ਨਿਊਯਾਰਕ ਤੇ ਵਾਸ਼ਿੰਗਟਨ ’ਚ 5 ਬੇਘਰੇ ਲੋਕਾਂ ਨੂੰ ਗੋਲੀਆਂ ਮਾਰਨ ਵਾਲਾ ਗਿ੍ਰਫਤਾਰ

287
Share

ਸੈਕਰਾਮੈਂਟੋ, 16 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਬੀਤੇ ਦੋ ਹਫਤਿਆਂ ਦੌਰਾਨ ਨਿਊਯਾਰਕ ਤੇ ਵਾਸ਼ਿੰਗਟਨ ਡੀ.ਸੀ. ਵਿਚ ਵੱਖ-ਵੱਖ ਥਾਵਾਂ ’ਤੇ ਸੁੱਤੇ ਪਏ ਬੇਘਰੇ ਵਿਅਕਤੀਆਂ ਉਪਰ ਗੋਲੀਆਂ ਚਲਾਉਣ ਵਾਲੇ ਸ਼ੱਕੀ ਦੋਸ਼ੀ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ, ਜਿਸ ਦੀ ਪਛਾਣ ਗਰਾਲਡ ਬਰੀਵਰਡ ਵਜੋਂ ਹੋਈ ਹੈ। ਮੈਟਰੋਪੋਲੀਟਨ ਪੁਲਿਸ ਮੁੱਖੀ ਰਾਬਰਟ ਕੋਨਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੀ.ਸੀ. ਵਾਸੀ 30 ਸਾਲਾ ਬਰੀਵਰਡ ਵਿਰੁੱਧ ਫਸਟ ਡਿਗਰੀ ਹੱਤਿਆ, ਹੱਤਿਆ ਦੀ ਕੋਸ਼ਿਸ ਤੇ ਖਤਰਨਾਕ ਹਥਿਆਰ ਰੱਖਣ ਸਮੇਤ ਹੋਰ ਕਈ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ੱਕੀ ਦੋਸ਼ੀ ਵੱਲੋਂ ਵਰਤਿਆ ਗਿਆ ਅਗਨ ਸ਼ਸ਼ਤਰ ਅਜੇ ਬਰਾਮਦ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਏ.ਟੀ.ਐੱਫ. ਦੀ ਟੀਮ ਨੇ ਸ਼ੱਕੀ ਦੋਸ਼ੀ ਨੂੰ ਪੈਨਸਿਲਵਾਨੀਆ ਐਵਨਿਊ ਪੁਲ ਨੂੰ ਪੈਦਲ ਪਾਰ ਕਰਦਿਆਂ ਵੇਖਿਆ, ਜਿਥੋਂ ਉਹ ਨਾਲ ਲੱਗਦੇ ਗੈਸ ਸਟੇਸ਼ਨ ਵੱਲ ਨੂੰ ਗਿਆ, ਜਿਥੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਅਨੁਸਾਰ ਸ਼ੱਕੀ ਦੋਸ਼ੀ ਦਾ ਬੇਘਰੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਮਕਸਦ ਸਪੱਸ਼ਟ ਨਹੀਂ ਹੋ ਸਕਿਆ। ਇਨ੍ਹਾਂ ਹਮਲਿਆਂ ਵਿਚ ਦੋ ਵਿਅਕਤੀ ਮਾਰੇ ਗਏ ਸਨ ਤੇ 3 ਹੋਰ ਜ਼ੇਰੇ ਇਲਾਜ ਹਨ। ਮਾਰੇ ਗਏ ਵਿਅਕਤੀਆਂ ਵਿਚੋਂ ਇਕ ਦਾ ਨਾਂ ਮੋਰਗਨ ਹੋਲਮਸ ਹੈ, ਜਿਸ ਦੀ ਉਮਰ 54 ਸਾਲ ਦੇ ਕਰੀਬ ਸੀ, ਜਦਕਿ ਮਾਰੇ ਗਏ ਦੂਸਰੇ ਵਿਅਕਤੀ ਦਾ ਨਾਂ ਪੁਲਿਸ ਨੇ ਜਨਤਕ ਨਹੀਂ ਕੀਤਾ ਹੈ। ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਗੋਲੀ ਚੱਲਣ ਦੀਆਂ ਸਾਰੀਆਂ 5 ਘਟਨਾਵਾਂ ’ਚ ਇਕੋ ਗੰਨ ਵਰਤੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਪੁਲਿਸ ਨੇ ਸ਼ੱਕੀ ਦੋਸ਼ੀ ਦੀ ਗਿ੍ਰਫਤਾਰੀ ਲਈ ਸੂਹ ਦੇਣ ਵਾਲੇ ਨੂੰ 55000 ਡਾਲਰ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ।

Share