈਚਾਰਿਆਂ ਨਾਲ ਸਬੰਧਤ ਲੋਕ ਸ਼ਾਮਿਲ ਹੋਏ। ਇਸ ਮੌਕੇ ਬੁਫੈਲੋ ਐਨ ਏ  ਏ ਸੀ ਪੀ ਦੇ ਪ੍ਰਧਾਨ ਮਾਰਕ ਬਲਿਊ ਸਮੇਤ ਵੱਖ ਵੱਖ ਬੁਲਾਰਿਆਂ ਨੇ ਸਾਰੀਆਂ ਨਸਲਾਂ  , ਜਾਤਾਂ ਤੇ ਧਰਮਾਂ ਦੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਸਮਾਜ ਵਿਚ ਵੰਡੀਆਂ ਪਾਉਣ ਵਾਲੇ ਲੋਕਾਂ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਤੇ ਅਜਿਹੇ ਲੋਕਾਂ ਦੀ ਸਮਾਜ ਵਿਚ ਕੋਈ ਥਾਂ ਨਹੀਂ ਹੈ। ਬਲਿਊ ਨੇ ਕਿਹਾ ਕਿ ਇਸ ਘਿਣਾਉਣੇ ਨਸਲਵਾਦੀ ਹਮਲੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਹੌਸਲਾ ਦਿੱਤਾ ਜਾਵੇ ਤੇ ਉਨਾਂ ਦੇ ਨਾਲ ਖੜੋਤਾ ਜਾਵੇ।

ਕੈਪਸ਼ਨ : ਪੁਲਿਸ ਕਮਿਸ਼ਨਰ ਜੋਸਫ ਗਰਾਮਗਲੀਆ ਘਟਨਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤੇ ਨਾਲ ਦੀ ਤਸਵੀਰ ਵਿਚਮਾਰੇ ਗਏ ਲੋਕਾਂ ਦੀ ਯਾਦ ਵਿਚ ਹੋਈ ਇਕ ਪ੍ਰਾਰਥਨਾ ਸਭਾ ਵਿਚ ਵਿਲਕਦੀ ਹੋਈ ਇਕ ਔਰਤ


Share