ਨਿਊਯਾਰਕ ’ਚ 2 ਸਿੱਖ ਵਿਅਕਤੀਆਂ ’ਤੇ ਹਮਲਾ ਕਰਕੇ ਕੀਤੀ ਲੁੱਟਮਾਰ: 1 ਗ੍ਰਿਫ਼ਤਾਰ

144
Share

-ਸਿੱਖ ਵਿਰੋਧੀ ਨਫਰਤ ਅਪਰਾਧ ਵਜੋਂ ਕੀਤੀ ਜਾ ਰਹੀ ਹੈ ਹਮਲਿਆਂ ਦੀ ਜਾਂਚ
-ਸਿੱਖ ਆਗੂਆਂ ਸਮੇਤ ਵੱਖ-ਵੱਖ ਅਮਰੀਕੀ ਆਗੂਆਂ ਵੱਲੋਂ ਘਟਨਾ ਦੀ ਨਿੰਦਾ
ਨਿਊਯਾਰਕ, 13 ਅਪ੍ਰੈਲ (ਪੰਜਾਬ ਮੇਲ)- ਇਥੋਂ ਦੇ ਕੁਈਨਜ਼ ਵਿਚ ਦੋ ਸਿੱਖ ਵਿਅਕਤੀਆਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਲੁੱਟ ਲਿਆ ਗਿਆ। ਇਹ ਹਮਲਾ ਸ਼ਹਿਰ ਦੇ ਉਸੇ ਇਲਾਕੇ ਵਿਚ ਹੋਇਆ, ਜਿੱਥੇ ਇਸ ਮਹੀਨੇ ਦੇ ਸ਼ੁਰੂ ਵਿਚ ਇੱਕ ਬਜ਼ੁਰਗ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ। ਨਿਊਯਾਰਕ ’ਚ ਭਾਰਤ ਦੇ ਕੌਂਸਲੇਟ ਜਨਰਲ ਨੇ ਇੱਕ ਟਵੀਟ ’ਚ ਕਿਹਾ ਕਿ ‘‘ਰਿਚਮੰਡ ਹਿਲਜ਼, ਨਿਊਯਾਰਕ ਵਿਚ ਦੋ ਸਿੱਖ ਵਿਅਕਤੀਆਂ ’ਤੇ ਹਮਲਾ’’ ਨਿੰਦਣਯੋਗ ਹੈ। ਕੌਂਸਲੇਟ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਸਥਾਨਕ ਅਧਿਕਾਰੀਆਂ ਅਤੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਦੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੌਂਸਲੇਟ ਨੇ ਕਿਹਾ ਕਿ ਉਹ ਕਮਿਊਨਿਟੀ ਮੈਂਬਰਾਂ ਦੇ ਸੰਪਰਕ ਵਿਚ ਹੈ ਅਤੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ।
ਮੰਗਲਵਾਰ ਨੂੰ ਕੁਈਨਜ਼ ਦੇ ਰਿਚਮੰਡ ਹਿੱਲ ’ਚ ਦੋ ਸਿੱਖ ਵਿਅਕਤੀਆਂ ’ਤੇ ਹਮਲਾ ਉਸ ਖੇਤਰ ਦੇ ਬਹੁਤ ਨੇੜੇ ਹੋਇਆ, ਜਿੱਥੇ 3 ਅਪ੍ਰੈਲ ਨੂੰ ਇੱਕ ਗੈਰ-ਉਕਸਾਹਟ ਦੇ ਹਮਲੇ ’ਚ ਨਿਰਮਲ ਸਿੰਘ ਨੂੰ ਮੁੱਕਾ ਮਾਰਿਆ ਗਿਆ ਸੀ। ਇਨ੍ਹਾਂ ਦੋਵਾਂ ਸਿੱਖ ਵਿਅਕਤੀਆਂ ’ਤੇ ਹਮਲਾ ਉਸੇ ਦਿਨ ਹੋਇਆ ਸੀ, ਜਦੋਂ ਬਰੁਕਲਿਨ ਸਬਵੇਅ ’ਤੇ ਗੋਲੀਬਾਰੀ ਹੋਈ ਸੀ, ਜਿਸ ਵਿਚ 16 ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਵਿਚੋਂ 10 ਨੂੰ ਗੋਲੀ ਲੱਗੀ ਸੀ ਅਤੇ 5 ਹੋਰ ਗੰਭੀਰ ਪਰ ਸਥਿਰ ਹਾਲਤ ’ਚ ਸਨ।¿;
ਤਾਜ਼ਾ ਹਮਲੇ ’ਤੇ ਟਿੱਪਣੀ ਕਰਦੇ ਹੋਏ ਕਵੀਂਸ ਬੋਰੋ ਦੇ ਪ੍ਰਧਾਨ ਡੋਨੋਵਨ ਰਿਚਰਡਜ਼ ਨੇ ਕਿਹਾ ਕਿ ਇਹ ਰਿਚਮੰਡ ਹਿੱਲ ਖੇਤਰ ਵਿਚ ‘‘ਇੱਕ ਹੋਰ ਮੁਸ਼ਕਲ ਦਿਨ’’ ਹੈ, ‘‘ਕਿਉਂਕਿ ਸਾਨੂੰ ਇੱਕ ਸਿੱਖ ਗੁਆਂਢੀ ’ਤੇ ਦੂਜੇ ਹਮਲੇ ਬਾਰੇ ਪਤਾ ਲੱਗਾ ਹੈ। ਉਸਨੇ ਕਿਹਾ ਕਿ ਉਸਦਾ ਦਫਤਰ ਨਿਆਂ ਯਕੀਨੀ ਕਰਨ ਲਈ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਵਿਚ ਹੈ। ਨਿਊਯਾਰਕ ਸਿਟੀ ਕੌਂਸਲ ਮੈਂਬਰ ਸ਼ਹਾਨਾ ਹਨੀਫ, ਜੋ ਬਰੁਕਲਿਨ ਦੀ ਨੁਮਾਇੰਦਗੀ ਕਰਦੀ ਹੈ, ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਟਵੀਟ ਕੀਤਾ।¿;
ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਵੀਡੀਓ ਫੁਟੇਜ ’ਚ 2 ਵਿਅਕਤੀਆਂ ਨੂੰ ਸਥਾਨਕ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਦੁਆਰਾ ਘਿਰਿਆ ਹੋਇਆ ਦਿਖਾਇਆ ਗਿਆ ਹੈ। ਜ਼ਖਮੀਆਂ ’ਚੋਂ ਇਕ ਵਿਅਕਤੀ ਸੜਕ ਦੇ ਕਿਨਾਰੇ ਬੈਠਾ ਹੈ, ਜਦਕਿ ਦੂਜਾ ਉਸ ਦੇ ਕੋਲ ਖੜ੍ਹਾ ਹੈ, ਉਸ ਨੇ ਆਪਣੀ ਅੱਖ ਦੇ ਨੇੜੇ ਆਪਣੀ ਸੱਟ ਨੂੰ ਕੱਪੜੇ ਨਾਲ ਢੱਕਿਆ ਹੋਇਆ ਹੈ। ਵੀਡੀਓ ’ਚ ਦੋਵੇਂ ਸਿੱਖ ਵਿਅਕਤੀ ਸਿਰ ’ਤੇ ਬਿਨਾਂ ਦਸਤਾਰ ਦੇ ਨਜ਼ਰ ਆ ਰਹੇ ਹਨ। ਨਿਊਯਾਰਕ ਪੁਲਿਸ ਡਿਪਾਰਟਮੈਂਟ ਹੇਟ ਕ੍ਰਾਈਮਜ਼ ਟਾਸਕ ਫੋਰਸ ਨੇ ਕਿਹਾ ਹੈ ਕਿ ਇੱਕ ਸ਼ੱਕੀ ਹਿਰਾਸਤ ਵਿਚ ਹੈ, ਜਦੋਂ ਕਿ ਦੂਜੇ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ। ਹਮਲਿਆਂ ਦੀ ਜਾਂਚ ਸਿੱਖ ਵਿਰੋਧੀ ਨਫਰਤ ਅਪਰਾਧ ਵਜੋਂ ਕੀਤੀ ਜਾ ਰਹੀ ਹੈ।
ਨਿਊਯਾਰਕ ਸਟੇਟ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਨਿਊਯਾਰਕ ਵਿਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧ ਬਰਦਾਸ਼ਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਸਨੇ ਦੋਵਾਂ ਹਮਲਿਆਂ ਦੀਆਂ ਘਟਨਾਵਾਂ ਤੋਂ ਬਾਅਦ ਨਿਊਯਾਰਕ ਪੁਲਿਸ ਵਿਭਾਗ ਨਾਲ ਗੱਲ ਕੀਤੀ ਸੀ ਅਤੇ ‘‘ਦੋਵਾਂ ਘਟਨਾਵਾਂ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕੀਤੇ ਜਾਣ’’ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਮੰਗ ਕਰ ਰਹੀ ਹੈ। ਉਸਨੇ ਨੋਟ ਕੀਤਾ ਕਿ ਹਾਲ ਹੀ ਦੇ ਸਾਲਾਂ ਵਿਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧਾਂ ਵਿਚ ਚਿੰਤਾਜਨਕ 200% ਵਾਧਾ ਹੋਇਆ ਹੈ। ਉਸਨੇ ਇੱਕ ਇਤਿਹਾਸਕ ਮਤਾ ਪਾਸ ਕੀਤਾ, ਜਿਸ ਤਹਿਤ ਨਿਊਯਾਰਕ ਸਟੇਟ ਨੇ ਅਪ੍ਰੈਲ ਨੂੰ ਪੰਜਾਬੀ ਮਹੀਨੇ ਵਜੋਂ ਮਾਨਤਾ ਦਿੱਤੀ ਗਈ।

Share