ਨਿਊਯਾਰਕ ’ਚ ਬਰਫ ਹੇਠ 10 ਘੰਟੇ ਤੱਕ ਫਸਿਆ ਰਿਹਾ 58 ਸਾਲਾਂ ਬਜ਼ੁਰਗ

196
Share

ਫਰਿਜ਼ਨੋ, 20 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਨਿਊਯਾਰਕ ਸ਼ਹਿਰ ਵਿਚ ਭਾਰੀ ਬਰਫਬਾਰੀ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਇਸ ਬਰਫੀਲੇ ਤੂਫਾਨ ਨੇ ਸੜਕਾਂ ਉੱਪਰ ਬਰਫ ਦੀ ਮੋਟੀ ਚਾਦਰ ਵਿਛਾ ਕੇ ਆਵਾਜਾਈ ਨੂੰ ਵੀ ਬੰਦ ਕਰਨ ਲਈ ਮਜਬੂਰ ਕੀਤਾ। ਇਸੇ ਭਾਰੀ ਬਰਫਬਾਰੀ ਦੌਰਾਨ ਪੁਲਿਸ ਨੇ ਵੀਰਵਾਰ ਨੂੰ ਨਿਊਯਾਰਕ ਵਿਚ 10 ਘੰਟਿਆਂ ਤੋਂ ਬਰਫ ਹੇਠ ਕਾਰ ਵਿਚ ਫਸੇ ਹੋਏ ਇੱਕ 58 ਸਾਲਾਂ ਵਿਅਕਤੀ ਨੂੰ ਬਚਾਇਆ ਹੈ। ਨਿਊਯਾਰਕ ਪੁਲਿਸ ਦੇ ਇੱਕ ਬਿਆਨ ਅਨੁਸਾਰ ਕੇਵਿਨ ਕ੍ਰੇਸਨ, ਜੋ ਨਿਊਯਾਰਕ ਦੇ ਕੈਂਡੋਰ ਦਾ ਰਹਿਣ ਵਾਲਾ ਹੈ, ਨੇ ਬੀਤੇ ਹਫਤੇ ਬੁੱਧਵਾਰ ਰਾਤ ਨੂੰ ਬਰਫਬਾਰੀ ਦੌਰਾਨ ਸੜਕ ’ਤੇ ਆਪਣੀ ਕਾਰ ਵਿਚ ਫਸਣ ਤੋਂ ਬਾਅਦ ਕਈ ਵਾਰ 911 ’ਤੇ ਸੰਪਰਕ ਕੀਤਾ। ਇਸ ਦੌਰਾਨ ਅਧਿਕਾਰੀ ਸ਼ੁਰੂਆਤੀ ਤੌਰ ’ਤੇ ਭਾਰੀ ਬਰਫ ਪੈਣ ਕਰਕੇ ਵਾਹਨ ਦਾ ਪਤਾ ਲਗਾਉਣ ਵਿਚ ਨਾਕਾਮਯਾਬ ਹੋਏ ਪਰ ਬਾਅਦ ਵਿਚ ਜਦੋਂ ਜ਼ੋਨ ਸਾਰਜੈਂਟ ਜੇਸਨ ਕਾਵਲੇ ਓਵੇਗੋ ਦੁਆਰਾ ਕਸਬੇ ਵਿਚ ਮੇਲ ਬਾਕਸਾਂ ਦੀ ਇੱਕ ਲੜੀ ਦੇ ਪਤੇ ਦੀ ਜਾਂਚ ਕਰਨ ਸਮੇਂ ਬਰਫ਼ ਦੀ ਖੁਦਾਈ ਦੌਰਾਨ ਇੱਕ ਕਾਰ ਦੇ ਸ਼ੀਸ਼ੇ ਨੂੰ ਵੱਜੀ ਟੱਕਰ ਨਾਲ ਕ੍ਰੇਸਨ ਦੀ ਜਾਣਕਾਰੀ ਮਿਲੀ। ਇਸ ਦੌਰਾਨ ਕ੍ਰੇਸਨ ਨੇ ਪੁਲਿਸ ਨੂੰ ਦੱਸਿਆ ਕਿ ਬਰਫਬਾਰੀ ਨੇ ਉਸਦੀ ਕਾਰ ਨੂੰ ਕਰੀਬ 4 ਫੁੱਟ ਤੱਕ ਬਰਫ ਹੇਠਾਂ ਦੱਬ ਦਿੱਤਾ ਸੀ ਅਤੇ ਉਹ ਲੱਗਭਗ 10 ਘੰਟਿਆਂ ਤੋਂ ਬਿਨਾਂ ਹੀਟ ਦੇ ਵੱਧ ਸਮੇਂ ਲਈ ਕਾਰ ਵਿਚ ਹੀ ਫਸਿਆ ਹੋਇਆ ਸੀ। ਇਸ ਘਟਨਾ ਨਾਲ ਕ੍ਰੇਸਨ ਦੇ ਜ਼ਬਰਦਸਤ ਠੰਡ ਤੋਂ ਪੀੜਤ ਕਾਰਨ ਅਧਿਕਾਰੀਆਂ ਵੱਲੋਂ ਇਲਾਜ ਲਈ ਨੇੜਲੇ ਬਿੰਗਹੈਮਟਨ ਦੇ ਲੌਰਡਜ਼ ਹਸਪਤਾਲ ਲਿਜਾਇਆ ਗਿਆ। ਮੌਸਮ ਵਿਗਿਆਨੀਆਂ ਅਨੁਸਾਰ ਓਵੇਗੋ ਦੇ ਆਸਪਾਸ ਦਾ ਇਲਾਕਾ ਤੂਫਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਅਤੇ ਇਸ ਖੇਤਰ ਨੇ 40 ਇੰਚ ਤੋਂ ਜ਼ਿਆਦਾ ਬਰਫ ਨਾਲ ਰਿਕਾਰਡ ਤੋੜੇ ਹਨ। ਇਸਦੇ ਇਲਾਵਾ ਸੂਬੇ ਵਿਚ ਪੁਲਿਸ ਨੇ ਤੂਫਾਨ ਦੇ ਬਾਅਦ 600 ਤੋਂ ਵੱਧ ਹਾਦਸਿਆਂ ਨੂੰ ਦਰਜ਼ ਕੀਤਾ, ਜਿਸ ਨਾਲ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਵੀ ਹੋਈ ਹੈ।

Share