ਨਿਊਯਾਰਕ ਟਾਈਮਜ਼ ਨੇ ਅਮਰੀਕਾ ‘ਚ ਸਿੱਖਾਂ ਵੱਲੋਂ ਕੀਤੀ ਜਾ ਰਹੀ ਲੰਗਰ ਸੇਵਾ ਦੀ ਕੀਤੀ ਪ੍ਰਸ਼ੰਸਾ

906
Share

ਨਿਊਯਾਰਕ, 10 ਜੂਨ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਸੰਸਾਰ ਦੀ ਪ੍ਰਸਿੱਧ ਅਖਬਾਰ ਨਿਊਯਾਰਕ ਟਾਈਮਜ਼ ਨੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨਾਂ ‘ਚ ਤਿਆਰ ਹੁੰਦੇ ਲੰਗਰਾਂ ਉੱਤੇ ਇਕ ਸਟੀਕ ਰਿਪੋਰਟ ਤਿਆਰ ਕਰਕੇ 8 ਜੂਨ ਨੂੰ ਛਾਪੀ ਹੈ, ਜੋ ਸਾਰੀ ਦੁਨੀਆਂ ਦੇ ਸਿੱਖ ਹਲਕਿਆਂ ‘ਚ ਚਰਚਾ ਦਾ ਵਿਸ਼ਾ ਬਣੀ ਹੈ। ਇਸ ਲਿਖਤ ‘ਚ ਅਖਬਾਰ ਨੇ ਅਮਰੀਕਾ ਦੇ ਹਰ ਕੋਨੇ ਦੇ ਗੁਰਦੁਆਰਾ ਸਾਹਿਬ ਤੱਕ ਪਹੁੰਚ ਕਰਕੇ ਉਨ੍ਹਾਂ ਕੋਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਉਨ੍ਹਾਂ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ ਕਿ ਉਹ ਕਿਸ ਕਿਸਮ ਦੀ ਸੇਵਾ ਕਰ ਰਹੇ ਹਨ। ਜਵਾਬ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸੇਵਾਦਾਰਾਂ ਨੇ ਵਿਸਥਾਰ ਨਾਲ ਦੱਸਿਆ ਹੈ ਕਿ ਉਹ ਕਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਲੋਕਾਂ ਵਾਸਤੇ ਵੱਡੇ ਰੂਪ ਵਿਚ ਲੰਗਰ ਤਿਆਰ ਕਰਕੇ ਵੰਡ ਰਹੇ ਹਨ। ਇਹ ਲੰਗਰ ਪੈਕੇਟ ਰੂਪ ‘ਚ ਹਨ ਤੇ ਖਾਣ ਵਾਸਤੇ ਤਿਆਰ ਹੁੰਦੇ ਹਨ, ਜਿਸ ਵਿਚ ਸ਼ਾਕਾਹਾਰੀ ਖਾਣੇ ਭਾਵ, ਰਾਜਮਾਂਹ, ਚੌਲ, ਮਟਰ, ਪਨੀਰ, ਦਾਲ, ਖੀਰ, ਪੀਜ਼ੇ, ਬਰਗਰ, ਪਾਸਤਾ, ਟਾਕੋ, ਪਾਣੀ ਤੇ ਸੋਡਾ ਵਗੈਰਾ ਬਹੁਤ ਪੌਸ਼ਟਿਕ ਖਾਣਾ ਹੁੰਦਾ ਹੈ। ਤੇ ਹੁਣ ਤੱਕ ਲੱਖਾਂ ਦੀ ਗਿਣਤੀ ‘ਚ ਖਾਣਾ ਵੰਡਿਆ ਜਾ ਚੁੱਕਾ ਹੈ। ਹਰ ਧਰਮ ਦੇ ਲੋਕ ਖਾਣਾ ਆਪ ਵੀ ਲੈ ਕੇ ਜਾ ਰਹੇ ਹਨ ਤੇ ਜਿਹੜੇ ਨਹੀਂ ਪਹੁੰਚ ਸਕਦੇ, ਉਨ੍ਹਾਂ ਤੱਕ ਖਾਣਾ ਪਹੁੰਚਾਇਆ ਜਾਂਦਾ ਹੈ।  ਫੋਨ ਕਾਲਾਂ ਦੁਆਰਾ ਵੀ ਖਾਣਾ ਕੋਰੀਅਰ ਵਾਂਗ ਵੰਡਿਆ ਜਾ ਰਿਹਾ ਹੈ। ਸਵੇਰੇ ਚਾਰ ਵਜੇ ਸੇਵਾਦਾਰ ਗੁਰਦੁਆਰਾ ਸਾਹਿਬ ਆ ਕੇ ਖਾਣਾ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ, ਦਸਤਾਨੇ ਦੇ ਮਾਸਕ ਵਰਤੇ ਜਾਂਦੇ ਹਨ, ਤਾਂ ਕਿ ਕਰੋਨੇ ਤੋਂ ਬਚਾਅ ਰਹੇ। ਅਖਬਾਰ ਨੇ ਇਹ ਵੀ ਲਿਖਿਆ ਹੈ ਕਿ ਲੰਗਰ ਮੁਫਤ ਵੰਡਣ, ਵਰਤਉਣ, ਛਕਾਉਣ ਦੇ ਸਿਧਾਂਤ ਦੀ ਪਾਲਣਾ ਸਿੱਖ ਧਰਮ ਜਿੰਨੀ ਹੀ ਪੁਰਾਣੀ ਹੈ, ਜੋ 550 ਸਾਲ ਪੁਰਾਣਾ ਹੈ ਤੇ ਲੰਗਰਾਂ ਵਾਸਤੇ ਰਸਦ ਸੰਗਤਾਂ ਦੇ ਦਾਨ ਰਾਹੀਂ ਚੱਲਦੀ ਹੈ ਤੇ ਹਰ ਸਿੱਖ ਆਪਣੀ ਆਮਦਨ ਦਾ ਦੱਸਵਾਂ ਹਿੱਸਾ ਗੁਰਦੁਆਰਾ ਸਾਹਿਬ ਭੇਂਟ ਕਰਦਾ ਹੈ।
ਜਿਹੜੇ ਗੁਰਦੁਆਰਾ ਸਾਹਿਬਾਨਾਂ ਨਾਲ ਪੱਤਰਕਾਰ ਬੀਬੀ ਪ੍ਰਿਯਾ ਕ੍ਰਿਸ਼ਨਾ ਨੇ ਸੰਪਰਕ ਕੀਤਾ, ਉਨ੍ਹਾਂ ਵਿਚ ਗੁਰਦੁਆਰਾ ਸਾਹਿਬ ਫਰੀਮਾਂਟ (ਕੈਲੀਫੋਰਨੀਆ), ਗੁਰਦੁਆਰਾ ਕੁਇਨਜ਼ ਵਿਲੇਜ ਸਿੱਖ ਸੈਂਟਰ (ਨਿਊਯਾਰਕ), ਗੁਰੂ ਨਾਨਕ ਮਿਸ਼ਨ ਸੁਸਾਇਟੀ ਐਟਲਾਂਟਾ, ਖਾਲਸਾ ਕੇਅਰ ਫਾਊਂਡੇਸ਼ਨ ਪਾਕੋਇਮਾ (ਲਾਸ ਏਂਜਲਸ), ਨਾਰਵਿਕ ਕਨੈਕਟੀਕਟ, ਗੁਰਦੁਆਰਾ ਸੱਚਾ ਮਾਰਗ ਸਾਹਿਬ ਸਿਆਟਲ ਵਾਸ਼ਿੰਗਟਨ, ਹੈਸੀਆਂਡਾ ਡੀ ਗੁਰੂ ਰਾਮਦਾਸ ਐਸਪਾਨੋਲਾ, ਗੁਰੂ ਰਾਮਦਾਸ ਗੁਰਦੁਆਰਾ ਵੈਨਕੂਵਰ ਵਾਸ਼ਿੰਗਟਨ, ਗੁਰਦੁਆਰਾ ਸਾਹਿਬ ਰਿਵਰਸਾਇਡ (ਕੈਲੀਫੋਰਨੀਆ), ਸਿੰਘ ਸਭਾ ਮਿਸ਼ੀਗਨ, ਸਿੱਖ ਸੁਸਾਇਟੀ ਆਫ ਸੈਂਟਰ ਫਲੋਰੀਡਾ ਆਦਿ। ਸਿੱਖ ਸੰਸਥਾਵਾਂ ਵਿਚ ਵਰਲਡ ਸਿੱਖ ਪਾਰਲੀਮੈਂਟ ਨਿਊਯਾਰਕ, ਯੂਨਾਈਟਿਡ ਸਿੱਖਸ, ਸਿੱਖ ਕੋਲੀਸ਼ਨ, ਯੂਨਾਈਟਿਡ ਸਿੱਖ ਮਿਸ਼ਨ ਰਿਵਰਸਾਇਡ ਕੈਲੀਫੋਰਨੀਆ, ਖਾਲਸਾ ਸਕੂਲ ਰਿਵਰਸਾਇਡ ਕੈਲੀਫੋਰਨੀਆ ਆਦਿ। ਨਿਊਯਾਰਕ ਟਾਈਮਜ਼ ਨੇ ਵਿਸ਼ੇਸ਼ ਤੌਰ ‘ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਉਥੇ ਲੰਗਰਾਂ ‘ਚ ਇਕ ਲੱਖ ਸੰਗਤ ਰੋਜ਼ਾਨਾ ਲੰਗਰ ਛਕਦੀ ਹੈ।
ਜਿਨ੍ਹਾਂ ਪ੍ਰਮੁੱਖ ਪ੍ਰਬੰਧਕਾਂ ਨਾਲ ਨਿਊਯਾਰਕ ਟਾਈਮਜ਼ ਨੇ ਗੱਲਬਾਤ ਕੀਤੀ, ਉਨਾਂ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਵਰਲਡ ਸਿੱਖ ਪਾਰਲੀਮੈਂਟ ਦੇ ਹਿੰਮਤ ਸਿੰਘ, ਸੰਤੋਖ ਸਿੰਘ ਢਿੱਲੋਂ, ਸੱਤਜੀਤ ਕੌਰ, ਗੁਰਜੀਵ ਕੌਰ, ਕਿਰਨ ਸਿੰਘ, ਸਵਰਨਜੀਤ ਸਿੰਘ ਖਾਲਸਾ ਨੇ ਖਾਸ ਤੌਰ ‘ਤੇ ਕਿਹਾ ਕਿ ਭਾਰਤ ਵਿਚ ਬਹੁਤ ਸਾਰੇ ਸਿੱਖ ਪੁਲਿਸ ਨੇ ਮਾਰ ਦਿੱਤੇ, ਜਦ ਉਹ ਆਪਣੇ ਅਧਿਕਾਰਾਂ ਵਾਸਤੇ ਸੰਘਰਸ਼ ਕਰ ਰਹੇ ਸਨ, ਹਰਿਮੰਦਰ ਖਾਲਸਾ, ਗੁਰਪ੍ਰੀਤ ਸਿੰਘ, ਤੇਜਕਿਰਨ ਸਿੰਘ, ਅਮਿਤ ਪਾਲ ਸਿੰਘ, ਚਰਨਜੀਤ ਸਿੰਘ ਆਦਿ।
ਮਹਾਂਮਾਰੀ ਤੋਂ ਇਲਾਵਾ ‘ਬਲੈਕ ਲਾਈਫ ਮੈਟਰਜ਼’ ਦੈ ਬੈਨਰ ਹੇਠ ਪੂਰੇ ਅਮਰੀਕਾ ‘ਚ ਹੁੰਦੇ ਰੋਸ ਪ੍ਰਦਰਸ਼ਨਾਂ ‘ਚ ਵੀ ਸਿੱਖ ਹਜ਼ਾਰਾਂ ਦੀ ਗਿਣਤੀ ‘ਚ ਲੰਗਰਾਂ ਤੇ ਪਾਣੀ ਦੀ ਸੇਵਾ ਕਰ ਰਹੇ ਹਨ। ਤੇ ਕਹਿ ਰਹੇ ਹਨ ਕਿ ਜੇ ਲੰਗਰ ਛਕਣ ਵਾਲਿਆਂ ਦੀ ਗਿਣਤੀ ਇਸ ਤੋਂ ਵਧ ਵੀ ਜਾਵੇ, ਤਾਂ ਵੀ ਉਹੇ ਸਭ ਨੂੰ ਲੰਗਰਾਂ ਦੀ ਸੇਵਾ ਕਰਨਗੇ ਤੇ ਇਹ ਸੇਵਾ ਵਿਖਾਵੇ ਲਈ ਨਹੀਂ ਹੈ, ਬਲਕਿ ਸੇਵਾ ਇਕ ਭਗਤੀ ਵਾਂਗ ਹੈ ਤੇ ਨਿਰਸੁਆਰਥ ਸੇਵਾ ਭਾਵਨਾ ਹੈ, ਜਿਸ ਵਿਚ ਰੰਗ-ਭੇਦ, ਨਸਲ, ਊਚ-ਨੀਚ ਦਾ ਕੋਈ ਭਿੰਨ-ਭੇਦ ਨਹੀਂ ….. ਲੰਗਰ ਹਰ ਇਕ ਵਾਸਤੇ। ਅਜਿਹੀਆਂ ਰਿਪੋਰਟਾਂ ਵਿਦੇਸ਼ਾਂ ਦੇ ਸਿੱਖਾਂ ਦਾ ਮਨੋਬਲ ਤੇ ਜਜ਼ਬਾ ਵਧਾਉਂਦੀਆਂ ਹਨ ਤੇ ਮਨੁੱਖਤਾ ਦੀ ਸੇਵਾ ਦਾ ਹੋਰ ਮਾਦਾ ਪੈਦਾ ਕਰਦੀਆਂ ਹਨ। ਇਸ ਨਾਲ ਸਿੱਖ ਧਰਮ ਦੇ ਗੁਣਾਂ ਦੀ ਕਦਰ ਪੈਂਦੀ ਹੈ।


Share